ਪਿਕਅੱਪ ਡਰਾਈਵਰ ਤੋਂ ਹਥਿਆਰਾਂ ਦੇ ਜ਼ੋਰ ’ਤੇ 1.54 ਲੱਖ ਦੀ ਲੁੱਟ
ਪਿਕਅੱਪ ਡਰਾਈਵਰ ਤੋਂ ਤੇਜ਼ਧਾਰ ਹਥਿਆਰ ਦੀ ਨੋਕ ’ਤੇ 1.54 ਲੱਖ ਦੀ ਲੁੱਟ,
Publish Date: Mon, 22 Jun 2026 07:30 PM (IST)
Updated Date: Tue, 23 Jun 2026 04:07 AM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਅਧੀਨ ਪੈਂਦੇ ਇਲਾਕੇ ਤ੍ਰਿਵੇਦੀ ਕੈਂਪ ’ਚ ਪਿਕਅੱਪ ਦੇ ਡਰਾਈਵਰ ਤੋਂ 1.5 ਲੱਖ ਰੁਪਏ ਤੋਂ ਵੱਧ ਦੀ ਨਕਦੀ ਲੁੱਟਣ ਦਾ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ, ਮੁਬਾਰਕਪੁਰ ਪੁਲਿਸ ਚੌਕੀ ਵੱਲੋਂ ਕੀਤੀ ਗਈ ਮੁੱਢਲੀ ਜਾਂਚ ਤੋਂ ਬਾਅਦ ਇਸ ਸ਼ਿਕਾਇਤ ਦੀ ਸੱਚਾਈ ਤੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਰਹੇ ਹਨ। ਪੁਲਿਸ ਦਾ ਮੰਨਣਾ ਹੈ ਕਿ ਸ਼ਿਕਾਇਤਕਰਤਾ ਦੇ ਬਿਆਨਾਂ ’ਚ ਕਈ ਕੜੀਆਂ ਆਪਸ ’ਚ ਮੇਲ ਨਹੀਂ ਖਾ ਰਹੀਆਂ, ਜਿਸ ਕਾਰਨ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੰਗਰੂਰ ਦੇ ਰਹਿਣ ਵਾਲੇ ਸ਼ਿਕਾਇਤਕਰਤਾ ਅਭਿਸ਼ੇਕ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਲੰਘੀ 18 ਜੂਨ ਨੂੰ ਤੜਕੇ ਸਵੇਰੇ 4 ਵਜੇ ਦੇ ਕਰੀਬ ਆਪਣੀ ਮਹਿੰਦਰਾ ਪਿਕਅੱਪ ਗੱਡੀ ’ਚ ਡਿਲੀਵਰੀ ਕਰ ਕੇ ਵਾਪਸ ਪਰਤ ਰਿਹਾ ਸੀ। ਉਸ ਕੋਲ ਸਾਮਾਨ ਦੀ ਵਿਕਰੀ ਤੋਂ ਇਕੱਠੀ ਹੋਈ 1.54 ਲੱਖ ਰੁਪਏ ਦੀ ਨਕਦੀ ਮੌਜੂਦ ਸੀ। ਅਭਿਸ਼ੇਕ ਮੁਤਾਬਕ ਜਦੋਂ ਉਹ ਤ੍ਰਿਵੇਦੀ ਕੈਂਪ ਇਲਾਕੇ ਦੇ ਨੇੜੇ ਪਹੁੰਚਿਆ ਤਾਂ ਚਾਰ ਅਣਪਛਾਤੇ ਨੌਜਵਾਨਾਂ ਨੇ ਉਸ ਦੀ ਗੱਡੀ ਨੂੰ ਘੇਰ ਲਿਆ ਅਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਪੀੜਤ ਨੇ ਦੱਸਿਆ ਕਿ ਹਮਲੇ ਤੋਂ ਡਰ ਕੇ ਉਸ ਨੇ ਖ਼ੁਦ ਨੂੰ ਗੱਡੀ ਦੇ ਅੰਦਰ ਬੰਦ ਕਰ ਲਿਆ ਸੀ ਪਰ ਹਮਲਾਵਰਾਂ ਨੇ ਬੇਖ਼ੌਫ਼ ਹੋ ਕੇ ਕੁਹਾੜੀ ਨਾਲ ਗੱਡੀ ਦੀ ਸਾਈਡ ਵਾਲੀ ਖਿੜਕੀ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਉਸ ਤੇ ਚਾਕੂ ਤਾਨ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਗੱਡੀ ’ਚ ਰੱਖੇ 1.54 ਲੱਖ ਰੁਪਏ ਦੀ ਨਕਦੀ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮੁਬਾਰਕਪੁਰ ਪੁਲਿਸ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਸੂਤਰਾਂ ਅਨੁਸਾਰ ਮੁੱਢਲੀ ਪੜਤਾਲ ਦੌਰਾਨ ਘਟਨਾ ਦੀ ਕਹਾਣੀ ਵਿਚ ਕੁਝ ਅਜਿਹੇ ਤੱਥ ਸਾਹਮਣੇ ਆਏ ਹਨ, ਜੋ ਸ਼ੱਕ ਪੈਦਾ ਕਰਦੇ ਹਨ। ਪੁਲਿਸ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਜਾਂਚੀ ਜਾ ਰਹੀ ਹੈ ਤਾਂ ਜੋ ਸੱਚਾਈ ਦਾ ਪਤਾ ਲਾਇਆ ਜਾ ਸਕੇ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪਹਿਲੂ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।