
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਵਿਭਾਗ ਦੀ ਕਾਰਗੁਜ਼ਾਰੀ ਸਮੀਖਿਆ ਕਰਨ ਉਪਰੰਤ ਵੇਰਵੇ ਸਾਂਝੇ ਕਰਦਿਆਂ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਇਸ ਮੁਲਾਂਕਣ ਵਿਚ 'ਪੰਜਾਬ ਟਰਾਂਸਪੇਰੈਂਸੀ ਐਂਡ ਅਕਾਊਂਟੇਬਿਲਟੀ ਇਨ ਡਿਲੀਵਰੀ ਆਫ਼ ਪਬਲਿਕ ਸਰਵਿਸਿਜ਼ ਐਕਟ, 2018' ਅਧੀਨ ਨੋਟੀਫਾਈ ਕੀਤੀਆਂ 12 ਪ੍ਰਮੁੱਖ ਜਨਤਕ ਸੇਵਾਵਾਂ ਨੂੰ ਸ਼ਾਮਲ ਕੀਤਾ ਗਿਆ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਵਿੱਤ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਨੇ ਡਰਾਈਵਿੰਗ ਲਾਇਸੰਸ (ਡੀ.ਐੱਲ.) ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰ.ਸੀ.) ਸੇਵਾਵਾਂ ਵਿਚ ਕੁੱਲ ਬਕਾਇਆ ਦਰ ਨੂੰ ਘਟਾ ਕੇ ਮਹਿਜ਼ 0.36% ਕਰ ਦਿੱਤਾ ਹੈ, ਜਿਸ ਨਾਲ ਬਕਾਇਆ ਮਾਮਲੇ ਇਕ ਫੀਸਦ ਦੇ ਪੈਮਾਨੇ ਤੋਂ ਕਾਫ਼ੀ ਹੇਠਾਂ ਰਹੇ ਹਨ।
ਵਿਭਾਗ ਦੀ ਕਾਰਗੁਜ਼ਾਰੀ ਸਮੀਖਿਆ ਕਰਨ ਉਪਰੰਤ ਵੇਰਵੇ ਸਾਂਝੇ ਕਰਦਿਆਂ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਇਸ ਮੁਲਾਂਕਣ ਵਿਚ 'ਪੰਜਾਬ ਟਰਾਂਸਪੇਰੈਂਸੀ ਐਂਡ ਅਕਾਊਂਟੇਬਿਲਟੀ ਇਨ ਡਿਲੀਵਰੀ ਆਫ਼ ਪਬਲਿਕ ਸਰਵਿਸਿਜ਼ ਐਕਟ, 2018' ਅਧੀਨ ਨੋਟੀਫਾਈ ਕੀਤੀਆਂ 12 ਪ੍ਰਮੁੱਖ ਜਨਤਕ ਸੇਵਾਵਾਂ ਨੂੰ ਸ਼ਾਮਲ ਕੀਤਾ ਗਿਆ। ਇਸ ਸਮੀਖਿਆ ਮੀਟਿੰਗ ਵਿਚ ਸਟੇਟ ਟਰਾਂਸਪੋਰਟ ਕਮਿਸ਼ਨਰ ਪਰਨੀਤ ਸ਼ੇਰਗਿੱਲ ਸਮੇਤ ਪੰਜਾਬ ਭਰ ਦੇ ਉਪ ਮੰਡਲ ਮੈਜਿਸਟ੍ਰੇਟ-ਕਮ-ਲਾਇਸੰਸਿੰਗ ਤੇ ਰਜਿਸਟਰਿੰਗ ਅਥਾਰਟੀਆਂ ਅਤੇ ਖੇਤਰੀ ਟਰਾਂਸਪੋਰਟ ਅਫ਼ਸਰ (ਆਰ.ਟੀ.ਓ.) ਸ਼ਾਮਲ ਹੋਏ।
ਉਨ੍ਹਾਂ ਕਿਹਾ ਕਿ 1 ਜਨਵਰੀ ਤੋਂ 17 ਅਗਸਤ ਦਰਮਿਆਨ ਵਿਭਾਗ ਨੂੰ ਰਜਿਸਟ੍ਰੇਸ਼ਨ ਸਰਟੀਫਿਕੇਟਾਂ ਲਈ 15,55,958 ਅਰਜ਼ੀਆਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿੱਚੋਂ ਨਿਰਧਾਰਤ ਸਮਾਂ-ਸੀਮਾ ਤੋਂ ਬਾਅਦ ਸਿਰਫ਼ 3673 ਅਰਜ਼ੀਆਂ ਹੀ ਬਕਾਇਆ ਰਹੀਆਂ, ਜਿਸ ਨਾਲ ਬਕਾਇਆ ਦਰ ਮਹਿਜ਼ 0.24% ਦਰਜ ਕੀਤੀ ਗਈ। ਇਸੇ ਤਰ੍ਹਾਂ ਡਰਾਈਵਿੰਗ ਲਾਇਸੰਸਾਂ ਲਈ ਪ੍ਰਾਪਤ ਹੋਈਆਂ 2,71,146 ਅਰਜ਼ੀਆਂ ਵਿੱਚੋਂ ਸਿਰਫ਼ 2,871 ਮਾਮਲੇ ਹੀ ਬਕਾਇਆ ਸਨ, ਜੋ ਕਿ ਸਿਰਫ਼ 1.06% ਦੀ ਘੱਟ ਬਕਾਇਆ ਦਰ ਨੂੰ ਦਰਸਾਉਂਦਾ ਹੈ।
ਚੀਮਾ ਨੇ ਕਿਹਾ ਕਿ ਡਰਾਈਵਿੰਗ ਲਾਇਸੰਸ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਸੇਵਾਵਾਂ ਲਈ ਪ੍ਰਾਪਤ ਹੋਈਆਂ ਕੁੱਲ 18,27,104 ਅਰਜ਼ੀਆਂ ਵਿੱਚੋਂ ਨਿਰਧਾਰਤ ਸਮੇਂ ਤੋਂ ਬਾਅਦ ਸਿਰਫ਼ 6,544 ਮਾਮਲੇ ਹੀ ਬਕਾਇਆ ਸਨ, ਜਿਸ ਨਾਲ ਸਮੁੱਚੀ ਬਕਾਇਆ ਦਰ ਸਿਰਫ਼ 0.36% ਰਹਿ ਗਈ ਹੈ। ਇਹ ਅੰਕੜੇ ਵਿਭਾਗ ਦੀ ਨਿਰੰਤਰ ਨਿਗਰਾਨੀ ਅਤੇ ਸੁਚਾਰੂ ਨਿਪਟਾਰਾ ਪ੍ਰਣਾਲੀ ਦਾ ਸਪੱਸ਼ਟ ਸਬੂਤ ਹਨ।