'ਸੋਚ-ਸਮਝ ਕੇ ਹੋਵੇਗੀ ਚੋਣ...', ਪੰਜਾਬ ਚੋਣਾਂ 'ਚ ਟਿਕਟਾਂ ਦੀ ਵੰਡ 'ਤੇ ਪ੍ਰਤਾਪ ਬਾਜਵਾ ਦਾ ਬਿਆਨ; BJP-SAD ਗੱਠਜੋੜ 'ਤੇ ਵੀ ਕੱਸਿਆ ਤਨਜ਼
Partap Singh Bajwa ਨੇ ਆਗਾਮੀ ਚੋਣਾਂ 'ਚ ਗੱਠਜੋੜ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਅਜਿਹੀਆਂ ਪਾਰਟੀਆਂ ਨਾਲ ਗੱਠਜੋੜ ਕਰ ਸਕਦੀ ਹੈ, ਜਿਨ੍ਹਾਂ ਦੀ ਵਿਚਾਰਧਾਰਾ ਅਤੇ ਏਜੰਡਾ ਪਾਰਟੀ ਨਾਲ ਮੇਲ ਖਾਂਦਾ ਹੋਵੇ।
Publish Date: Wed, 25 Nov 2026 01:29 PM (IST)
Updated Date: Wed, 25 Nov 2026 01:49 PM (IST)
ਡਾ. ਸੁਮਿਤ ਸਿੰਘ ਸ਼ਿਓਰਾਣ, ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਕਾਂਗਰਸ ਆਗਾਮੀ ਵਿਧਾਨ ਸਭਾ ਚੋਣਾਂ 'ਚ ਟਿਕਟਾਂ ਦੀ ਵੰਡ ਨੂੰ ਲੈ ਕੇ ਜਲਦਬਾਜ਼ੀ ਨਹੀਂ ਕਰੇਗੀ। ਪਾਰਟੀ ਸਾਫ਼-ਸੁਥਰੀ ਅਕਸ ਵਾਲੇ, ਪੜ੍ਹੇ-ਲਿਖੇ ਅਤੇ ਜਿੱਤਣ ਦੀ ਸਮਰੱਥਾ ਰੱਖਣ ਵਾਲੇ ਉਮੀਦਵਾਰਾਂ ਨੂੰ ਮੈਦਾਨ 'ਚ ਉਤਾਰਨ 'ਤੇ ਜ਼ੋਰ ਦੇਵੇਗੀ। ਉਮੀਦਵਾਰਾਂ ਦੀ ਚੋਣ 'ਚ ਸਰਵੇ ਰਿਪੋਰਟਾਂ ਅਤੇ ਸਥਾਨਕ ਪੱਧਰ 'ਤੇ ਆਗੂਆਂ ਦੀਆਂ ਸਿਫ਼ਾਰਸ਼ਾਂ ਨੂੰ ਵੀ ਧਿਆਨ 'ਚ ਰੱਖਿਆ ਜਾਵੇਗਾ।
ਬੁੱਧਵਾਰ ਨੂੰ ਪੰਜਾਬ ਕਾਂਗਰਸ ਭਵਨ ਪਹੁੰਚੇ ਬਾਜਵਾ ਨੇ ਚੋਣ ਰਣਨੀਤੀ ਅਤੇ ਟਿਕਟਾਂ ਦੀ ਵੰਡ ਸਮੇਤ ਕਈ ਮੁੱਦਿਆਂ 'ਤੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਸਬੰਧੀ ਪਾਰਟੀ ਕੋਲ ਸਰਵੇ ਦੀ ਰਿਪੋਰਟ ਹੈ। ਇਸ ਦੇ ਨਾਲ ਹੀ ਜ਼ਮੀਨੀ ਪੱਧਰ ਤੋਂ ਮਿਲਣ ਵਾਲੇ ਫੀਡਬੈਕ ਅਤੇ ਸਥਾਨਕ ਆਗੂਆਂ ਦੀ ਰਾਇ ਦੇ ਆਧਾਰ 'ਤੇ ਫ਼ੈਸਲਾ ਲਿਆ ਜਾਵੇਗਾ।
ਸੰਸਦ ਮੈਂਬਰਾਂ ਨੂੰ ਟਿਕਟ ਦੇਣ ਦਾ ਫ਼ੈਸਲਾ ਹਾਈਕਮਾਨ 'ਤੇ
