ਵਿਦੇਸ਼ ’ਚ ਮੁੜ ਹੋਵੇਗੀ ਚੰਡੀਗੜ੍ਹ ਦੇ ਹੈਰੀਟੇਜ ਫਰਨੀਚਰ ਦੀ ਨਿਲਾਮੀ, ਅਜੈ ਜੱਗਾ ਨੇ ਕੇਂਦਰ ਤੋਂ ਦਖ਼ਲ ਦੀ ਕੀਤੀ ਮੰਗ ਵਿਦੇਸ਼ ਵਿਚ ਮੁੜ ਹੋਵੇਗੀ ਚੰਡੀਗੜ੍ਹ ਦੇ ਹੈਰੀਟੇਜ ਫਰਨੀਚਰ ਦੀ ਨੀਲਾਮੀ, ਅਜੈ ਜੱਗਾ ਨੇ ਕੇਂਦਰ ਤੋਂ ਦਖ਼ਲ ਦੀ ਕੀਤੀ ਮੰਗ
Publish Date: Tue, 07 Jul 2026 07:29 PM (IST)
Updated Date: Wed, 08 Jul 2026 04:04 AM (IST)
* ਨਿਲਾਮੀ ਰੋਕਣ ਤੇ ਵਿਦੇਸ਼ ਪਹੁੰਚ ਚੁੱਕੀਆਂ ਵਿਰਾਸਤੀ ਵਸਤਾਂ ਨੂੰ ਭਾਰਤ ਵਾਪਸ ਲਿਆਉਣ ਦੀ ਅਪੀਲ ਤਰੁਣ ਭਜਨੀ, ਪੰਜਾਬੀ ਜਾਗਰਣ ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ ਦੀ ਹੈਰੀਟੇਜ ਆਈਟਮਜ਼ ਪ੍ਰਿਜ਼ਰਵੇਸ਼ਨ ਕਮੇਟੀ ਦੇ ਮੈਂਬਰ ਤੇ ਐਡਵੋਕੇਟ ਅਜੈ ਜੱਗਾ ਨੇ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਤੇ ਕੇਂਦਰੀ ਸੱਭਿਆਚਾਰ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੂੰ ਪੱਤਰ ਲਿਖ ਕੇ ਚੰਡੀਗੜ੍ਹ ਕੈਪੀਟਲ ਪ੍ਰਾਜੈਕਟ ਦੇ ਮੂਲ ਹੈਰੀਟੇਜ ਫਰਨੀਚਰ ਦੀ ਵਿਦੇਸ਼ਾਂ ’ਚ ਹੋਣ ਵਾਲੀ ਨਿਲਾਮੀ ਰੋਕਣ ਤੇ ਪਹਿਲਾਂ ਹੀ ਵਿਦੇਸ਼ ਪਹੁੰਚ ਚੁੱਕੀਆਂ ਵਿਰਾਸਤੀ ਵਸਤਾਂ ਨੂੰ ਭਾਰਤ ਵਾਪਸ ਲਿਆਉਣ ਲਈ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ ਹੈ। ਇਸ ਪੱਤਰ ਦੀ ਇਕ ਕਾਪੀ ਚੰਡੀਗੜ੍ਹ ਪ੍ਰਸ਼ਾਸਨ ਦੇ ਸੱਭਿਆਚਾਰ ਸਕੱਤਰ ਨੂੰ ਵੀ ਭੇਜੀ ਗਈ ਹੈ। ਪੱਤਰ ’ਚ ਜੱਗਾ ਨੇ ਹਾਲ ਹੀ ’ਚ ਫਰਾਂਸ ਵਿਚ ਚੰਡੀਗੜ੍ਹ ਦੇ ਹੈਰੀਟੇਜ ਫਰਨੀਚਰ ਦੀ ਪ੍ਰਸਤਾਵਿਤ ਨਿਲਾਮੀ ਰੁਕਵਾਉਣ ਲਈ ਭਾਰਤ ਸਰਕਾਰ, ਵਿਦੇਸ਼ ਮੰਤਰਾਲਾ, ਸੱਭਿਆਚਾਰ ਮੰਤਰਾਲਾ, ਪੰਜਾਬ ਦੇ ਰਾਜਪਾਲ-ਸਹਿ-ਚੰਡੀਗੜ੍ਹ ਪ੍ਰਸ਼ਾਸਕ ਤੇ ਚੰਡੀਗੜ੍ਹ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਮਿਸ਼ਨ ਵੱਲੋਂ ਸਮੇਂ ਸਿਰ ਕੀਤੇ ਗਏ ਕੂਟਨੀਤਿਕ ਯਤਨਾਂ ਕਾਰਨ ਇਹ ਨਿਲਾਮੀ ਰੁਕ ਸਕੀ, ਜਿਸ ਨਾਲ ਦੇਸ਼ ਦੀ ਆਧੁਨਿਕ ਵਾਸਤੂਕਲਾ ਨਾਲ ਜੁੜੀ ਅਮੁੱਲ ਵਿਰਾਸਤ ਦੀ ਰੱਖਿਆ ਹੋਈ। ਹੁਣ ਉਨ੍ਹਾਂ 15 ਜੁਲਾਈ ਨੂੰ ਅਮਰੀਕਾ ਦੇ ਲਾਸ ਐਂਜਲਿਸ ਮਾਡਰਨ ਆਕਸ਼ਨਜ਼ ਤੇ 22 ਜੁਲਾਈ ਨੂੰ ਸਪੇਨ ਦੇ ਬਾਰਸੀਲੋਨਾ ਸਥਿਤ ਸੈਟਡਾਰਟ ਆਕਸ਼ਨ ਹਾਊਸ ’ਚ ਹੋਣ ਵਾਲੀਆਂ ਦੋ ਨਵੀਆਂ ਨਿਲਾਮੀਆਂ ’ਤੇ ਚਿੰਤਾ ਜਤਾਈ ਹੈ। ਪੱਤਰ ਅਨੁਸਾਰ, ਲਾਸ ਐਂਜਲਿਸ ’ਚ ਪੀਅਰੇ ਜੈਨਰੇ ਵੱਲੋਂ ਡਿਜ਼ਾਇਨ ਕੀਤੀ ਗਈ ਚੰਡੀਗੜ੍ਹ ਦੀ ਇਕ ਡੈਸਕ ਤੇ ਕੁਰਸੀ ਦੀ ਅਨੁਮਾਨਿਤ ਕੀਮਤ 6,000 ਤੋਂ 8,000 ਅਮਰੀਕੀ ਡਾਲਰ ਰੱਖੀ ਗਈ ਹੈ, ਜਦਕਿ ਇਸ ’ਤੇ ਮੌਜੂਦਾ ਬੋਲੀ 5,000 ਡਾਲਰ ਤੱਕ ਪਹੁੰਚ ਚੁੱਕੀ ਹੈ। ਇਸੇ ਤਰ੍ਹਾਂ ਬਾਰਸੀਲੋਨਾ ’ਚ 1952 ਦੀ ਚੰਡੀਗੜ੍ਹ ਹੈਰੀਟੇਜ ਦੀ ਮੂਲ ਹੈਂਗਿੰਗ ਆਰਮਚੇਅਰ ਦੀ ਅਨੁਮਾਨਿਤ ਕੀਮਤ 12,000 ਤੋਂ 14,000 ਯੂਰੋ ਹੈ ਤੇ ਇਸ ’ਤੇ ਹੁਣ ਤੱਕ 8,000 ਯੂਰੋ (ਲਗਭਗ 8.72 ਲੱਖ ਰੁਪਏ) ਦੀ ਬੋਲੀ ਲੱਗ ਚੁੱਕੀ ਹੈ। ਨਿਲਾਮੀ ਸੂਚੀ ’ਚ ਫਰਨੀਚਰ ’ਤੇ ਸੰਸਥਾਗਤ ਸਟੈਂਸਿਲ ਮਾਰਕਿੰਗ ਦਾ ਵੀ ਜ਼ਿਕਰ ਜੱਗਾ ਨੇ ਦੱਸਿਆ ਕਿ ਨਿਲਾਮੀ ਸੂਚੀ ’ਚ ਫਰਨੀਚਰ ’ਤੇ ਸੰਸਥਾਗਤ ਸਟੈਂਸਿਲ ਮਾਰਕਿੰਗ ਦਾ ਵੀ ਜ਼ਿਕਰ ਹੈ, ਜੋ ਸੰਭਵ ਹੈ ਕਿ ਵੰਡੇ ਹੋਏ ਪੰਜਾਬ ਦੇ ਸਮੇਂ ਦੇ ਸਟੇਟ ਲੈਜਿਸਲੇਚਰ ਮੈਂਬਰਜ਼ ਬਲਾਕ ਵੱਲ ਇਸ਼ਾਰਾ ਕਰਦੀ ਹੈ। ਇਸ ਨਾਲ ਇਨ੍ਹਾਂ ਵਸਤਾਂ ਦੇ ਸਰਕਾਰੀ ਸੰਪਤੀ ਹੋਣ, ਮਾਲਕੀ ਹੱਕ, ਨਿਪਟਾਰੇ ਦੀ ਪ੍ਰਕਿਰਿਆ ਤੇ ਨਿਰਯਾਤ ਲਈ ਦਿੱਤੀ ਗਈ ਕਾਨੂੰਨੀ ਮਨਜ਼ੂਰੀ ’ਤੇ ਗੰਭੀਰ ਸਵਾਲ ਖੜ੍ਹੇ ਹੁੰਦੇ ਹਨ। ਉਨ੍ਹਾਂ ਆਪਣੇ ਪੱਤਰ ’ਚ ਕਿਹਾ ਕਿ ਯੂਨੇਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿਚ ਸ਼ਾਮਲ ਚੰਡੀਗੜ੍ਹ ਕੈਪੀਟਲ ਕੰਪਲੈਕਸ ਦਾ ਮੂਲ ਫਰਨੀਚਰ ਉਸ ਦੀ ਇਤਿਹਾਸਕ ਪ੍ਰਮਾਣਿਕਤਾ ਦਾ ਅਟੁੱਟ ਹਿੱਸਾ ਹੈ। ਅਜਿਹੇ ਹਰ ਮੂਲ ਫਰਨੀਚਰ ਦਾ ਭਾਰਤ ਤੋਂ ਬਾਹਰ ਜਾਣਾ ਤੇ ਅੰਤਰਰਾਸ਼ਟਰੀ ਬਾਜ਼ਾਰ ਵਿਚ ਵਿਕਣਾ ਦੇਸ਼ ਦੀ ਸੱਭਿਆਚਾਰਕ ਵਿਰਾਸਤ ਨੂੰ ਸਥਾਈ ਨੁਕਸਾਨ ਪਹੁੰਚਾਉਂਦਾ ਹੈ। ਇਸ ਲਈ ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਥਾਨਕ ਪ੍ਰਸ਼ਾਸਨ ਨਾਲ ਮਿਲ ਕੇ ਇਕ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ ਤਿਆਰ ਕੀਤਾ ਜਾਵੇ ਤੇ ਭਵਿੱਖ ਵਿਚ ਅਜਿਹੀਆਂ ਨਿਲਾਮੀਆਂ ਨੂੰ ਰੋਕਣ ਲਈ ਸਥਾਈ ਪ੍ਰਬੰਧ ਕੀਤੇ ਜਾਣ।