- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਦੇ 1 ਲੱਖ ਘਰਾਂ ਤੱਕ ਪਹੁੰਚੇਗੀ ਟਾਟਾ ਪਾਵਰ ਦੀ ‘ਘਰ ਘਰ ਸੋਲਰ’ ਮੁਹਿੰਮ

ਕੰਪਨੀ ਵੱਲੋਂ ‘ਘਰ ਘਰ ਸੋਲਰ’ ਮੁਹਿੰਮ ਚਲਾਈ ਜਾਵੇਗੀ
ਤਰੁਣ ਭਜਨੀ, ਪੰਜਾਬੀ ਜਾਗਰਣ
ਚੰਡੀਗੜ੍ਹ : ਟਾਟਾ ਪਾਵਰ ਰੀਨਿਊਏਬਲ ਐਨਰਜੀ ਲਿਮਟਿਡ ਦੀ ਸਹਾਇਕ ਕੰਪਨੀ ਟਾਟਾ ਪਾਵਰ ਸੋਲਰ ਰੂਫ ਨੇ ਪੰਜਾਬ ਵਿਚ ਆਪਣੀ ਪ੍ਰਮੁੱਖ ਘਰ ਘਰ ਸੋਲਰ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਦੇ ਨਾਲ ਕੰਪਨੀ ਨੇ ਬੈਟਰੀ ਸਟੋਰੇਜ ਹੱਲ ਵੀ ਲਾਂਚ ਕੀਤੇ ਹਨ, ਜਿਨ੍ਹਾਂ ਦਾ ਮਕਸਦ ਸੂਬੇ ਦੇ ਲੋਕਾਂ ਨੂੰ ਸਵੱਛ, ਭਰੋਸੇਯੋਗ ਤੇ ਕਿਫਾਇਤੀ ਊਰਜਾ ਉਪਲਬਧ ਕਰਵਾਉਣਾ ਹੈ।
ਇਹ ਮੁਹਿੰਮ ਰਿਹਾਇਸ਼ੀ ਖਪਤਕਾਰਾਂ, ਕਾਰੋਬਾਰਾਂ ਤੇ ਖੇਤੀਬਾੜੀ ਭਾਈਚਾਰੇ ਦੀਆਂ ਬਦਲਦੀਆਂ ਊਰਜਾ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤੀ ਗਈ ਹੈ। ਟਾਟਾ ਪਾਵਰ ਰੂਫਟਾਪ ਸੋਲਰ, ਬੈਟਰੀ ਸਟੋਰੇਜ, ਆਸਾਨ ਫਾਇਨੈਂਸਿੰਗ ਤੇ ਸਥਾਨਕ ਭਾਈਚਾਰਕ ਭਾਗੀਦਾਰੀ ਨੂੰ ਇਕੱਠਾ ਕਰਕੇ ਸ਼ਹਿਰੀ, ਅਰਧ-ਸ਼ਹਿਰੀ ਤੇ ਪੇਂਡੂ ਖੇਤਰਾਂ ਵਿਚ ਸਵੱਛ ਤੇ ਆਤਮਨਿਰਭਰ ਊਰਜਾ ਪ੍ਰਣਾਲੀ ਨੂੰ ਉਤਸ਼ਾਹਿਤ ਕਰਨਾ ਚਾਹੁੰਦੀ ਹੈ।
