- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਭ ਤੋਂ ਵੱਡੀ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੋਕਾਂ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸਿਆਸੀ ਨਜ਼ਰੀਏ ’ਚ ਸਿਰਫ਼ ਭਾਰਤੀ ਜਨਤਾ ਪਾਰਟੀ ਹੀ ਇੱਕਮਾਤਰ ਪਾਰਟੀ ਹੈ, ਜੋ ਚੰਗਾ ਸ਼ਾਸਨ ਤੇ ਵਿਕਾਸ ਨੂੰ ਯਕੀਨੀ ਬਨਾਉਣ ਦੇ ਯੋਗ ਹੈ ਅਤੇ ਰਾਜ ਲਈ ਵੱਡੇ ਪ੍ਰੋਜੈਕਟ ਦੇ ਸਕਦੀ ਹੈ।

ਰਮਨਜੀਤ ਸਿੰਘ ਮਣਕੂ, ਜਾਗਰਣ. ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ’ਚ ਆਪਣੇ ਸੰਬੋਧਨ ਦੌਰਾਨ ਪੰਜਾਬ ਭਾਜਪਾ ਲਈ ਅਗਾਊ ਵਿਧਾਨ ਸਭਾ ਚੋਣਾਂ ਸਬੰਧੀ ਚੋਣ ਪ੍ਰਚਾਰ ਦੀ ਦਿਸ਼ਾ ਤੈਅ ਕਰ ਗਏ। ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ’ਚ ਮੁੱਖ ਤੌਰ 'ਤੇ ਪੰਜਾਬ ਦੀ ਸੱਤਾ ’ਚ ਮੌਜੂਦ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਬਣਾਇਆ ਤੇ ਸਪੱਸ਼ਟ ਸੰਕੇਤ ਦਿੱਤਾ ਕਿ ਭਾਜਪਾ ਆਪਣੇ ਤਰਕਸ਼ ’ਚ ਆਮ ਆਦਮੀ ਪਾਰਟੀ ਦੇ ਦਾਅਵਿਆਂ ਨੂੰ ਖੰਡਿਤ ਕਰਨ ਲਈ ਕਈ ਤੀਰ ਤਿਆਰ ਕਰ ਕੇ ਮੈਦਾਨ ’ਚ ਉਤਰ ਰਹੀ ਹੈ। ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਭਾਜਪਾ ਚੋਣ ਮੈਦਾਨ ’ਚ ਆਮ ਆਦਮੀ ਪਾਰਟੀ ਤੇ ਕਾਂਗਰਸ ਹੀ ਨਹੀਂ, ਸਗੋਂ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਆਪਣੇ ਸਾਹਮਣੇ ਖੜ੍ਹਾ ਦੇਖ ਕੇ ਚੱਲ ਰਹੀ ਹੈ।
ਸਭ ਤੋਂ ਵੱਡੀ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੋਕਾਂ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸਿਆਸੀ ਨਜ਼ਰੀਏ ’ਚ ਸਿਰਫ਼ ਭਾਰਤੀ ਜਨਤਾ ਪਾਰਟੀ ਹੀ ਇੱਕਮਾਤਰ ਪਾਰਟੀ ਹੈ, ਜੋ ਚੰਗਾ ਸ਼ਾਸਨ ਤੇ ਵਿਕਾਸ ਨੂੰ ਯਕੀਨੀ ਬਨਾਉਣ ਦੇ ਯੋਗ ਹੈ ਅਤੇ ਰਾਜ ਲਈ ਵੱਡੇ ਪ੍ਰੋਜੈਕਟ ਦੇ ਸਕਦੀ ਹੈ। ਉਨ੍ਹਾਂ ਵੱਲੋਂ ਇਹ ਵੀ ਸੁਨੇਹਾ ਦਿੱਤਾ ਗਿਆ ਹੈ ਕਿ ਭਾਜਪਾ ਉਹ ਪਾਰਟੀ ਹੈ ਜੋ ਆਪਣੇ ਵਾਅਦਿਆਂ 'ਤੇ ਖਰੀ ਉਤਰਦੀ ਹੈ। ਪ੍ਰਧਾਨ ਮੰਤਰੀ ਮੋਦੀ ਵੱਲੋਂ ਆਮ ਆਦਮੀ ਪਾਰਟੀ ਲਈ ਦਿੱਤਾ ਗਿਆ "ਕੱਟੜ ਬੇਈਮਾਨ" ਸਲੋਗਨ ਹੁਣ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਵੱਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦਾ ਅਤੁੱਟ ਅੰਗ ਬਣਦਾ ਹੋਇਆ ਨਜ਼ਰ ਆਵੇਗਾ।
ਇਸ ਤੋਂ ਇਲਾਵਾ, ਹਰਿਆਣਾ ਦੇ ਜੀਂਦ ਤੇ ਚੰਡੀਗੜ੍ਹ ’ਚ ਅੱਜ ਹੀ ਦੇ ਦਿਨ ਕਰਵਾਏ ਗਏ ਵੱਖ-ਵੱਖ ਪ੍ਰੋਗਰਾਮਾਂ ਦੌਰਾਨ ਮੰਚਾਂ 'ਤੇ ਆਗੂਆਂ ਦੀ ਮੌਜੂਦਗੀ ਦੇ ਮੁਕਾਬਲੇ, ਪੰਜਾਬ ਦੇ ਜਲੰਧਰ ਵਾਲੇ ਮੰਚ ’ਤੇ ਨੇਤਾਵਾਂ ਦਾ ਕਾਫੀ ਵੱਡਾ ਜਮਾਵੜਾ ਇਹ ਦਰਸਾਉਂਦਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਦੋਆਬਾ ਖੇਤਰ ’ਚ ਕਰਵਾਇਆ ਗਿਆ ਇਹ ਪ੍ਰੋਗਰਾਮ ਭਾਜਪਾ ਦੀ ਚੋਣ ਰਣਨੀਤੀ ਲਈ ਕਿੰਨਾ ਮਹੱਤਵਪੂਰਨ ਸੀ।
ਉੱਧਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਏ ਗਏ ਸ਼ਬਦਾਂ ਦੇ ਤੀਰਾਂ ਦਾ ਤਿੱਖਾ ਜਵਾਬ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਸ਼੍ਰੀ ਰਾਮ ਦੇ ਮੰਦਰ ’ਚ ਚੋਰੀ ਕਰਨ ਵਾਲਿਆਂ ਦੇ ਸਭ ਤੋਂ ਵੱਡੇ ਆਗੂ ਅੱਜ ਪੰਜਾਬ ਆ ਕੇ ਇਮਾਨਦਾਰੀ ਦਾ ਭਾਸ਼ਣ ਦੇ ਕੇ ਗਏ ਹਨ। ਯਾਦ ਰਹੇ ਕਿ ਅਯੁੱਧਿਆ ਦੇ ਸ਼੍ਰੀ ਰਾਮ ਮੰਦਰ ’ਚ ਚੰਦਾ ਚੋਰੀ ਦੇ ਮਾਮਲੇ ਨੂੰ ਅਰਵਿੰਦ ਕੇਜਰੀਵਾਲ ਲਗਾਤਾਰ ਉਠਾ ਰਹੇ ਹਨ ਤੇ ਅੱਜ ਇਸੇ ਮੁੱਦੇ ਨੂੰ ਤਿੱਖੀ ਪ੍ਰਤੀਕਿਰਿਆ ਲਈ ਅੱਗੇ ਰੱਖਿਆ ਗਿਆ।