NHAI ਦਾ ਨਵਾਂ ਨਿਯਮ: ਟੋਲ ਪਲਾਜ਼ਾ 'ਤੇ ਗੰਦੇ ਟਾਇਲਟ ਦੀ ਫੋਟੋ ਖਿੱਚੋ ਤੇ ਪਾਓ 1000 ਰੁਪਏ ਤਕ ਦਾ FASTag ਇਨਾਮ
NHAI ਨੇ ਆਪਣੇ ਅਧਿਕਾਰੀਆਂ ਦੀ ਜਵਾਬਦੇਹੀ ਵੀ ਤੈਅ ਕਰ ਦਿੱਤੀ ਹੈ। ਜਾਰੀ ਹੁਕਮਾਂ ਅਨੁਸਾਰ, ਹਰੇਕ ਅਧਿਕਾਰੀ ਲਈ ਹਫ਼ਤੇ 'ਚ ਘੱਟੋ-ਘੱਟ ਇੱਕ ਵਾਰ ਆਪਣੇ ਅਧੀਨ ਆਉਣ ਵਾਲੇ ਟੋਲ ਪਲਾਜ਼ਾ ਦਾ ਮੌਕੇ 'ਤੇ ਜਾ ਕੇ ਨਿਰੀਖਣ ਕਰਨਾ ਲਾਜ਼ਮੀ ਹੋਵੇਗਾ। ਇਸ ਦੌਰਾਨ ਟਾਇਲਟ, ਟੋਲ ਬੂਥ, ਆਲੇ-ਦੁਆਲੇ ਦੇ ਕੰਪਲੈਕਸ ਅਤੇ ਸਾਈਨ ਬੋਰਡਾਂ ਤੱਕ ਦੀ ਸਾਫ਼-ਸਫ਼ਾਈ ਤੇ ਰੱਖ-ਰਖਾਅ ਦੀ ਰਿਪੋਰਟ ਤਿਆਰ ਕਰਨੀ ਹੋਵੇਗੀ।
Publish Date: Sat, 17 Oct 2026 01:55 PM (IST)
Updated Date: Sat, 17 Oct 2026 02:06 PM (IST)
ਡਿਜੀਟਲ ਡੈਸਕ, ਚੰਡੀਗੜ੍ਹ : ਟੋਲ ਪਲਾਜ਼ਿਆਂ 'ਤੇ ਸਾਫ਼-ਸਫ਼ਾਈ ਨੂੰ ਲੈ ਕੇ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (NHAI) ਨੇ ਸਖ਼ਤ ਨਿਯਮ ਲਾਗੂ ਕੀਤੇ ਹਨ। ਇਸ ਨਾਲ ਨੈਸ਼ਨਲ ਹਾਈਵੇਅ 'ਤੇ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਵੀ ਫ਼ਾਇਦਾ ਮਿਲੇਗਾ। ਜੇਕਰ ਟੋਲ ਪਲਾਜ਼ਾ ਦੇ ਬਦਬੂਦਾਰ ਅਤੇ ਗੰਦੇ ਟਾਇਲਟ ਕਾਰਨ ਤੁਹਾਡਾ ਸਫ਼ਰ ਖ਼ਰਾਬ ਹੁੰਦਾ ਹੈ ਤਾਂ ਹੁਣ ਸ਼ਿਕਾਇਤ ਕਰਨ ਦੇ ਨਾਲ-ਨਾਲ ਇਨਾਮ ਜਿੱਤਣ ਦਾ ਮੌਕਾ ਵੀ ਹੈ। ਅਥਾਰਟੀ ਨੇ ‘ਕਲੀਨ ਟਾਇਲਟ ਪਿਕਚਰ ਚੈਲੰਜ’ ਸ਼ੁਰੂ ਕੀਤਾ ਹੈ। ਇਸ ਤਹਿਤ ਆਮ ਯਾਤਰੀ ਨੂੰ ਟੋਲ ਪਲਾਜ਼ਾ 'ਤੇ ਬਣੇ ਗੰਦੇ ਟਾਇਲਟ ਦੀ ਫੋਟੋ ਖਿੱਚ ਕੇ ਭੇਜਣ 'ਤੇ 1000 ਰੁਪਏ ਤੱਕ ਦਾ FASTag ਰੀਚਾਰਜ ਮਿਲੇਗਾ।
