'ਪੰਜਾਬ ਦੇ ਸਰਕਾਰੀ ਅਸਾਸੇ ਦਿੱਲੀ ਵਾਲਿਆਂ ਦੀ ਐਸ਼ ਲਈ ਨਹੀਂ', ਪੰਜਾਬ ਭਵਨ 'ਚ ਸਿਸੋਦੀਆ ਦੀ ਮੀਟਿੰਗ 'ਤੇ ਭੜਕੇ ਪਰਗਟ ਸਿੰਘ Pargat Singh ਨੇ ਦੋਸ਼ ਲਾਇਆ ਕਿ ਪੰਜਾਬ ਦੇ ਸਰਕਾਰੀ ਦਫ਼ਤਰਾਂ ਤੇ ਸਰਕਾਰੀ ਕੋਠੀਆਂ 'ਚ ਬੈਠ ਕੇ ਦਿੱਲੀ ਤੋਂ ਆਏ ਲੋਕਾਂ ਵੱਲੋਂ ਪੰਜਾਬ ਦੀ ਸਰਕਾਰ ਚਲਾਉਣ ਨੂੰ ਪੰਜਾਬੀ ਕਦੇ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਸਰਕਾਰ ਦੇ ਨੀਂਹ ਪੱਥਰਾਂ 'ਤੇ ਦਿੱਲੀ ਵਾਲਿਆਂ ਦੇ ਨਾਂ ਗੈਰ-ਸੰਵਿਧਾਨਕ ਤਰੀਕੇ ਨਾਲ ਥੋਪੇ ਗਏ।
Publish Date: Sat, 26 Sep 2026 01:22 PM (IST)
Updated Date: Sat, 26 Sep 2026 02:04 PM (IST)
ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਕਾਂਗਰਸ ਦੇ ਸੀਨੀਅਰ ਨੇਤਾ ਤੇ ਜਲੰਧਰ ਤੋਂ ਵਿਧਾਇਕ ਪਰਗਟ ਸਿੰਘ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਵੱਲੋਂ ਪੰਜਾਬ ਭਵਨ ਵਿਖੇ ਮੀਟਿੰਗਾਂ ਕੀਤੇ ਜਾਣ 'ਤੇ ਇਤਰਾਜ਼ ਪ੍ਰਗਟ ਕੀਤਾ ਹੈ। ਉਨ੍ਹਾਂ ਆਪਣੇ ਐਕਸ ਅਕਾਊਂਟ 'ਤੇ ਸਿਸੋਦੀਆ ਦੀ ਮੀਟਿੰਗ ਨੂੰ ਲੈ ਕੇ ਟਿੱਪਣੀ ਕਰਦਿਆਂ ਕਿਹਾ ਕਿ ਪੰਜਾਬੀਆਂ ਦਾ ਖ਼ਜ਼ਾਨਾ ਤੇ ਸਰਕਾਰੀ ਅਸਾਸੇ ਦਿੱਲੀ ਤੋਂ ਆਏ ਲੋਕਾਂ ਦੀ ਐਸ਼ ਲਈ ਨਹੀਂ ਹਨ।
ਪਰਗਟ ਸਿੰਘ ਨੇ ਦੋਸ਼ ਲਾਇਆ ਕਿ ਪੰਜਾਬ ਦੇ ਸਰਕਾਰੀ ਦਫ਼ਤਰਾਂ ਤੇ ਸਰਕਾਰੀ ਕੋਠੀਆਂ 'ਚ ਬੈਠ ਕੇ ਦਿੱਲੀ ਤੋਂ ਆਏ ਲੋਕਾਂ ਵੱਲੋਂ ਪੰਜਾਬ ਦੀ ਸਰਕਾਰ ਚਲਾਉਣ ਨੂੰ ਪੰਜਾਬੀ ਕਦੇ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਸਰਕਾਰ ਦੇ ਨੀਂਹ ਪੱਥਰਾਂ 'ਤੇ ਦਿੱਲੀ ਵਾਲਿਆਂ ਦੇ ਨਾਂ ਗੈਰ-ਸੰਵਿਧਾਨਕ ਤਰੀਕੇ ਨਾਲ ਥੋਪੇ ਗਏ। ਇਸ ਤੋਂ ਬਾਅਦ ਦਿੱਲੀ ਤੋਂ ਲਿਆਂਦੇ ਲੋਕ ਹਰ ਮੰਤਰੀ ਤੇ ਵਿਧਾਇਕ ਨਾਲ ਲਗਾ ਦਿੱਤੇ ਗਏ। ਉਨ੍ਹਾਂ ਦੋਸ਼ ਲਾਇਆ ਕਿ 'ਲੈਂਡ ਪੂਲਿੰਗ ਨੀਤੀ' ਤੋਂ ਲੈ ਕੇ ਪੰਜਾਬ ਦੀਆਂ ਹੋਰ ਨੀਤੀਆਂ ਤੇ ਕਾਨੂੰਨਾਂ ਤਕ ਦਿੱਲੀ ਵਾਲੇ ਪੰਜਾਬ 'ਤੇ ਆਪਣੇ ਫ਼ੈਸਲੇ ਥੋਪ ਰਹੇ ਹਨ, ਜਦਕਿ ਚੁਣੇ ਹੋਏ 95 ਵਿਧਾਇਕ ਚੁੱਪ ਬੈਠੇ ਹਨ।
ਪੰਜਾਬ ਦੇ ਸਰਕਾਰੀ ਦਫ਼ਤਰਾਂ ਅਤੇ ਸਰਕਾਰੀ ਕੋਠੀਆਂ ਵਿੱਚ ਬੈਠ ਕੇ ਦਿੱਲੀ ਤੋਂ ਆਏ ਲੋਕਾਂ ਵੱਲੋਂ ਪੰਜਾਬ ਦੀ ਸਰਕਾਰ ਚਲਾਉਣਾ ਪੰਜਾਬੀ ਕਦੇ ਬਰਦਾਸ਼ਤ ਨਹੀਂ ਕਰਨਗੇ।
ਪਹਿਲਾਂ ਪੰਜਾਬ ਸਰਕਾਰ ਦੇ ਨੀਂਹ ਪੱਥਰਾਂ ’ਤੇ ਦਿੱਲੀ ਵਾਲਿਆਂ ਦੇ ਨਾਮ… pic.twitter.com/IoVWCLwfqV
— Pargat Singh (@PargatSOfficial) September 26, 2026
ਪਰਗਟ ਸਿੰਘ ਨੇ ਇਹ ਵੀ ਦੋਸ਼ ਲਾਇਆ ਕਿ ਹਰ ਮੰਤਰੀ ਨੂੰ ਆਪਣੀਆਂ ਫਾਈਲਾਂ 'ਤੇ ਦਸਤਖ਼ਤ ਕਰਨ ਤੋਂ ਪਹਿਲਾਂ ਦਿੱਲੀ ਦੀ ਮਨਜ਼ੂਰੀ ਲੈਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਇੱਥੋਂ ਤਕ ਕਿ ਫਾਈਲਾਂ ਦਿੱਲੀ ਭੇਜਣ ਲਈ 'ਨਾਲੇਜ ਸ਼ੇਅਰਿੰਗ ਸਮਝੌਤਾ' ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਪ੍ਰਭੂਸੱਤਾ ਨਾਲ ਇਹ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪ੍ਰਗਟ ਸਿੰਘ ਨੇ ਕਿਹਾ ਕਿ ਪੰਜਾਬ ਨੇ ਕਦੇ ਕਿਸੇ ਦੀ ਈਨ ਨਹੀਂ ਮੰਨੀ ਤੇ ਉਹ ਪੰਜਾਬ ਦੇ ਹਿੱਤਾਂ 'ਤੇ ਦਿੱਲੀ ਦਾ ਕਬਜ਼ਾ ਖ਼ਤਮ ਕਰਨ ਲਈ ਸੰਘਰਸ਼ ਜਾਰੀ ਰੱਖਣਗੇ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕਾਂ ਦੀਆਂ ਇੱਛਾਵਾਂ ਅਨੁਸਾਰ ਚੱਲਣੀ ਚਾਹੀਦੀ ਹੈ। ਪ੍ਰਗਟ ਸਿੰਘ ਨੇ ਆਪਣੇ ਬਿਆਨ ਦੇ ਅੰਤ 'ਚ ਕਿਹਾ, 'ਪੰਜਾਬ ਪੰਜਾਬੀਆਂ ਦਾ ਹੈ-ਇਸ ਨੂੰ ਦਿੱਲੀ ਦੇ ਰਿਮੋਟ ਕੰਟਰੋਲ ਨਾਲ ਨਹੀਂ ਚੱਲਣ ਦਿਆਂਗੇ।'