ਚੰਡੀਗੜ੍ਹ 'ਚ ਪੇਡ ਪਾਰਕਿੰਗ 'ਚ ਕੋਈ ਛੋਟ ਨਹੀਂ, ਪਹਿਲੇ 15 ਮਿੰਟ ਦੀ ਰਾਹਤ ਵੀ ਖ਼ਤਮ; EV ਵਾਹਨਾਂ ਨੂੰ ਵੀ ਦੇਣਾ ਪਵੇਗਾ ਭੁਗਤਾਨ
ਨਵੀਂ ਵਿਵਸਥਾ ਤਹਿਤ ਸਾਰੇ ਵਾਹਨਾਂ ਨੂੰ ਨਿਰਧਾਰਿਤ ਫੀਸ ਅਦਾ ਕਰਨੀ ਪਵੇਗੀ। 2023 'ਚ ਇਲੈਕਟ੍ਰਿਕ ਵਾਹਨਾਂ ਨੂੰ ਦਿੱਤੀ ਗਈ ਛੋਟ ਹੁਣ ਵਾਪਸ ਲੈ ਲਈ ਗਈ ਹੈ। ਇਸ ਤੋਂ ਇਲਾਵਾ ਡਿਲੀਵਰੀ ਸੇਵਾਵਾਂ ਜਿਵੇਂ ਸਵਿਗੀ, ਜ਼ੋਮੈਟੋ ਜਾਂ ਹੋਰ ਕਿਸੇ ਵੀ ਪਲੇਟਫਾਰਮ ਦੇ ਵਾਹਨ ਬਿਨਾਂ ਫੀਸ ਦਿੱਤੇ ਪਾਰਕਿੰਗ ਵਿੱਚ ਦਾਖਲ ਜਾਂ ਬਾਹਰ ਨਹੀਂ ਜਾ ਸਕਣਗੇ।
Publish Date: Sun, 15 Feb 2026 03:05 PM (IST)
Updated Date: Sun, 15 Feb 2026 03:09 PM (IST)
ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਸ਼ਹਿਰ 'ਚ ਨਗਰ ਨਿਗਮ ਦੀਆਂ ਪੇਡ ਪਾਰਕਿੰਗਾਂ 'ਚ ਹੁਣ ਕਿਸੇ ਵੀ ਵਾਹਨ ਨੂੰ ਕੋਈ ਛੋਟ ਨਹੀਂ ਮਿਲੇਗੀ। ਇਲੈਕਟ੍ਰਿਕ ਵਾਹਨਾਂ (EVs) ਲਈ ਵੀ ਹੁਣ ਪਾਰਕਿੰਗ ਫੀਸ ਭਰਨੀ ਪਵੇਗੀ। ਪਹਿਲਾਂ ਮਿਲਣ ਵਾਲੀ 15 ਮਿੰਟ ਦੀ ਫ੍ਰੀ ਪਾਰਕਿੰਗ ਦੀ ਸਹੂਲਤ ਵੀ ਹੁਣ ਖ਼ਤਮ ਕਰ ਦਿੱਤੀ ਗਈ ਹੈ। ਨਿਗਮ ਕਮਿਸ਼ਨਰ ਅਮਿਤ ਕੁਮਾਰ ਦੇ ਹੁਕਮਾਂ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।
ਨਵੀਂ ਵਿਵਸਥਾ ਤਹਿਤ ਸਾਰੇ ਵਾਹਨਾਂ ਨੂੰ ਨਿਰਧਾਰਿਤ ਫੀਸ ਅਦਾ ਕਰਨੀ ਪਵੇਗੀ। 2023 'ਚ ਇਲੈਕਟ੍ਰਿਕ ਵਾਹਨਾਂ ਨੂੰ ਦਿੱਤੀ ਗਈ ਛੋਟ ਹੁਣ ਵਾਪਸ ਲੈ ਲਈ ਗਈ ਹੈ। ਇਸ ਤੋਂ ਇਲਾਵਾ ਡਿਲੀਵਰੀ ਸੇਵਾਵਾਂ ਜਿਵੇਂ ਸਵਿਗੀ, ਜ਼ੋਮੈਟੋ ਜਾਂ ਹੋਰ ਕਿਸੇ ਵੀ ਪਲੇਟਫਾਰਮ ਦੇ ਵਾਹਨ ਬਿਨਾਂ ਫੀਸ ਦਿੱਤੇ ਪਾਰਕਿੰਗ ਵਿੱਚ ਦਾਖਲ ਜਾਂ ਬਾਹਰ ਨਹੀਂ ਜਾ ਸਕਣਗੇ।
