ਨਪੁੰਸਕ ਬਣਾਉਣ ਦੇ ਮਾਮਲੇ 'ਚ ਨਵਾਂ ਮੋੜ! ਰਾਮ ਰਹੀਮ ਕੇਸ ਦੇ ਅਮਰੀਕਾ ਰਹਿੰਦੇ 5-6 ਗਵਾਹਾਂ ਨੂੰ ਸੰਮਨ ਭੇਜਣ ਦੇ ਹੁਕਮ
ਸੀਬੀਆਈ ਦੇ ਸਪੈਸ਼ਲ ਪਬਲਿਕ ਪ੍ਰੋਜ਼ੀਕਿਊਟਰ ਨੇ ਕਿਹਾ ਕਿ ਅਮਰੀਕੀ ਨਾਗਰਿਕਾਂ ਨੂੰ ਸੰਮਨ ਭੇਜਣ ਦੀ ਪ੍ਰਕਿਰਿਆ ਲੰਮੀ ਹੁੰਦੀ ਹੈ, ਇਸ ਲਈ ਇਸ ਲਈ ਢੁੱਕਵਾਂ ਸਮਾਂ ਦਿੱਤਾ ਜਾਵੇ। ਅਦਾਲਤ ਨੇ ਹੋਲਡਿੰਗ ਇਨਵੈਸਟੀਗੇਟਿੰਗ ਅਫ਼ਸਰ ਰਾਕੇਸ਼ ਮੌਰਿਆ ਨੂੰ ਸਮਰੱਥ ਅਧਿਕਾਰੀਆਂ ਰਾਹੀਂ ਪੱਤਰ-ਵਿਹਾਰ ਕਰ ਕੇ ਅਮਰੀਕੀ ਗਵਾਹਾਂ ਤੱਕ ਸੰਮਨ ਪਹੁੰਚਾਉਣ ਦੇ ਨਿਰਦੇਸ਼ ਦਿੱਤੇ।
Publish Date: Sun, 29 Nov 2026 08:55 AM (IST)
Updated Date: Sun, 29 Nov 2026 08:59 AM (IST)
ਜਾਗਰਣ ਸੰਵਾਦਦਾਤਾ, ਪੰਚਕੂਲਾ : ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨਾਲ ਜੁੜੇ ਨਪੁੰਸਕ ਬਣਾਉਣ ਦੇ ਮਾਮਲੇ ’ਚ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਅਮਰੀਕਾ ’ਚ ਰਹਿੰਦੇ 5-6 ਗਵਾਹਾਂ ਨੂੰ ਸੰਮਨ ਭੇਜਣ ਦੀ ਪ੍ਰਕਿਰਿਆ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਦਾਲਤ ਨੇ ਸਪੱਸ਼ਟ ਕੀਤਾ ਕਿ ਮੁਕੱਦਮੇ ਦੇ ਨਿਪਟਾਰੇ ’ਚ ਪਹਿਲਾਂ ਹੀ ਕਾਫ਼ੀ ਦੇਰੀ ਹੋ ਚੁੱਕੀ ਹੈ, ਇਸ ਲਈ ਵਿਦੇਸ਼ੀ ਗਵਾਹਾਂ ਤੱਕ ਸੰਮਨ ਪਹੁੰਚਾਉਣ ’ਚ ਬੇਲੋੜੀ ਦੇਰੀ ਨਹੀਂ ਹੋਣੀ ਚਾਹੀਦੀ।
