- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੋਰਡ ਦੇ ਸਾਬਕਾ ਚੇਅਰਮੈਨ ਕਿਸ਼ਨ ਕੁਮਾਰ ਸ਼ਰਮਾ, ਕੇਵਲ ਕਿਸ਼ਨ, ਸ਼ਿਵ ਕੁਮਾਰ ਚੁੱਘ, ਨਰੇਸ਼ ਚੰਦ ਖੁਰਾਨਾ ਤੇ ਹੋਰ ਪੈਨਸ਼ਨਧਾਰਕਾਂ ਨੇ ਦੱਸਿਆ ਕਿ ਬੋਰਡ ਦੇ ਕੁੱਲ 93 ਪੈਨਸ਼ਨਧਾਰਕਾਂ ਤੇ ਪਰਿਵਾਰਕ ਪੈਨਸ਼ਨਧਾਰਕਾਂ ’ਚੋਂ ਜ਼ਿਆਦਾਤਰ ਦੀ ਉਮਰ 70 ਸਾਲ ਤੋਂ ਵੱਧ ਹੈ।

ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਪੰਜਾਬ ਖਾਦੀ ਤੇ ਗ੍ਰਾਮ ਉਦਯੋਗ ਬੋਰਡ ਦੇ 93 ਤੇ ਹੋਰ ਪਰਿਵਾਰਕ ਪੈਨਸ਼ਨਧਾਰਕਾਂ ਨੂੰ ਸਤੰਬਰ-2025 ਤੋਂ ਪੈਂਡਿੰਗ ਪੈਨਸ਼ਨ ਦਾ ਭੁਗਤਾਨ ਨਾ ਹੋਣ ਕਾਰਨ ਰੋਸ ਪਾਇਆ ਜਾ ਰਿਹਾ ਹੈ। ਪ੍ਰਭਾਵਿਤ ਲੋਕਾਂ ’ਚ 28 ਵਿਧਵਾ ਪੈਨਸ਼ਨਧਾਰਕ ਵੀ ਸ਼ਾਮਲ ਹਨ। ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਪੈਨਸ਼ਨ ਮਿਲਣ ਦੀ ਆਸ ਲਗਾਈ ਬੈਠੇ ਦੋ ਪੈਨਸ਼ਨਧਾਰਕਾਂ ਦੀ ਮੌਤ ਹੋ ਚੁਕੀ ਹੈ, ਪਰ ਉਨ੍ਹਾਂ ਦੇ ਪਰਿਵਾਰਾਂ ਨੂੰ ਅਜੇ ਤੱਕ ਬਕਾਇਆ ਰਕਮ ਨਹੀਂ ਮਿਲੀ।
ਬੋਰਡ ਦੇ ਸਾਬਕਾ ਚੇਅਰਮੈਨ ਕਿਸ਼ਨ ਕੁਮਾਰ ਸ਼ਰਮਾ, ਕੇਵਲ ਕਿਸ਼ਨ, ਸ਼ਿਵ ਕੁਮਾਰ ਚੁੱਘ, ਨਰੇਸ਼ ਚੰਦ ਖੁਰਾਨਾ ਤੇ ਹੋਰ ਪੈਨਸ਼ਨਧਾਰਕਾਂ ਨੇ ਦੱਸਿਆ ਕਿ ਬੋਰਡ ਦੇ ਕੁੱਲ 93 ਪੈਨਸ਼ਨਧਾਰਕਾਂ ਤੇ ਪਰਿਵਾਰਕ ਪੈਨਸ਼ਨਧਾਰਕਾਂ ’ਚੋਂ ਜ਼ਿਆਦਾਤਰ ਦੀ ਉਮਰ 70 ਸਾਲ ਤੋਂ ਵੱਧ ਹੈ। ਇਨ੍ਹਾਂ ’ਚੋਂ ਬਹੁਤ ਸਾਰੇ ਲੋਕ ਉਹ ਹਨ, ਜਿਨ੍ਹਾਂ ਲਈ ਪੈਨਸ਼ਨ ਹੀ ਜੀਵਨ ਗੁਜ਼ਾਰਨ ਦਾ ਮੁੱਖ ਸਹਾਰਾ ਹੈ। ਇਸ ਦੇ ਬਾਵਜੂਦ ਪਿਛਲੇ ਕਈ ਮਹੀਨਿਆਂ ਤੋਂ ਭੁਗਤਾਨ ਰੁਕਿਆ ਹੋਇਆ ਹੈ, ਜਿਸ ਕਾਰਨ ਉਨ੍ਹਾਂ ਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੱਸਿਆ ਗਿਆ ਹੈ ਕਿ ਸਤੰਬਰ 2025 ਤੋਂ ਫਰਵਰੀ 2026 ਤੱਕ ਦੀ ਪੈਨਸ਼ਨ ਦਾ ਭੁਗਤਾਨ ਵੈਰੀਫਿਕੇਸ਼ਨ ਦੀ ਪ੍ਰਕਿਰਿਆ ਪੂਰੀ ਨਾ ਹੋਣ ਕਾਰਨ ਰੋਕ ਦਿੱਤਾ ਗਿਆ। 