ਨਗਰ ਨਿਗਮ ਨੇ ਇਸ ਵਾਰ ਪਾਣੀ ਦੀ ਬਰਬਾਦੀ 'ਤੇ ਇੱਕ ਹਫ਼ਤਾ ਪਹਿਲਾਂ ਹੀ ਕਾਰਵਾਈ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਗਰਮੀ ਵਧਣ ਕਾਰਨ ਪਾਣੀ ਦੀ ਖਪਤ ਅਤੇ ਬਰਬਾਦੀ ਦੋਵੇਂ ਵਧ ਰਹੀਆਂ ਹਨ, ਜਿਸ ਕਾਰਨ ਇਹ ਮੁਹਿੰਮ ਜਲਦੀ ਸ਼ੁਰੂ ਕੀਤੀ ਜਾ ਰਹੀ ਹੈ।

ਜਾਗਰਣ ਸੰਵਾਦਦਾਤਾ, ਚੰਡੀਗੜ੍ਹ: ਪਾਣੀ ਦੀ ਬਰਬਾਦੀ ਕਰਨ ਵਾਲਿਆਂ ਖ਼ਿਲਾਫ਼ ਹੁਣ ਨਗਰ ਨਿਗਮ ਸਖ਼ਤ ਰੁਖ਼ ਅਖ਼ਤਿਆਰ ਕਰਨ ਜਾ ਰਿਹਾ ਹੈ। ਅਜਿਹੀ ਲਾਪਰਵਾਹੀ 'ਤੇ ਨਿਗਮ ਦੀ ਟੀਮ ਵੱਲੋਂ 6,000 ਰੁਪਏ ਦਾ ਚਲਾਨ ਕੱਟਿਆ ਜਾਵੇਗਾ। ਇਹ ਟੀਮਾਂ ਅਗਲੇ ਹਫ਼ਤੇ ਤੋਂ ਸਵੇਰ ਵੇਲੇ ਪਾਣੀ ਦੀ ਸਪਲਾਈ ਦੇ ਸਮੇਂ ਹੀ ਵੱਖ-ਵੱਖ ਇਲਾਕਿਆਂ ਵਿੱਚ ਕਾਰਵਾਈ ਲਈ ਨਿਕਲਣਗੀਆਂ।
ਇਸ ਵਾਰ ਨਗਰ ਨਿਗਮ ਨੇ ਪਾਣੀ ਦੀ ਬਰਬਾਦੀ 'ਤੇ ਇੱਕ ਹਫ਼ਤਾ ਪਹਿਲਾਂ ਹੀ ਕਾਰਵਾਈ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਗਰਮੀ ਵਧਣ ਕਾਰਨ ਪਾਣੀ ਦੀ ਖਪਤ ਅਤੇ ਬਰਬਾਦੀ ਦੋਵੇਂ ਵਧ ਰਹੀਆਂ ਹਨ, ਜਿਸ ਕਾਰਨ ਇਹ ਮੁਹਿੰਮ ਜਲਦੀ ਸ਼ੁਰੂ ਕੀਤੀ ਜਾ ਰਹੀ ਹੈ।
ਇਹ ਕਾਰਵਾਈ ਚੰਡੀਗੜ੍ਹ ਜਲ ਸਪਲਾਈ ਉਪ-ਨਿਯਮਾਂ ਦੀਆਂ ਧਾਰਾਵਾਂ 13(x), 29(a), 34(d, e, g) ਅਤੇ 47 ਦੇ ਤਹਿਤ ਕੀਤੀ ਜਾਵੇਗੀ। ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਦੱਸਿਆ ਕਿ ਪਾਣੀ ਦੀ ਸੰਭਾਲ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ। 