- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੱਸਿਆ ਜਾਂਦਾ ਹੈ ਕਿ ਪੰਜਾਬ ਕਾਂਗਰਸ ਅਗਲੇ ਮਹੀਨੇ ਚੋਣ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਸਾਰੇ ਆਗੂਆਂ ਨੂੰ ਇਕ ਬੱਸ ’ਚ ਬਿਠਾ ਕੇ ਬੱਸ ਯਾਤਰਾ ਕੱਢਣ ’ਤੇ ਵਿਚਾਰ ਕਰ ਰਹੀ ਹੈ ਤਾਂ ਜੋ ਲੋਕਾਂ ’ਚ ਇਹ ਸੁਨੇਹਾ ਦਿੱਤਾ ਜਾ ਸਕੇ ਕਿ ਸਾਰੇ ਆਗੂ ਗਿਲੇ ਸ਼ਿਕਵੇ ਭੁਲਾਕੇ ਇਕ ਮੰਚ ’ਤੇ ਆ ਗਏ ਹਨ।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ : ਕਾਂਗਰਸ ਹਾਈਕਮਾਨ ਲੋਕਾਂ ’ਚ ਪੰਜਾਬ ਕਾਂਗਰਸ ਦੇ ਆਗੂਆਂ ’ਚ ਇਕਜੁੱਟ ਹੋਣ ਦੀ ਤਸਵੀਰ ਪੇਸ਼ ਕਰਨ ਲਈ ਅਗਲੇ ਮਹੀਨੇ ਸਾਰੇ ਆਗੂਆਂ ਨੂੰ ਇਕ ਮੰਚ ’ਤੇ ਇਕੱਠਾ ਕਰ ਕੇ ਚੋਣ ਮੁਹਿੰਮ ਦਾ ਆਗਾਜ਼ ਕਰੇਗੀ। ਦਿੱਲੀ ’ਚ ਹੋਈਆਂ ਮੀਟਿੰਗਾਂ ’ਚ ਬੇਸ਼ੱਕ ਸਾਰੇ ਆਗੂ ਇਕੱਠੇ ਬੈਠੇ ਰਹੇ ਪਰ ਦਿਲਾਂ ਦੀਆਂ ਦੂਰੀਆਂ ਅਜੇ ਬਰਕਰਾਰ ਹਨ। ਦੱਸਿਆ ਜਾਂਦਾ ਹੈ ਕਿ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ਼ ਭੁਪੇਸ਼ ਬਘੇਲ ਨੇ ਸਥਿਤੀ ਨੂੰ ਭਾਂਪਦਿਆਂ ਸਾਰੀ ਕਮਾਂਡ ਆਪਣੇ ਹੱਥਾਂ ’ਚ ਲਈ ਹੈ।
ਦੱਸਿਆ ਜਾਂਦਾ ਹੈ ਕਿ ਪੰਜਾਬ ਕਾਂਗਰਸ ਅਗਲੇ ਮਹੀਨੇ ਚੋਣ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਸਾਰੇ ਆਗੂਆਂ ਨੂੰ ਇਕ ਬੱਸ ’ਚ ਬਿਠਾ ਕੇ ਬੱਸ ਯਾਤਰਾ ਕੱਢਣ ’ਤੇ ਵਿਚਾਰ ਕਰ ਰਹੀ ਹੈ ਤਾਂ ਜੋ ਲੋਕਾਂ ’ਚ ਇਹ ਸੁਨੇਹਾ ਦਿੱਤਾ ਜਾ ਸਕੇ ਕਿ ਸਾਰੇ ਆਗੂ ਗਿਲੇ ਸ਼ਿਕਵੇ ਭੁਲਾਕੇ ਇਕ ਮੰਚ ’ਤੇ ਆ ਗਏ ਹਨ। ਪਿਛਲੇ ਦਿਨੀਂ ਦਿੱਲੀ ’ਚ ਹੋਈ ਮੀਟਿੰਗ ’ਚ ਬੱਸ ਯਾਤਰਾ ਕੱਢਣ, ਰੈਲੀਆਂ ਕਰਨ ਬਾਰੇ ਪਹਿਲਾਂ ਹੀ ਚਰਚਾ ਹੋ ਚੁੱਕੀ ਹੈ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਚੋਣ ਮੁਹਿੰਮ ਦੀ ਸ਼ੁਰੂਆਤ ਕਰੇ ਇਸ ਬਾਰੇ ਕਾਂਗਰਸੀ ਆਗੂਆਂ ਨੇ ਪਹਿਲਾਂ ਹੀ ਦਲੀਲ ਦੇ ਦਿੱਤੀ ਹੈ। ਸੀਨੀਅਰ ਆਗੂ ਵੀ ਇਹੀ ਚਾਹੁੰਦੇ ਹਨ ਕਿ ਰਾਹੁਲ ਗਾਂਧੀ ਖ਼ੁਦ ਪੰਜਾਬ ’ਚ ਆ ਕੇ ਬੱਸ ਯਾਤਰਾ ਰਾਹੀਂ ਚੋਣ ਮੁਹਿੰਮ ਦੀ ਸ਼ੁਰੂਆਤ ਕਰਨ, ਕਿਉਂਕਿ ਅਜਿਹਾ ਕਰਨ ਨਾਲ ਸਾਰੇ ਆਗੂਆਂ ਦਾ ਮੁਹਿੰਮ ’ਚ ਸ਼ਾਮਲ ਹੋਣਾ ਲਾਜ਼ਮੀ ਹੋ ਜਾਵੇਗਾ ਅਤੇ ਕੋਈ ਵੀ ਆਗੂ ਰਾਹੁਲ ਸਾਹਮਣੇ ਨਾਰਾਜ਼ਗੀ ਸ਼ੋਅ ਨਹੀਂ ਕਰ ਸਕੇਗਾ। ਸੂਬਾ ਲੀਡਰਸ਼ਿਪ ਇਸ ਗੱਲ ਨੂੰ ਲੈ ਕੇ ਦੁਚਿੱਤੀ ’ਚ ਫਸੀ ਹੋਈ ਹੈ ਕਿ ਪਹਿਲਾਂ ਬੱਸ ਯਾਤਰਾਂ ਕੱਢੀ ਜਾਵੇ ਜਾਂ ਫਿਰ ਸਿਆਸੀ ਰੈਲੀਆਂ ਜਾਂ ਮੀਟਿੰਗਾਂ ਕਰ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇ। ਦੱਸਿਆ ਜਾਂਦਾ ਹੈ ਕਿ ਪੰਜਾਬ ਕਾਂਗਰਸ ਆਜ਼ਾਦੀ ਦਿਵਸ ਤੋਂ ਬਾਅਦ ਸੂਬੇ ’ਚ ਆਪਣੀਆਂ ਸਿਆਸੀ ਗਤੀਵਿਧੀਆਂ ਨੂੰ ਤੇਜ਼ ਕਰੇਗੀ।
ਵਰਨਣਯੋਗ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੁੜ ਪੰਜਾਬ ਕਾਂਗਰਸ ਦੀ ਕਮਾਂਡ ਸੌਪੇ ਜਾਣ ਪਿੱਛੋਂ ਪਾਰਟੀ ਦੇ ਸੀਨੀਅਰ ਆਗੂ ਖਫ਼ਾ ਹੋ ਗਏ ਸਨ। ਚੰਨੀ, ਰੰਧਾਵਾ, ਪ੍ਰਗਟ ਸਿੰਘ ਸਮੇਤ ਵੱਡੀ ਗਿਣਤੀ ’ਚ ਆਗੂਆਂ ਨੇ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਰਾਜਾ ਵੜਿੰਗ ਦੀ ਸ਼ਮੂਲੀਅਤ ਵਾਲੀ ਮੀਟਿੰਗ ਜਾਂ ਪ੍ਰੋਗਰਾਮ ’ਚ ਨਾ ਜਾਣ ਦੀ ਗੱਲ ਕਹੀ ਸੀ। ਸਿੱਟੇ ਵਜੋ ਭੁਪੇਸ਼ ਬਘੇਲ ਪੰਜ ਦਿਨਾਂ ਤੱਕ ਚੰਡੀਗੜ੍ਹ ’ਚ ਆਗੂਆਂ ਨਾਲ ਮੀਟਿੰਗ ਕਰ ਕੇ ਮਨਾਉਣ ਦਾ ਯਤਨ ਕਰਦੇ ਰਹੇ। ਆਖ਼ਰ ਉਨ੍ਹਾਂ ਦਿੱਲੀ ’ਚ ਮੀਟਿੰਗ ਬੁਲਾ ਲਈ ਅਤੇ ਇਸ ਮੀਟਿੰਗ ’ਚ ਸਾਰੇ ਆਗੂ ਇਕ ਥਾਂ ਬੈਠੇ ਨਜ਼ਰ ਆਏ। ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਪਾਰਟੀ ਸਾਰੇ ਆਗੂਆਂ ਨੂੰ ਇਕੱਠੇ ਤੋਰਨ ਵਿਚ ਕਾਮਯਾਬ ਹੋਵੇਗੀ ਜਾਂ ਨਹੀਂ।