- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਸਰਕਾਰ ਸੂਬੇ ’ਚ ਸਿੱਖਿਆ ਤੇ ਸਿਹਤ ਦੇ ਖੇਤਰ ਵਿਚ ਕ੍ਰਾਂਤੀ ਲਿਆਉਣ ਦੇ ਦਾਅਵੇ ਕਰ ਰਹੀ ਹੈ। ਵਾਰ-ਵਾਰ ਸਰਕਾਰ ਵਲੋਂ ਸੂਬੇ ਵਿਚ ਸਭ ਤੋਂ ਜ਼ਿਆਦਾ ਅਧਿਆਪਕਾਂ ਦੀ ਭਰਤੀ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜਿਸ ਢੰਗ ਨਾਲ ਅੱਜ ਵਿਧਾਨ ਸਭਾ ਵਿਚ ਅੰਕੜੇ ਪੇਸ਼ ਕੀਤੇ ਗਏ ਹਨ, ਉਹ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਹੇ ਹਨ।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ ਚੰਡੀਗੜ੍ਹ : ਪੰਜਾਬ ਦੇ ਸਰਕਾਰੀ ਸਕੂਲਾਂ ’ਚ ਵੱਖ-ਵੱਖ ਕੇਡਰ ਦੀਆਂ 31,370 ਅਸਾਮੀਆਂ ਖਾਲੀ ਪਈਆਂ ਹਨ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਇਹ ਅੰਕੜਾ ਪ੍ਰਸ਼ਨਕਾਲ ਦੌਰਾਨ ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੇਸ਼ ਕੀਤਾ ਹੈ। ਹਾਲਾਂਕਿ ਬੈਂਸ ਨੇ ਪੰਜਾਬ ਨੂੰ ਸਿੱਖਿਆ ਦੇ ਖੇਤਰ ਵਿਚ ਪਹਿਲੇ ਨੰਬਰ ’ਤੇ ਹੋਣ ਦਾ ਦਾਅਵਾ ਕੀਤਾ, ਪਰ ਬਾਜਵਾ ਨੇ ਗੋਲ-ਮੋਲ ਜਵਾਬ ਦੇਣ ਅਤੇ ਤੱਥਾਂ ਨੂੰ ਨਾ ਛਪਾਉਣ ਦੀ ਗੱਲ ਕਹੀ।
ਪੰਜਾਬ ਸਰਕਾਰ ਸੂਬੇ ’ਚ ਸਿੱਖਿਆ ਤੇ ਸਿਹਤ ਦੇ ਖੇਤਰ ਵਿਚ ਕ੍ਰਾਂਤੀ ਲਿਆਉਣ ਦੇ ਦਾਅਵੇ ਕਰ ਰਹੀ ਹੈ। ਵਾਰ-ਵਾਰ ਸਰਕਾਰ ਵਲੋਂ ਸੂਬੇ ਵਿਚ ਸਭ ਤੋਂ ਜ਼ਿਆਦਾ ਅਧਿਆਪਕਾਂ ਦੀ ਭਰਤੀ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜਿਸ ਢੰਗ ਨਾਲ ਅੱਜ ਵਿਧਾਨ ਸਭਾ ਵਿਚ ਅੰਕੜੇ ਪੇਸ਼ ਕੀਤੇ ਗਏ ਹਨ, ਉਹ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਹੇ ਹਨ। ਬਾਜਵਾ ਨੇ ਸਵਾਲ (ਨੰਬਰ 1862) ਪੁੱਛਿਆ ਕਿ ਸਕੂਲਾਂ ਵਿਚ ਮਨਜ਼ੂਰ ਅਸਾਮੀਆਂ ਅਤੇ ਖਾਲੀ ਪਈਆਂ ਅਸਾਮੀਆਂ ਦਾ ਵੇਰਵਾ ਮੰਗਿਆ ਗਿਆ ਸੀ। ਇਸ ਦੇ ਜਵਾਬ ਵਿਚ ਪ੍ਰਾਇਮਰੀ, ਐਲੀਮੈਂਟਰੀ, ਮਿਡਲ, ਹਾਈ ਤੇ ਹਾਇਰ ਸੈਕੰਡਰੀ ਸਕੂਲਾਂ ਬਾਰੇ ਜੋ ਤੱਥ ਸਾਹਮਣੇ ਆਏ ਹਨ, ਉਹ ਹੈਰਾਨ ਕਰਨ ਵਾਲੇ ਹਨ। ਮਾਸਟਰ ਕੇਡਰ ਦੀਆਂ ਹੀ 20,378 ਅਸਾਮੀਆਂ ਖਾਲੀ ਪਈਆਂ ਹਨ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਦਿੱਤੇ ਗਏ ਵੇਰਵਿਆਂ ਅਨੁਸਾਰ ਸੂਬੇ ਵਿਚ (ਪ੍ਰਾਇਮਰੀ ਵਿੰਗ) ਈਟੀਟੀ ਦੀਆਂ 39,201 ਮਨਜ਼ੂਰਸ਼ੁਦਾ ਅਸਾਮੀਆਂ ਹਨ। ਇਨ੍ਹਾਂ ਵਿਚੋਂ 4627 ਅਸਾਮੀਆਂ ਖਾਲੀ ਪਈਆਂ ਹਨ, ਯਾਨੀ 34,574 ਭਰੀਆਂ ਹੋਈਆਂ ਹਨ। ਇਸੇ ਤਰ੍ਹਾਂ ਹੈੱਡ ਟੀਚਰ ਦੀਆਂ 6201 ਮਨਜ਼ੂਰਸ਼ੁਦਾ ਅਸਾਮੀਆਂ ਵਿਚੋਂ 657 ਖਾਲੀ ਪਈਆਂ ਹਨ ਅਤੇ 5544 ਸਕੂਲਾਂ ਵਿਚ ਹੀ ਹੈਡ ਟੀਚਰ ਹਨ। ਪ੍ਰਾਇਮਰੀ ਵਿੰਗ ਵਿਚ 1495 ਸੈਂਟਰ ਹੈੱਡ ਟੀਚਰ ਦੀਆਂ ਮਨਜ਼ੂਰਸ਼ਦਾ ਅਸਾਮੀਆਂ ਹਨ, ਇਨ੍ਹਾਂ ਵਿਚੋਂ 221 ਖਾਲੀ ਪਈਆਂ ਹਨ ਅਤੇ 1274 ਭਰੀਆਂ ਹੋਈਆਂ ਹਨ। ਸਪੈਸ਼ਲ ਐਜੂਕੇਟਰ ਦੀਆਂ ਮਨਜ਼ੂਰਸ਼ੁਦਾ 1950 ਵਿਚੋਂ 1754 ਅਸਾਮੀਆਂ ਖਾਲੀ ਹਨ ਤੇ ਸਿਰਫ਼ 196 ਹੀ ਭਰੀਆਂ ਹੋਈਆਂ ਹਨ।
ਮਾਸਟਰ ਕੇਡਰ ਦੀਆਂ ਸਭ ਤੋਂ ਵੱਧ 59,513 ਮਨਜ਼ੂਰਸ਼ੁਦਾ ਅਸਾਮੀਆਂ ਹਨ, ਜਿਨ੍ਹਾਂ ਵਿਚੋਂ 39,135 ਅਸਾਮੀਆਂ ਭਰੀਆਂ ਹੋਈਆਂ ਹਨ ਅਤੇ 20,378 ਖਾਲੀ ਹਨ। ਯਾਨੀ ਸੂਬੇ ਦੇ ਹਾਈ ਤੇ ਹਾਇਰ ਸੈਕੰਡਰੀ ਸਕੂਲਾਂ ਵਿਚ ਅਧਿਆਪਕਾਂ ਦੀ ਵੱਡੇ ਪੱਧਰ ’ਤੇ ਘਾਟ ਹੈ। ਅੰਕੜੇ ਦੱਸਦੇ ਹਨ ਕਿ ਲੈਕਚਰਾਰ ਕੇਡਰ ਦੀਆਂ 14,130 ਅਸਾਮੀਆਂ ਮਨਜ਼ੂਰਸ਼ੁਦਾ ਹਨ, ਜਿਨ੍ਹਾਂ ਵਿਚੋਂ 10,397 ਭਰੀਆਂ ਹੋਈਆਂ ਹਨ ਅਤੇ 3733 ਪੋਸਟਾਂ ਖਾਲੀ ਪਈਆਂ ਹਨ। ਭਾਵੇਂ ਮਾਸਟਰ ਕੇਡਰ ਤੇ ਲੈਕਚਰਾਰ ਕੇਡਰ ਦੀਆਂ ਵਿਸ਼ਾ ਅਨੁਸਾਰ ਅਸਾਮੀਆਂ ਦੇ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਜ਼ਿਕਰ ਨਹੀਂ ਕੀਤਾ ਗਿਆ ਪਰ ਇਨ੍ਹਾਂ ਅੰਕੜਿਆਂ ਨੇ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।
ਅਸਾਮੀਆਂ ਭਰਨ ਲਈ ਚੱਲ ਰਹੀ ਹੈ ਭਰਤੀ ਪ੍ਰਕਿਰਿਆ
ਸਿੱਖਿਆ ਮੰਤਰੀ ਨੇ ਆਪਣੇ ਜਵਾਬ ਵਿਚ ਕਿਹਾ ਕਿ ਪ੍ਰਾਇਮਰੀ, ਐਲੀਮੈਂਟਰੀ, ਮਿਡਲ, ਹਾਈ ਤੇ ਹਾਇਰ ਸੈਕੰਡਰੀ ਸਕੂਲਾਂ ਵਿਚ ਉਪਰੋਕਤ ਅਸਾਮੀਆਂ ਸੇਵਾਮੁਕਤੀ, ਅਸਤੀਫ਼ਾ, ਤਰੱਕੀਆਂ, ਨਵੀਆਂ ਅਸਾਮੀਆਂ ਦੀਆਂ ਸਿਰਜਣਾ ਕਰ ਕੇ ਵੱਖ-ਵੱਖ ਸਮੇਂ ਤੋਂ ਖਾਲੀ ਹੋਈਆਂ ਹਨ। ਖਾਲੀ ਅਸਾਮੀਆਂ ਨੂੰ ਭਰਨ ਲਈ ਵਿਭਾਗ ਵਲੋਂ ਭਰਤੀ ਪ੍ਰਕਿਰਿਆ ਨਿਰੰਤਰ ਚੱਲ ਰਹੀ ਹੈ।