ਡਿਪਟੀ ਕਮਿਸ਼ਨਰ ਨੇ ਨੀਟ ਪ੍ਰੀਖਿਆ ਦੇ ਮੱਦੇਨਜ਼ਰ ਅਧਿਕਾਰੀਆਂ ਨਾਲ ਕੀਤੀ ਅਹਿਮ ਬੈਠਕ, ਨਿਰਪੱਖ ਪ੍ਰੀਖਿਆ ਕਰਵਾਉਣ ਦੇ ਦਿੱਤੇ ਸਖ਼ਤ ਨਿਰਦੇਸ਼
ਮੁਹਾਲੀ ਦੇ ਡੀਸੀ ਕੋਮਲ ਮਿੱਤਲ ਨੇ ਸ਼ੁੱਕਰਵਾਰ ਨੂੰ ਜ਼ਿਲ੍ਹੇ ਵਿਚ ਨੀਟ-ਯੂਜੀ 2026 ਪ੍ਰੀਖਿਆ ਦੇ ਸੰਚਾਲਨ ਲਈ ਕੀਤੇ ਗਏ ਪ੍ਰਬੰਧਾਂ ਦੀ ਸਮੀਖਿਆ ਕੀਤੀ ਅਤੇ ਸਬੰਧਤ ਅਧਿਕਾਰੀਆਂ ਨੂੰ ਪ੍ਰੀਖਿਆ ਦੇ ਨਿਰਪੱਖ, ਪਾਰਦਰਸ਼ੀ, ਸੁਰੱਖਿਅਤ ਅਤੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।
Publish Date: Sat, 20 Jun 2026 12:03 PM (IST)
Updated Date: Sat, 20 Jun 2026 12:08 PM (IST)
ਪੰਜਾਬੀ ਜਾਗਰਣ ਰਿਪੋਰਟਰ, ਮੁਹਾਲੀ। ਮੁਹਾਲੀ ਦੇ ਡੀਸੀ ਕੋਮਲ ਮਿੱਤਲ ਨੇ ਸ਼ੁੱਕਰਵਾਰ ਨੂੰ ਜ਼ਿਲ੍ਹੇ ਵਿਚ ਨੀਟ-ਯੂਜੀ 2026 ਪ੍ਰੀਖਿਆ ਦੇ ਸੰਚਾਲਨ ਲਈ ਕੀਤੇ ਗਏ ਪ੍ਰਬੰਧਾਂ ਦੀ ਸਮੀਖਿਆ ਕੀਤੀ ਅਤੇ ਸਬੰਧਤ ਅਧਿਕਾਰੀਆਂ ਨੂੰ ਪ੍ਰੀਖਿਆ ਦੇ ਨਿਰਪੱਖ, ਪਾਰਦਰਸ਼ੀ, ਸੁਰੱਖਿਅਤ ਅਤੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।
ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਸਾਂਝੀ ਬੈਠਕ ਦੌਰਾਨ ਡੀਸੀ ਕੋਮਲ ਮਿੱਤਲ ਨੇ ਕਿਹਾ ਕਿ ਪ੍ਰੀਖਿਆ ਦੀ ਪਵਿੱਤਰਤਾ ਅਤੇ ਭਰੋਸੇਯੋਗਤਾ ਨੂੰ ਕਾਇਮ ਰੱਖਣ ਲਈ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸਾਰੇ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਦਿਆਂ ਪ੍ਰੀਖਿਆ ਕੇਂਦਰਾਂ 'ਤੇ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਲਈ ਕਿਹਾ।
ਡੀਸੀ ਨੇ ਦੱਸਿਆ ਕਿ 21 ਜੂਨ ਨੂੰ ਹੋਣ ਵਾਲੀ ਨੀਟ-ਯੂਜੀ 2026 ਪ੍ਰੀਖਿਆ ਲਈ ਜ਼ਿਲ੍ਹੇ ਵਿਚ ਅੱਠ ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਇਨ੍ਹਾਂ ਵਿਚ ਸਕੂਲ ਆਫ਼ ਐਮੀਨੈਂਸ ਫੇਜ਼-11, ਸਕੂਲ ਆਫ਼ ਐਮੀਨੈਂਸ ਫੇਜ਼-3ਬੀ1, ਸਕੂਲ ਆਫ਼ ਐਮੀਨੈਂਸ, ਖਰੜ, ਪੀਐੱਮਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਹੌੜਾਂ, ਪੀਐੱਮਸ਼੍ਰੀ ਸਰਕਾਰੀ ਹਾਈ ਸਕੂਲ ਦੇਸੂਮਾਜਰਾ; ਕੇਂਦਰੀ ਵਿਦਿਆਲਿਆ ਸੈਕਟਰ-80, ਕੇਂਦਰੀ ਵਿਦਿਆਲਿਆ ਕੇ-ਏਰੀਆ, ਜ਼ੀਰਕਪੁਰ ਅਤੇ ਪੀਐੱਮਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਰਕੌਲੀ ਸ਼ਾਮਲ ਹਨ।
ਸ੍ਰੀਮਤੀ ਕੋਮਲ ਮਿੱਤਲ ਨੇ ਦੱਸਿਆ ਕਿ ਪ੍ਰੀਖਿਆ ਦੁਪਹਿਰ 2 ਵਜੇ ਤੋਂ ਸ਼ਾਮ 5:15 ਵਜੇ ਤੱਕ ਹੋਵੇਗੀ। ਪ੍ਰੀਖਿਆਰਥੀਆਂ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1:30 ਵਜੇ ਤੱਕ ਆਪੋ-ਆਪਣੇ ਪ੍ਰੀਖਿਆ ਕੇਂਦਰਾਂ 'ਤੇ ਰਿਪੋਰਟ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਸੁਰੱਖਿਆ ਜਾਂਚ, ਦਸਤਾਵੇਜ਼ਾਂ ਦੀ ਤਸਦੀਕ ਅਤੇ ਹੋਰ ਪ੍ਰੀਖਿਆ-ਪੂਰਵ ਰਸਮਾਂ ਸਮੇਂ ਸਿਰ ਪੂਰੀਆਂ ਕੀਤੀਆਂ ਜਾ ਸਕਣ। ਉਨ੍ਹਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਸਮੇਂ ਤੋਂ ਪਹਿਲਾਂ ਪ੍ਰੀਖਿਆ ਕੇਂਦਰਾਂ 'ਤੇ ਪਹੁੰਚਣ ਅਤੇ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ।
ਡੀਸੀ ਨੇ ਦੱਸਿਆ ਕਿ ਪ੍ਰਸ਼ਨ ਪੱਤਰਾਂ ਨੂੰ ਪ੍ਰਸ਼ਨ ਪੱਤਰ ਬੈਂਕ ਤੋਂ ਪ੍ਰੀਖਿਆ ਕੇਂਦਰਾਂ ਤੱਕ ਸਖ਼ਤ ਪੁਲਿਸ ਸੁਰੱਖਿਆ ਅਤੇ ਨਿਗਰਾਨੀ ਹੇਠ ਪਹੁੰਚਾਇਆ ਜਾਵੇਗਾ। ਪ੍ਰੀਖਿਆ ਪ੍ਰਕਿਰਿਆ ਦੀ ਨਿਗਰਾਨੀ ਲਈ ਅੱਠ ਆਬਜ਼ਰਵਰ ਵੀ ਨਿਯੁਕਤ ਕੀਤੇ ਗਏ ਹਨ, ਜੋ ਪ੍ਰੀਖਿਆ ਦੌਰਾਨ ਹਰ ਗਤੀਵਿਧੀ 'ਤੇ ਕਰੜੀ ਨਜ਼ਰ ਰੱਖਣਗੇ।
ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਪ੍ਰੀਖਿਆ ਕੇਂਦਰਾਂ ਦੇ ਨੇੜੇ ਕਿਸੇ ਵੀ ਅਣਅਧਿਕਾਰਤ ਵਿਅਕਤੀ ਨੂੰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ ਕੇਵਲ ਪ੍ਰੀਖਿਆਰਥੀਆਂ ਅਤੇ ਉਨ੍ਹਾਂ ਦੇ ਨਾਲ ਆਉਣ ਵਾਲੇ ਪਰਿਵਾਰਕ ਮੈਂਬਰਾਂ ਨੂੰ ਹੀ ਆਉਣ ਦੀ ਇਜਾਜ਼ਤ ਹੋਵੇਗੀ।
ਪ੍ਰੀਖਿਆ ਕੇਂਦਰਾਂ ’ਤੇ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ
ਸਮੂਹ ਉਪ ਮੰਡਲ ਮੈਜਿਸਟਰੇਟਾਂ (ਐੱਸਡੀਐੱਮ) ਨੂੰ ਆਪੋ-ਆਪਣੇ ਖੇਤਰਾਂ ਵਿਚ ਪ੍ਰੀਖਿਆ ਕੇਂਦਰਾਂ 'ਤੇ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਤੋਂ ਇਲਾਵਾ ਕੇਂਦਰ-ਵਾਰ ਕਾਰਜਕਾਰੀ ਮੈਜਿਸਟਰੇਟ ਵੀ ਤਾਇਨਾਤ ਕੀਤੇ ਗਏ ਹਨ। ਸਾਰੇ ਪ੍ਰੀਖਿਆ ਕੇਂਦਰਾਂ 'ਤੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਤਾਂ ਜੋ ਸੁਰੱਖਿਆ ਅਤੇ ਨਿਗਰਾਨੀ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।
ਆਵਾਜਾਈ ਸੁਚਾਰੂ ਬਣਾਉਣ ਦੀ ਮੰਗ
ਵਿਦਿਆਰਥੀਆਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਜਨਰਲ ਮੈਨੇਜਰ, ਪੰਜਾਬ ਰੋਡਵੇਜ਼, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਡਾਇਰੈਕਟਰ, ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਨੂੰ ਲੋੜੀਂਦੀਆਂ ਬੱਸਾਂ ਦੀ ਉਪਲੱਬਧਤਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ, ਤਾਂ ਜੋ ਜਨਤਕ ਆਵਾਜਾਈ ਰਾਹੀਂ ਪ੍ਰੀਖਿਆ ਕੇਂਦਰਾਂ 'ਤੇ ਜਾਣ ਵਾਲੇ ਵਿਦਿਆਰਥੀਆਂ ਨੂੰ ਕੋਈ ਦਿੱਕਤ ਨਾ ਆਵੇ।