ਜਾਨਕੀਦਾਸ ਹੱਤਿਆਕਾਂਡ ਦੇ ਸ਼ੂਟਰਾਂ ਨਾਲ ਪੁਲਿਸ ਮੁਕਾਬਲਾ, ਦੋਵਾਂ ਦੇ ਪੈਰਾਂ ’ਚ ਗੋਲ਼ੀਆਂ ਲੱਗੀਆਂ, ਮਾਸਟਰਮਾਈਂਡ ਅਜੇ ਵੀ ਫਰਾਰ
ਜਾਨਕੀ ਦਾਸ ਦੇ ਸ਼ੂਟਰਾਂ ਨਾਲ ਪੁਲਿਸ ਮੁਕਾਬਲਾ, ਦੋਵਾਂ ਦੇ ਪੈਰਾਂ ਵਿਚ ਗੋਲੀਆਂ ਲੱਗੀਆਂ, ਮਾਸਟਰਮਾਈਂਡ ਅਜੇ ਵੀ ਫਰਾਰ
Publish Date: Thu, 18 Jun 2026 08:45 PM (IST)
Updated Date: Fri, 19 Jun 2026 04:13 AM (IST)

* ਜੰਮੂ ਤੋਂ ਗ੍ਰਿਫ਼ਤਾਰ ਕਰ ਕੇ ਚੰਡੀਗੜ੍ਹ ਲਿਆ ਰਹੀ ਸੀ ਪੁਲਿਸ, ਭੱਜਣ ਦੀ ਕੋਸ਼ਿਸ਼ ਦੌਰਾਨ ਚੱਲੀਆਂ ਗੋਲ਼ੀਆਂ * ਸੰਨੀ ਮਹਿਰਾ ