ਵਿਨੀਤ ਜੋਸ਼ੀ ਦਾ ਵੱਡਾ ਹਮਲਾ: ਨਸ਼ਾ ਤਸਕਰੀ ਦੇ ਮੁਲਜ਼ਮ ਨਾਲ ਅਨਮੋਲ ਗਗਨ ਮਾਨ ਦੀਆਂ ਤਸਵੀਰਾਂ ਵਾਇਰਲ, ਘੇਰੀ ਸਰਕਾਰ
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸਟੇਟ ਮੀਡੀਆ ਹੈੱਡ ਅਤੇ ਖਰੜ ਵਿਧਾਨ ਸਭਾ ਦੇ ਮੁੱਖ ਸੇਵਾਦਾਰ ਵਿਨੀਤ ਜੋਸ਼ੀ ਨੇ ਕਿਹਾ ਹੈ ਕਿ ਖਰੜ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਅਨਮੋਲ ਗਗਨ ਮਾਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਿੱਚ ਇੱਕ ਅਜਿਹਾ ਵਿਅਕਤੀ ਨਜ਼ਰ ਆ ਰਿਹਾ ਹੈ, ਜਿਸ ਦੇ ਖ਼ਿਲਾਫ਼ ਨਸ਼ਾ ਤਸਕਰੀ ਅਤੇ ਪਾਬੰਦੀਸ਼ੁਦਾ ਖੈਰ ਦੇ ਦਰੱਖਤਾਂ ਦੀ ਤਸਕਰੀ ਨਾਲ ਸੰਬੰਧਤ ਵੱਖ-ਵੱਖ ਅਪਰਾਧਿਕ ਮਾਮਲੇ ਦਰਜ ਰਹੇ ਹਨ।
Publish Date: Sun, 14 Jun 2026 05:44 PM (IST)
Updated Date: Sun, 14 Jun 2026 05:56 PM (IST)
ਜਾਗਰਣ ਸੰਵਾਦਦਾਤਾ, ਪੰਜਾਬੀ ਜਾਗਰਣ, ਚੰਡੀਗੜ੍ਹ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸਟੇਟ ਮੀਡੀਆ ਹੈੱਡ ਅਤੇ ਖਰੜ ਵਿਧਾਨ ਸਭਾ ਦੇ ਮੁੱਖ ਸੇਵਾਦਾਰ ਵਿਨੀਤ ਜੋਸ਼ੀ ਨੇ ਕਿਹਾ ਹੈ ਕਿ ਖਰੜ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਅਨਮੋਲ ਗਗਨ ਮਾਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਿੱਚ ਇੱਕ ਅਜਿਹਾ ਵਿਅਕਤੀ ਨਜ਼ਰ ਆ ਰਿਹਾ ਹੈ, ਜਿਸ ਦੇ ਖ਼ਿਲਾਫ਼ ਨਸ਼ਾ ਤਸਕਰੀ ਅਤੇ ਪਾਬੰਦੀਸ਼ੁਦਾ ਖੈਰ ਦੇ ਦਰੱਖਤਾਂ ਦੀ ਤਸਕਰੀ ਨਾਲ ਸੰਬੰਧਤ ਵੱਖ-ਵੱਖ ਅਪਰਾਧਿਕ ਮਾਮਲੇ ਦਰਜ ਰਹੇ ਹਨ।
ਉਨ੍ਹਾਂ ਕਿਹਾ ਕਿ ਇਸ ਨਾਲ ਇਹ ਗੰਭੀਰ ਸ਼ੱਕ ਪੈਦਾ ਹੁੰਦਾ ਹੈ ਕਿ ਅਜਿਹੇ ਤੱਤਾਂ ਨੂੰ ਰਾਜਨੀਤਿਕ ਸਰਪ੍ਰਸਤੀ ਮਿਲ ਰਹੀ ਹੋ ਸਕਦੀ ਹੈ, ਜਿਸ ਕਾਰਨ ਖੇਤਰ ਵਿੱਚ ਨਸ਼ੇ ਅਤੇ ਗੈਰ-ਕਾਨੂੰਨੀ ਤਸਕਰੀ ਵਰਗੀਆਂ ਗਤੀਵਿਧੀਆਂ ਨੂੰ ਹੌਂਸਲਾ ਮਿਲ ਰਿਹਾ ਹੈ। ਇਹ ਸਥਿਤੀ ਮੁੱਖ ਮੰਤਰੀ ਭਗਵੰਤ ਮਾਨ ਦੀ ਨਸ਼ਾ-ਵਿਰੋਧੀ ਮੁਹਿੰਮ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਐਲਾਨੀ ਗਈ ‘ਜ਼ੀਰੋ ਟੋਲਰੈਂਸ’ ਨੀਤੀ ’ਤੇ ਵੀ ਸਵਾਲ ਖੜ੍ਹੇ ਕਰਦੀ ਹੈ।