ਨਿਗਮ ਨੇ ਪਾਰਕਿੰਗ ਵਿਵਸਥਾ ਸੁਧਾਰਨ ਲਈ 'ਵਨ ਪਾਸ ਸਕੀਮ' ਲਾਂਚ ਕੀਤੀ ਹੈ। ਇਸ ਵਿਚ ਦੋਪਹੀਆ ਵਾਹਨਾਂ ਲਈ 250 ਰੁਪਏ ਤੇ ਚਾਰ ਪਹੀਆ ਵਾਹਨਾਂ ਲਈ 500 ਰੁਪਏ 'ਚ ਮਹੀਨਾਵਾਰ ਪਾਸ ਉਪਲਬਧ ਹੈ। ਹੁਣ ਤੱਕ 4,000 ਤੋਂ ਵੱਧ ਲੋਕ ਇਹ ਪਾਸ ਬਣਵਾ ਚੁੱਕੇ ਹਨ। ਕਾਂਗਰਸ ਅਤੇ ਆਮ ਲੋਕਾਂ ਵੱਲੋਂ ਇਹ ਇਤਰਾਜ਼ ਉਠਾਇਆ ਜਾ ਰਿਹਾ ਹੈ ਕਿ ਸਮਾਰਟ ਪਾਰਕਿੰਗ ਦੇ ਨਾਂ 'ਤੇ ਪੈਸੇ ਤਾਂ ਲਏ ਜਾ ਰਹੇ ਹਨ, ਪਰ ਸਹੂਲਤਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।
ਨਿਗਮ ਕਮਿਸ਼ਨਰ ਨੇ ਸੈਕਟਰ-7 ਦੀ ਪਾਰਕਿੰਗ ਦਾ ਅਚਨਚੇਤ ਨਿਰੀਖਣ ਕੀਤਾ, ਜਿੱਥੇ ਲਾਪਰਵਾਹੀ ਪਾਈ ਗਈ। ਬਿਨਾਂ ਸਲਿੱਪ ਜਾਂ ਪਾਸ ਦੇ ਵਾਹਨਾਂ ਨੂੰ ਬਾਹਰ ਜਾਣ ਦੇਣ 'ਤੇ ਸਬੰਧਤ ਮੁਲਾਜ਼ਮਾੰ ਖ਼ਿਲਾਫ਼ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਹਨ।
ਫ੍ਰੀ ਪਾਰਕਿੰਗ ਨੂੰ ਪੇਡ ਕਰਨ ਦੀ ਤਿਆਰੀ
ਨਗਰ ਨਿਗਮ ਦੀਆਂ 213 ਫ੍ਰੀ ਪਾਰਕਿੰਗਾਂ ਨੂੰ ਪੇਡ ਕਰਨ ਦਾ ਪ੍ਰਸਤਾਵ 11 ਫਰਵਰੀ ਦੀ ਮੀਟਿੰਗ ਵਿੱਚ ਲਿਆਂਦਾ ਗਿਆ ਸੀ। ਹਾਲਾਂਕਿ ਮੇਅਰ ਸੌਰਭ ਜੋਸ਼ੀ ਅਤੇ ਸਾਰੇ ਕੌਂਸਲਰਾਂ ਨੇ ਇਸ ਦਾ ਵਿਰੋਧ ਕਰਦਿਆਂ ਪ੍ਰਸਤਾਵ ਰੱਦ ਕਰ ਦਿੱਤਾ ਸੀ, ਪਰ ਕਮਿਸ਼ਨਰ ਅਮਿਤ ਕੁਮਾਰ ਨੇ ਇਸ 'ਤੇ ਆਪਣਾ ਇਤਰਾਜ਼ ਜਤਾਇਆ ਹੈ। ਉਹ ਇਸ ਪ੍ਰਸਤਾਵ ਨੂੰ ਆਪਣੀ ਟਿੱਪਣੀ ਸਹਿਤ ਪ੍ਰਸ਼ਾਸਨ ਕੋਲ ਭੇਜਣਗੇ ਤਾਂ ਜੋ ਉੱਥੋਂ ਮਨਜ਼ੂਰੀ ਮਿਲਣ ਤੋਂ ਬਾਅਦ ਇਸ ਨੂੰ ਲਾਗੂ ਕੀਤਾ ਜਾ ਸਕੇ।