18 ਮਾਰਚ 2026 ਨੂੰ ਜ਼ਿਲ੍ਹਾ ਖਜ਼ਾਨਾ ਅਧਿਕਾਰੀ, ਪੰਜਾਬ, ਚੰਡੀਗੜ੍ਹ ਨੇ ਪੱਤਰ ਜਾਰੀ ਕਰ ਕੇ ਬਿਨਾਂ ਲੋੜੀਂਦੇ ਵੈਰੀਫਿਕੇਸ਼ਨ ਵਾਲੇ ਮਾਮਲਿਆਂ ਦਾ ਭੁਗਤਾਨ ਨਾ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਸ ਤੋਂ ਬਾਅਦ 19 ਜੂਨ 2026 ਨੂੰ ਜ਼ਿਲ੍ਹਾ ਖਜ਼ਾਨਾ ਅਧਿਕਾਰੀ ਨੇ ਵੀ ਸਪੱਸ਼ਟ ਕੀਤਾ ਕਿ ਸਮਰੱਥ ਪੱਧਰ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਭੁਗਤਾਨ ਕੀਤਾ ਜਾ ਸਕੇਗਾ।
ਪੈਨਸ਼ਨਧਾਰਕਾਂ ਦਾ ਕਹਿਣਾ ਹੈ ਕਿ ਉਹ ਕਈ ਵਾਰੀ ਸਬੰਧਤ ਵਿਭਾਗ ਦੇ ਅਧਿਕਾਰੀਆਂ ਤੋਂ ਲੈ ਕੇ ਉੱਚ ਅਧਿਕਾਰੀਆਂ ਤੱਕ ਆਪਣੀ ਸ਼ਿਕਾਇਤ ਦਰਜ ਕਰਵਾ ਚੁੱਕੇ ਹਨ ਪਰ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ। ਲੰਬੇ ਸਮੇਂ ਤੋਂ ਪੈਂਡਿੰਗ ਭੁਗਤਾਨ ਕਾਰਨ ਬਜ਼ੁਰਗ ਪੈਨਸ਼ਨਧਾਰਕਾਂ ਤੇ ਵਿਧਵਾਵਾਂ ਨੂੰ ਰੋਜ਼ਾਨਾ ਦੇ ਖਰਚੇ ਚਲਾਉਣ ’ਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਕਹਿੰਦੇ ਹਨ ਕਿ ਇਹ ਪੈਨਸ਼ਨ ਉਨ੍ਹਾਂ ਦੀ ਆਜੀਵਿਕਾ ਦਾ ਇਕੱਲਾ ਸਹਾਰਾ ਹੈ।
ਪੈਨਸ਼ਨਧਾਰਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੈਂਡਿੰਗ 93 ਮਾਮਲਿਆਂ ਦੀ ਵੈਰੀਫਿਕੇਸ਼ਨ ਦਾ ਕੰਮ ਜਲਦੀ ਪੂਰਾ ਕਰ ਕੇ ਸਤੰਬਰ 2025 ਤੋਂ ਫਰਵਰੀ 2026 ਤੱਕ ਦੀ ਬਕਾਇਆ ਪੈਨਸ਼ਨ ਤੁਰੰਤ ਜਾਰੀ ਕੀਤੀ ਜਾਵੇ। ਉਹ ਕਹਿੰਦੇ ਹਨ ਕਿ ਸਮਾਜਿਕ ਸੁਰੱਖਿਆ ਤੇ ਪਰਿਵਾਰਕ ਪੈਨਸ਼ਨ ਦਾ ਟੀਚਾ ਜ਼ਰੂਰਤਮੰਦਾਂ ਨੂੰ ਸਮੇਂ 'ਤੇ ਆਰਥਿਕ ਸਹਾਇਤਾ ਪ੍ਰਦਾਨ ਕਰਨਾ ਹੈ ਪਰ ਭੁਗਤਾਨ ’ਚ ਹੋ ਰਹੀ ਲੰਬੀ ਦੇਰੀ ਨਾਲ ਪੈਨਸ਼ਨਧਾਰਕਾਂ ਦਾ ਭਰੋਸਾ ਟੁੱਟ ਰਿਹਾ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ ਸਰਕਾਰ ਦੇ ਅਗਲੇ ਫ਼ੈਸਲੇ 'ਤੇ ਟਿਕੀਆਂ ਹਨ।