ਲਾਂਚ ਮੌਕੇ ਟਾਟਾ ਪਾਵਰ ਦੇ ਸੀਈਓ ਤੇ ਐੱਮਡੀ ਡਾ. ਪ੍ਰਵੀਰ ਸਿਨਹਾ ਨੇ ਕਿਹਾ ਕਿ ਬਿਜਲੀ ਦੀ ਵਧਦੀ ਮੰਗ, ਖਪਤਕਾਰਾਂ ਵਿਚ ਵਧਦੀ ਜਾਗਰੂਕਤਾ ਤੇ ਸਸਟੇਨੇਬਲ ਜੀਵਨ ਸ਼ੈਲੀ ਵੱਲ ਰੁਝਾਨ ਕਾਰਨ ਪੰਜਾਬ ਇਕ ਮਹੱਤਵਪੂਰਨ ਬਾਜ਼ਾਰ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਘਰ ਘਰ ਸੋਲਰ’ ਮੁਹਿੰਮ ਰਾਹੀਂ ਕੰਪਨੀ ਰੂਫਟਾਪ ਸੋਲਰ, ਬੈਟਰੀ ਸਟੋਰੇਜ ਤੇ ਆਸਾਨ ਵਿੱਤੀ ਸਹੂਲਤਾਂ ਨੂੰ ਇਕੋ ਮੰਚ ’ਤੇ ਲਿਆ ਕੇ ਲੋਕਾਂ ਨੂੰ ਆਪਣੀ ਊਰਜਾ ਖੁਦ ਪੈਦਾ ਕਰਨ, ਸਟੋਰ ਕਰਨ ਤੇ ਵਰਤਣ ਲਈ ਸਮਰੱਥ ਬਣਾਏਗੀ।
ਉਨ੍ਹਾਂ ਦੱਸਿਆ ਕਿ ਕੰਪਨੀ ਦਾ ਟੀਚਾ ਅਗਲੇ ਤਿੰਨ ਸਾਲਾਂ ਵਿਚ ਪੰਜਾਬ ਦੇ ਇਕ ਲੱਖ ਘਰਾਂ ਤੱਕ ਰੂਫਟਾਪ ਸੋਲਰ ਸਿਸਟਮ ਪਹੁੰਚਾਉਣਾ ਹੈ, ਜਿਸ ਵਿਚ ਕਰੀਬ 500 ਮੈਗਾਵਾਟ-ਪੀਕ ਨਵੀਂ ਰੂਫਟਾਪ ਸੋਲਰ ਸਮਰੱਥਾ ਸ਼ਾਮਲ ਹੋਵੇਗੀ।
ਜ਼ੀਰੋ ਡਾਊਨ-ਪੇਮੈਂਟ ਫਾਇਨੈਂਸਿੰਗ ਯੋਜਨਾ
‘ਪੀਐੱਮ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ’ ਦੇ ਤਹਿਤ ਕੇਂਦਰ ਸਰਕਾਰ ਵੱਲੋਂ 1 ਕਿਲੋਵਾਟ ਸਿਸਟਮ ਲਈ 30,000 ਰੁਪਏ, 2 ਕਿਲੋਵਾਟ ਲਈ 60,000 ਰੁਪਏ ਤੇ 3 ਕਿਲੋਵਾਟ ਜਾਂ ਇਸ ਤੋਂ ਵੱਧ ਸਮਰੱਥਾ ਵਾਲੇ ਸਿਸਟਮ ਲਈ 78,000 ਰੁਪਏ ਤੱਕ ਦੀ ਸਬਸਿਡੀ ਦਿੱਤੀ ਜਾ ਰਹੀ ਹੈ, ਜਿਸ ਨਾਲ ਰੂਫਟਾਪ ਸੋਲਰ ਹੋਰ ਕਿਫਾਇਤੀ ਬਣ ਰਿਹਾ ਹੈ। ‘ਘਰ ਘਰ ਸੋਲਰ’ ਮੁਹਿੰਮ ਦੇ ਨਾਲ ਟਾਟਾ ਪਾਵਰ ਨੇ ‘ਮੇਰਾ ਪਿੰਡ, ਮੇਰਾ ਸੋਲਰ’ ਪਹਿਲ ਵੀ ਸ਼ੁਰੂ ਕੀਤੀ ਹੈ। ਇਸ ਦਾ ਉਦੇਸ਼ ਪੇਂਡੂ ਤੇ ਅਰਧ-ਸ਼ਹਿਰੀ ਖੇਤਰਾਂ ਵਿਚ ਸਮੂਹਿਕ ਭਾਗੀਦਾਰੀ ਰਾਹੀਂ ਰੂਫਟਾਪ ਸੋਲਰ ਨੂੰ ਉਤਸ਼ਾਹਿਤ ਕਰਨਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਇਕ ਪ੍ਰਮੁੱਖ ਵਿੱਤੀ ਸੰਸਥਾ ਨਾਲ ਮਿਲ ਕੇ ਪੰਜਾਬ ਦੇ ਖਪਤਕਾਰਾਂ ਲਈ ਵਿਸ਼ੇਸ਼ ਜ਼ੀਰੋ ਡਾਊਨ-ਪੇਮੈਂਟ ਫਾਇਨੈਂਸਿੰਗ ਯੋਜਨਾ ਵੀ ਸ਼ੁਰੂ ਕੀਤੀ ਹੈ, ਜਿਸ ਤਹਿਤ ਲਚਕਦਾਰ ਕਿਸ਼ਤਾਂ ਰਾਹੀਂ ਪਰਿਵਾਰ ਬਿਨਾਂ ਸ਼ੁਰੂਆਤੀ ਵੱਡੇ ਖਰਚੇ ਦੇ ਸੋਲਰ ਸਿਸਟਮ ਲਗਾ ਸਕਣਗੇ।
ਦੋ ਲੱਖ ਟਨ ਤੋਂ ਵੱਧ ਕਾਰਬਨ ਡਾਈਆਕਸਾਈਡ ਨਿਕਾਸੀ ਰੋਕੀ
ਟਾਟਾ ਪਾਵਰ ਸੋਲਰ ਰੂਫ ਨੇ ਹੁਣ ਤੱਕ ਪੰਜਾਬ ਵਿਚ 5,661 ਰੂਫਟਾਪ ਸੋਲਰ ਇੰਸਟਾਲੇਸ਼ਨਾਂ ਰਾਹੀਂ 169 ਮੈਗਾਵਾਟ-ਪੀਕ ਸਮਰੱਥਾ ਸਥਾਪਤ ਕੀਤੀ ਹੈ। ਕੰਪਨੀ ਦੇ ਅਨੁਸਾਰ ਇਸ ਨਾਲ ਹਰ ਸਾਲ ਦੋ ਲੱਖ ਟਨ ਤੋਂ ਵੱਧ ਕਾਰਬਨ ਡਾਈਆਕਸਾਈਡ ਨਿਕਾਸ ਨੂੰ ਰੋਕਣ ਵਿਚ ਮਦਦ ਮਿਲ ਰਹੀ ਹੈ, ਜੋ ਲਗਭਗ 84 ਲੱਖ ਰੁੱਖ ਲਗਾਉਣ ਦੇ ਬਰਾਬਰ ਹੈ। ਚੰਡੀਗੜ੍ਹ ਵਿਚ ਵੀ ਕੰਪਨੀ 250 ਤੋਂ ਵੱਧ ਰੂਫਟਾਪ ਸੋਲਰ ਇੰਸਟਾਲੇਸ਼ਨ ਪੂਰੇ ਕਰ ਚੁੱਕੀ ਹੈ। ਸਵੱਛ ਆਵਾਜਾਈ ਨੂੰ ਉਤਸ਼ਾਹਿਤ ਕਰਨ ਲਈ ਟਾਟਾ ਪਾਵਰ ਨੇ ਪੰਜਾਬ ਵਿਚ 59 ਈਵੀ ਚਾਰਜਿੰਗ ਪੁਆਇੰਟ ਤੇ ਚੰਡੀਗੜ੍ਹ ਵਿਚ 11 ਚਾਰਜਿੰਗ ਪੁਆਇੰਟ ਸਥਾਪਤ ਕੀਤੇ ਹਨ, ਜਿਨ੍ਹਾਂ ਵਿਚ ਜਨਤਕ ਤੇ ਅਰਧ-ਜਨਤਕ ਚਾਰਜਰ ਸ਼ਾਮਲ ਹਨ।