ਇਸ ਲਈ ‘ਰਾਜਮਾਰਗਯਾਤਰਾ’ (Rajmargyatra) ਮੋਬਾਈਲ ਐਪ ਦੀ ਵਰਤੋਂ ਕਰਨੀ ਪਵੇਗੀ। ਐਪ ਖੋਲ੍ਹਣ ਤੋਂ ਬਾਅਦ ਗੰਦੇ ਟਾਇਲਟ ਦੀ ਫੋਟੋ ਅਪਲੋਡ ਕਰਨੀ ਹੋਵੇਗੀ। ਇਸ ਦੇ ਨਾਲ ਟੋਲ ਪਲਾਜ਼ਾ ਦਾ ਨਾਮ, ਲੋਕੇਸ਼ਨ ਅਤੇ ਫੋਟੋ ਖਿੱਚਣ ਦਾ ਸਮਾਂ ਦਰਜ ਕਰਨਾ ਵੀ ਲਾਜ਼ਮੀ ਹੋਵੇਗਾ। ਇਹ ਜਾਣਕਾਰੀ ਐਪ 'ਚ ਮੌਜੂਦ ਸ਼ਿਕਾਇਤ ਵਾਲੇ ਸੈਕਸ਼ਨ 'ਚ ਜਮ੍ਹਾਂ ਕਰਵਾਉਣੀ ਹੋਵੇਗੀ।
ਤਸਦੀਕ ਤੇ ਨਿਰਧਾਰਤ ਸ਼ਰਤਾਂ ਪੂਰੀਆਂ ਹੋਣ ਤੋਂ ਬਾਅਦ 1000 ਰੁਪਏ ਤਕ ਦਾ ਰੀਚਾਰਜ ਸਿੱਧਾ ਤੁਹਾਡੇ ਵਾਹਨ ਦੇ ਰਜਿਸਟ੍ਰੇਸ਼ਨ ਨੰਬਰ ਨਾਲ ਲਿੰਕ FASTag 'ਚ ਭੇਜ ਦਿੱਤਾ ਜਾਵੇਗਾ। ਇਨਾਮ ਲਈ ਯੋਗਤਾ ਤੇ ਜੇਤੂ ਦੀ ਚੋਣ ਬਾਰੇ ਅੰਤਿਮ ਫ਼ੈਸਲਾ NHAI ਦੇ ਅਧਿਕਾਰਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੀ ਹੋਵੇਗਾ।
ਅਧਿਕਾਰੀਆਂ ਦੀ ਵੀ ਤੈਅ ਕੀਤੀ ਡਿਊਟੀ
NHAI ਨੇ ਆਪਣੇ ਅਧਿਕਾਰੀਆਂ ਦੀ ਜਵਾਬਦੇਹੀ ਵੀ ਤੈਅ ਕਰ ਦਿੱਤੀ ਹੈ। ਜਾਰੀ ਹੁਕਮਾਂ ਅਨੁਸਾਰ, ਹਰੇਕ ਅਧਿਕਾਰੀ ਲਈ ਹਫ਼ਤੇ 'ਚ ਘੱਟੋ-ਘੱਟ ਇੱਕ ਵਾਰ ਆਪਣੇ ਅਧੀਨ ਆਉਣ ਵਾਲੇ ਟੋਲ ਪਲਾਜ਼ਾ ਦਾ ਮੌਕੇ 'ਤੇ ਜਾ ਕੇ ਨਿਰੀਖਣ ਕਰਨਾ ਲਾਜ਼ਮੀ ਹੋਵੇਗਾ। ਇਸ ਦੌਰਾਨ ਟਾਇਲਟ, ਟੋਲ ਬੂਥ, ਆਲੇ-ਦੁਆਲੇ ਦੇ ਕੰਪਲੈਕਸ ਅਤੇ ਸਾਈਨ ਬੋਰਡਾਂ ਤੱਕ ਦੀ ਸਾਫ਼-ਸਫ਼ਾਈ ਤੇ ਰੱਖ-ਰਖਾਅ ਦੀ ਰਿਪੋਰਟ ਤਿਆਰ ਕਰਨੀ ਹੋਵੇਗੀ। ਇਸ ਦੀਆਂ ਫੋਟੋਆਂ ਡਿਜੀਟਲ ਪੋਰਟਲ 'ਤੇ ਅਪਲੋਡ ਕਰਨੀਆਂ ਪੈਣਗੀਆਂ।
ਏਜੰਸੀ ਨੂੰ ਭੇਜਿਆ ਜਾਵੇਗਾ ਨੋਟਿਸ
ਜੇਕਰ ਗੰਦਗੀ ਜਾਂ ਕੋਈ ਖ਼ਾਮੀ ਮਿਲਦੀ ਹੈ ਤਾਂ ਤੁਰੰਤ ਟੋਲ ਵਸੂਲਣ ਵਾਲੀ ਏਜੰਸੀ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਜਾਵੇਗਾ। ਏਜੰਸੀ ਨੂੰ ਨਿਰਧਾਰਤ ਸਮੇਂ ਦੇ ਅੰਦਰ ਕਮੀ ਦੂਰ ਕਰ ਕੇ ਨਵੀਂ ਫੋਟੋ ਪੋਰਟਲ 'ਤੇ ਅਪਲੋਡ ਕਰਨੀ ਹੋਵੇਗੀ। ਜੇਕਰ ਕਿਸੇ ਏਜੰਸੀ ਦੇ ਕੁੱਲ ਟੋਲ ਪਲਾਜ਼ਿਆਂ 'ਚੋਂ 10 ਫ਼ੀਸਦੀ ਜਾਂ ਇਸ ਤੋਂ ਵੱਧ ਮਾਮਲਿਆਂ 'ਚ ਗੰਦਗੀ ਸਬੰਧੀ ਸ਼ਿਕਾਇਤਾਂ ਅਤੇ ਨੋਟਿਸ ਲੰਬਿਤ ਪਾਏ ਜਾਂਦੇ ਹਨ ਤਾਂ ਉਸ ਏਜੰਸੀ ਨੂੰ 'ਨਾਨ-ਪਰਫਾਰਮਰ' ਐਲਾਨ ਦਿੱਤਾ ਜਾਵੇਗਾ। ਇਸ ਨਾਲ ਏਜੰਸੀ ਦਾ ਠੇਕਾ ਵੀ ਖ਼ਤਰੇ 'ਚ ਪੈ ਸਕਦਾ ਹੈ।
ਪੰਜਾਬ ਦੇ 8 ਟੋਲ ਪਲਾਜ਼ਾ ਰਡਾਰ 'ਤੇ
ਇਹ ਸਖ਼ਤੀ ਪੰਜਾਬ 'ਚ ਵੀ ਲਾਗੂ ਹੋਵੇਗੀ। ਲਾਡੋਵਾਲ, ਸ਼ੰਭੂ, ਘੁਲਾਲ, ਕਲਾਝਰ, ਲਹਿਰਾ ਬੇਗਾ, ਕੋਟ ਕਰੋਰ ਪੈਂਥ, ਸ਼ੇਖਪੁਰਾ ਅਤੇ ਖੁਈਆਂ ਸਰਵਰ ਦੇ ਟੋਲ ਪਲਾਜ਼ਿਆਂ ਦੀ ਨਿਗਰਾਨੀ ਸਬੰਧੀ ਜਾਣਕਾਰੀ ਸਾਹਮਣੇ ਆਈ ਹੈ। ਇਹ ਨਿਯਮ ਸਿਰਫ਼ ਉਨ੍ਹਾਂ ਟੋਲ ਪਲਾਜ਼ਿਆਂ 'ਤੇ ਲਾਗੂ ਹੋਵੇਗਾ, ਜੋ NHAI ਦੇ ਅਧਿਕਾਰ ਖੇਤਰ ਤੇ ਇਕਰਾਰਨਾਮੇ ਤਹਿਤ ਆਉਂਦੇ ਹਨ।