ਪੰਜਾਬ ਕਾਂਗਰਸ ਦੇ ਸੰਸਦ ਮੈਂਬਰਾਂ ਨੂੰ ਵਿਧਾਨ ਸਭਾ ਚੋਣਾਂ 'ਚ ਉਤਾਰਨ ਅਤੇ ਟਿਕਟ ਦੇਣ ਦੇ ਸਵਾਲ 'ਤੇ ਬਾਜਵਾ ਨੇ ਕਿਹਾ ਕਿ ਇਸ ਸਬੰਧੀ ਅੰਤਿਮ ਫ਼ੈਸਲਾ ਪਾਰਟੀ ਹਾਈਕਮਾਨ ਕਰੇਗੀ। ਸੂਬਾਈ ਲੀਡਰਸ਼ਿਪ ਸਿਰਫ਼ ਜ਼ਮੀਨੀ ਪੱਧਰ ਦੀ ਰਿਪੋਰਟ ਅਤੇ ਫੀਡਬੈਕ ਹਾਈਕਮਾਨ ਤੱਕ ਪਹੁੰਚਾਏਗੀ।
ਗੱਠਜੋੜ ਦੇ ਬਦਲ ਖੁੱਲ੍ਹੇ
ਬਾਜਵਾ ਨੇ ਆਗਾਮੀ ਚੋਣਾਂ 'ਚ ਗੱਠਜੋੜ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਅਜਿਹੀਆਂ ਪਾਰਟੀਆਂ ਨਾਲ ਗੱਠਜੋੜ ਕਰ ਸਕਦੀ ਹੈ, ਜਿਨ੍ਹਾਂ ਦੀ ਵਿਚਾਰਧਾਰਾ ਅਤੇ ਏਜੰਡਾ ਪਾਰਟੀ ਨਾਲ ਮੇਲ ਖਾਂਦਾ ਹੋਵੇ।
ਭਾਜਪਾ-ਅਕਾਲੀ ਗੱਠਜੋੜ ਨੂੰ ਦੱਸਿਆ ਸੌਦੇਬਾਜ਼ੀ
ਭਾਜਪਾ ਅਤੇ ਅਕਾਲੀ ਦਲ ਦੇ ਗੱਠਜੋੜ 'ਤੇ ਨਿਸ਼ਾਨਾ ਵਿੰਨ੍ਹਦਿਆਂ ਬਾਜਵਾ ਨੇ ਇਸ ਨੂੰ ਸਿਆਸੀ ਸੌਦੇਬਾਜ਼ੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਭਾਜਪਾ ਦਾ ਵੱਡੇ ਭਰਾ ਤੋਂ ਛੋਟੇ ਭਰਾ ਦੀ ਭੂਮਿਕਾ 'ਚ ਆਉਣਾ ਪੰਜਾਬ 'ਚ ਉਸ ਦੀ ਕਮਜ਼ੋਰ ਸਥਿਤੀ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਅਮਿਤ ਸ਼ਾਹ ਦੇ ਨਸ਼ਾ ਖ਼ਤਮ ਕਰਨ ਸਬੰਧੀ ਦਾਅਵਿਆਂ 'ਤੇ ਵੀ ਸਵਾਲ ਚੁੱਕੇ ਅਤੇ ਕਿਹਾ ਕਿ ਸਿਰਫ਼ ਬਿਆਨ ਦੇਣ ਨਾਲ ਨਸ਼ਾ ਖ਼ਤਮ ਨਹੀਂ ਹੋਵੇਗਾ। ਬਾਜਵਾ ਨੇ ਦਾਅਵਾ ਕੀਤਾ ਕਿ ਅਕਾਲੀ ਦਲ ਨਾਲ ਗੱਠਜੋੜ 'ਚ ਹਰਸਿਮਰਤ ਕੌਰ ਬਾਦਲ ਨੂੰ ਮੁੜ ਕੈਬਨਿਟ 'ਚ ਲਿਆਉਣ 'ਤੇ ਵੀ ਸਹਿਮਤੀ ਬਣੀ ਹੈ।
ਬਾਜਵਾ ਨੇ ਕਿਹਾ ਕਿ ਪੰਜਾਬ 'ਚ ਕਾਂਗਰਸ ਨਸ਼ਿਆਂ, ਕਾਨੂੰਨ-ਵਿਵਸਥਾ ਅਤੇ ਲੋਕਾਂ ਨੂੰ ਸੁਰੱਖਿਅਤ ਮਾਹੌਲ ਦੇਣ ਵਰਗੇ ਮੁੱਦਿਆਂ 'ਤੇ ਚੋਣ ਲੜੇਗੀ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਕੋਲ ਮਜ਼ਬੂਤ ਅਤੇ ਜਿੱਤਣ ਵਾਲੇ ਉਮੀਦਵਾਰ ਹਨ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਹੋਈ ਚੋਣ ਕਮੇਟੀ ਦੀ ਮੀਟਿੰਗ 'ਚ ਉਮੀਦਵਾਰਾਂ, ਪ੍ਰਚਾਰ ਅਤੇ ਚੋਣ ਰਣਨੀਤੀ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ ਹੈ।