ਜੋਸ਼ੀ ਨੇ ਕਿਹਾ ਕਿ ਵਿਧਾਇਕ ਅਨਮੋਲ ਗਗਨ ਮਾਨ ਨੂੰ ਜਨਤਕ ਤੌਰ ’ਤੇ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਜਿਨ੍ਹਾਂ ਵਿਅਕਤੀਆਂ ਦੇ ਖ਼ਿਲਾਫ਼ ਇਸ ਤਰ੍ਹਾਂ ਦੇ ਗੰਭੀਰ ਅਪਰਾਧਿਕ ਮਾਮਲੇ ਦਰਜ ਰਹੇ ਹਨ, ਉਨ੍ਹਾਂ ਨਾਲ ਉਨ੍ਹਾਂ ਦੀ ਨੇੜਤਾ ਕਿਉਂ ਨਜ਼ਰ ਆ ਰਹੀ ਹੈ।
ਉਨ੍ਹਾਂ ਕਿਹਾ ਕਿ ਵਿਧਾਇਕ ਵੱਲੋਂ ਖੁਦ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਸਾਂਝੀਆਂ ਕੀਤੀਆਂ ਤਸਵੀਰਾਂ ਅਤੇ ਵੀਡੀਓਜ਼ ਵਿੱਚ ਉਕਤ ਵਿਅਕਤੀ ਨਜ਼ਰ ਆ ਰਿਹਾ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਤਸਵੀਰਾਂ ਅਤੇ ਵੀਡੀਓਜ਼ ਅਪ੍ਰੈਲ 2025 ਵਿੱਚ ਦਰਜ ਹੋਏ ਮਾਮਲੇ ਤੋਂ ਬਾਅਦ ਦੀਆਂ ਦੱਸੀਆਂ ਜਾ ਰਹੀਆਂ ਹਨ, ਜਿਸ ਕਾਰਨ ਸੁਭਾਵਿਕ ਤੌਰ ’ਤੇ ਲੋਕਾਂ ਦੇ ਮਨ ਵਿੱਚ ਕਈ ਸਵਾਲ ਪੈਦਾ ਹੁੰਦੇ ਹਨ।
ਜੋਸ਼ੀ ਨੇ ਕਿਹਾ ਕਿ ਤਹਿਸੀਲ ਖਰੜ ਦੇ ਪਿੰਡ ਮਸੋਲ ਦੇ ਸਰਪੰਚ ਬਿੰਦਰ ਸਿੰਘ ਦੇ ਖ਼ਿਲਾਫ਼ 17 ਅਪ੍ਰੈਲ 2025 ਨੂੰ ਦਰਜ ਇੱਕ ਐੱਫ.ਆਈ.ਆਰ. ਵਿੱਚ ਉਸ ਨੂੰ ਕਥਿਤ ਤੌਰ ’ਤੇ ਭੁੱਕੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਉਹ ਜੇਲ੍ਹ ਵੀ ਗਿਆ ਅਤੇ ਬਾਅਦ ਵਿੱਚ ਜ਼ਮਾਨਤ ’ਤੇ ਰਿਹਾਅ ਹੋਇਆ। ਇਸ ਤੋਂ ਬਾਅਦ 5 ਜੂਨ 2026 ਨੂੰ ਦਰਜ ਇੱਕ ਹੋਰ ਐੱਫ.ਆਈ.ਆਰ. ਅਨੁਸਾਰ ਪੁਲਿਸ ਨੇ ਉਸ ਨੂੰ ਸ਼ੱਕੀ ਹਾਲਾਤਾਂ ਵਿੱਚ ਹਿਰਾਸਤ ਵਿੱਚ ਲਿਆ, ਜਿੱਥੇ ਡੋਪ ਟੈਸਟ ਵਿੱਚ ਉਸ ਦੇ ਪਾਜ਼ਿਟਿਵ ਪਾਏ ਜਾਣ ਦੀ ਗੱਲ ਸਾਹਮਣੇ ਆਈ।
ਜੋਸ਼ੀ ਨੇ ਅੱਗੇ ਕਿਹਾ ਕਿ ਜਨਵਰੀ 2022 ’ਚ ਲੁਧਿਆਣਾ ਦੇ ਮਹਿਰਬਾਨ ਥਾਣੇ ਵਿੱਚ ਦਰਜ ਐੱਫ.ਆਈ.ਆਰ. ਨੰਬਰ 6 ਵਿੱਚ ਵੀ ਬਿੰਦਰ ਸਿੰਘ ਦਾ ਨਾਮ ਕਥਿਤ ਤੌਰ ’ਤੇ ਖੈਰ ਦੇ ਕੱਟੇ ਹੋਏ ਦਰੱਖਤਾਂ ਦੀ ਤਸਕਰੀ ਨਾਲ ਜੁੜੇ ਮਾਮਲੇ ਵਿੱਚ ਸਾਹਮਣੇ ਆਇਆ ਸੀ। ਇਸ ਤੋਂ ਇਲਾਵਾ ਹਰਿਆਣਾ ਦੇ ਕਾਲਕਾ ਖੇਤਰ ਵਿੱਚ ਵੀ ਉਸ ਦਾ ਨਾਮ ਇਸੇ ਤਰ੍ਹਾਂ ਦੇ ਮਾਮਲਿਆਂ ਵਿੱਚ ਸਾਹਮਣੇ ਆਉਣ ਦੀਆਂ ਚਰਚਾਵਾਂ ਰਹੀਆਂ ਹਨ।
ਉਨ੍ਹਾਂ ਮੰਗ ਕੀਤੀ ਕਿ ਆਮ ਆਦਮੀ ਪਾਰਟੀ ਅਤੇ ਵਿਧਾਇਕ ਅਨਮੋਲ ਗਗਨ ਮਾਨ ਇਸ ਪੂਰੇ ਮਾਮਲੇ ’ਤੇ ਜਨਤਕ ਸਪੱਸ਼ਟੀਕਰਨ ਦੇਣ ਅਤੇ ਨਸ਼ਿਆਂ ਖ਼ਿਲਾਫ਼ ਆਪਣੀ ਅਸਲ ਵਚਨਬੱਧਤਾ ਨੂੰ ਲੋਕਾਂ ਸਾਹਮਣੇ ਸਪੱਸ਼ਟ ਕਰਨ।