ਵਿਸ਼ੇਸ਼ ਨਿਆਂਇਕ ਮੈਜਿਸਟ੍ਰੇਟ ਅਨਿਲ ਕੁਮਾਰ ਯਾਦਵ ਦੀ ਅਦਾਲਤ ’ਚ 25 ਨਵੰਬਰ ਨੂੰ ਮਾਮਲੇ ਦੀ ਸੁਣਵਾਈ ਹੋਈ। ਇਸ ਦੌਰਾਨ ਇਸਤਗਾਸਾ ਪੱਖ ਦੇ ਪੰਜ ਗਵਾਹਾਂ-ਪੀਡਬਲਿਊ-37 ਬਸੰਤ ਸਿੰਘ, ਪੀਡਬਲਿਊ-38 ਐੱਲ.ਡੀ. ਬਾਂਸਲ, ਪੀਡਬਲਿਊ-39 ਦਲਜੀਤ ਸਿੰਘ, ਪੀਡਬਲਿਊ-40 ਵਿਕਾਸ ਗੁਪਤਾ ਅਤੇ ਪੀਡਬਲਿਊ-41 ਤਰੁਣ ਕੁਮਾਰ ਵਰਮਾ ਦੀ ਗਵਾਹੀ ਦਰਜ ਕੀਤੀ ਗਈ। ਸੁਣਵਾਈ ਦੌਰਾਨ ਬਚਾਅ ਪੱਖ ਦੇ ਵਕੀਲਾਂ ਨੇ ਅਦਾਲਤ ਨੂੰ ਦੱਸਿਆ ਕਿ ਅਮਰੀਕਾ ’ਚ ਰਹਿਣ ਵਾਲੇ 5-6 ਗਵਾਹਾਂ ਦਾ ਨਪੁੰਸਕ ਬਣਾਉਣ ਦੇ ਦੋਸ਼ ਲਾਉਣ ਵਾਲੇ ਵਿਅਕਤੀ (ਪੀਡਬਲਿਊ-27) ਦੀ ਡਾਕਟਰੀ ਜਾਂਚ ਨਾਲ ਸਬੰਧ ਹੈ। ਦੋਵਾਂ ਦੇਸ਼ਾਂ ਦੇ ਸਮੇਂ ’ਚ ਫ਼ਰਕ ਹੋਣ ਕਾਰਨ ਉਨ੍ਹਾਂ ਨੇ ਦਸੰਬਰ ਦੇ ਪਹਿਲੇ ਜਾਂ ਦੂਜੇ ਹਫ਼ਤੇ ’ਚ ਗਵਾਹੀ ਲਈ ਤਰੀਕ ਤੈਅ ਕਰਨ ਦੀ ਬੇਨਤੀ ਕੀਤੀ। ਵਕੀਲਾਂ ਨੇ ਗਵਾਹਾਂ ਦੀ ਵੱਧ ਉਮਰ ਅਤੇ ਸਰਦੀਆਂ ’ਚ ਦੇਰ ਰਾਤ ਤੱਕ ਅਦਾਲਤ ’ਚ ਬੈਠਣ ਨਾਲ ਹੋਣ ਵਾਲੀ ਦਿੱਕਤ ਦਾ ਵੀ ਜ਼ਿਕਰ ਕੀਤਾ।
ਸੀਬੀਆਈ ਦੇ ਸਪੈਸ਼ਲ ਪਬਲਿਕ ਪ੍ਰੋਜ਼ੀਕਿਊਟਰ ਨੇ ਕਿਹਾ ਕਿ ਅਮਰੀਕੀ ਨਾਗਰਿਕਾਂ ਨੂੰ ਸੰਮਨ ਭੇਜਣ ਦੀ ਪ੍ਰਕਿਰਿਆ ਲੰਮੀ ਹੁੰਦੀ ਹੈ, ਇਸ ਲਈ ਇਸ ਲਈ ਢੁੱਕਵਾਂ ਸਮਾਂ ਦਿੱਤਾ ਜਾਵੇ। ਅਦਾਲਤ ਨੇ ਹੋਲਡਿੰਗ ਇਨਵੈਸਟੀਗੇਟਿੰਗ ਅਫ਼ਸਰ ਰਾਕੇਸ਼ ਮੌਰਿਆ ਨੂੰ ਸਮਰੱਥ ਅਧਿਕਾਰੀਆਂ ਰਾਹੀਂ ਪੱਤਰ-ਵਿਹਾਰ ਕਰ ਕੇ ਅਮਰੀਕੀ ਗਵਾਹਾਂ ਤੱਕ ਸੰਮਨ ਪਹੁੰਚਾਉਣ ਦੇ ਨਿਰਦੇਸ਼ ਦਿੱਤੇ। ਬ੍ਰਾਂਚ ਮੁਖੀ ਨੂੰ ਵੀ ਇਸ ਪ੍ਰਕਿਰਿਆ ’ਚ ਮਾਰਗਦਰਸ਼ਨ ਦੇਣ ਲਈ ਕਿਹਾ ਗਿਆ। ਅਦਾਲਤ ਨੇ ਇਸਤਗਾਸਾ ਪੱਖ ਦੇ ਬਾਕੀ ਗਵਾਹਾਂ ਦੀ ਗਵਾਹੀ ਲਈ ਅਗਲੀ ਸੁਣਵਾਈ 18 ਦਸੰਬਰ 2026 ਤੈਅ ਕੀਤੀ ਹੈ।