30 ਜੂਨ ਤੱਕ ਪਾਣੀ ਦੀ ਬਰਬਾਦੀ 'ਤੇ ਇਹ ਕਾਰਵਾਈ ਜਾਰੀ ਰਹੇਗੀ। ਵਾਰ-ਵਾਰ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦਾ ਪਾਣੀ ਦਾ ਕੁਨੈਕਸ਼ਨ ਬਿਨਾਂ ਕਿਸੇ ਨੋਟਿਸ ਦੇ ਕੱਟ ਦਿੱਤਾ ਜਾਵੇਗਾ ਅਤੇ ਭਾਰੀ ਜੁਰਮਾਨਾ ਲਗਾਇਆ ਜਾਵੇਗਾ।
ਨਾਗਰਿਕਾਂ ਨੂੰ ਨੋਟਿਸ ਜਾਰੀ ਹੋਣ ਦੇ 24 ਘੰਟਿਆਂ ਦੇ ਅੰਦਰ ਸਾਰੀਆਂ ਖਾਮੀਆਂ ਠੀਕ ਕਰਨੀਆਂ ਹੋਣਗੀਆਂ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਸਬੰਧਤ ਘਰ ਜਾਂ ਇਮਾਰਤ ਦੀ ਜਲ ਸਪਲਾਈ ਬੰਦ ਕਰ ਦਿੱਤੀ ਜਾਵੇਗੀ ਅਤੇ 6,000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ। ਇਹ ਜੁਰਮਾਨਾ ਅਗਲੇ ਪਾਣੀ ਦੇ ਬਿੱਲ ਵਿੱਚ ਜੋੜ ਕੇ ਭੇਜਿਆ ਜਾਵੇਗਾ।
ਚੰਡੀਗੜ੍ਹ 'ਚ ਪਾਣੀ ਦੀ ਖਪਤ ਪੂਰੇ ਦੇਸ਼ ਵਿਚ ਸਭ ਤੋਂ ਵੱਧ ਹੈ। ਇੱਥੇ ਪ੍ਰਤੀ ਵਿਅਕਤੀ ਰੋਜ਼ਾਨਾ ਲਗਪਗ 254 ਲੀਟਰ ਪਾਣੀ ਉਪਲਬਧ ਹੈ, ਜੋ ਕਿ ਰਾਸ਼ਟਰੀ ਮਿਆਰ (135 ਲੀਟਰ) ਤੋਂ ਕਿਤੇ ਜ਼ਿਆਦਾ ਹੈ। ਹਾਲਾਂਕਿ, ਲਗਪਗ 30 ਫ਼ੀਸਦੀ ਪਾਣੀ ਪੁਰਾਣੀਆਂ ਪਾਈਪਾਂ ਦੇ ਰਿਸਾਅ ਕਾਰਨ ਬਰਬਾਦ ਹੋ ਜਾਂਦਾ ਹੈ ਅਤੇ ਬਾਕੀ ਲੋਕਾਂ ਦੀ ਲਾਪਰਵਾਹੀ ਕਾਰਨ ਅਜਾਈਂ ਜਾਂਦਾ ਹੈ।
ਪੀਣ ਵਾਲੇ ਪਾਣੀ 'ਤੇ ਨਿਰਭਰਤਾ ਘਟਾਉਣ ਲਈ ਨਿਗਮ ਨੇ 'ਟਰਸ਼ਰੀ ਟ੍ਰੀਟਿਡ ਵਾਟਰ' ਕੁਨੈਕਸ਼ਨ ਲੈਣਾ ਲਾਜ਼ਮੀ ਕਰ ਦਿੱਤਾ ਹੈ, ਖਾਸ ਕਰ ਕੇ ਉਨ੍ਹਾਂ ਇਲਾਕਿਆਂ ਵਿੱਚ ਜਿੱਥੇ ਇਹ ਲਾਈਨ ਵਿਛਾਈ ਜਾ ਚੁੱਕੀ ਹੈ। ਕੁਨੈਕਸ਼ਨ ਨਾ ਲੈਣ ਵਾਲਿਆਂ ਨੂੰ ਨੋਟਿਸ ਭੇਜੇ ਜਾ ਰਹੇ ਹਨ।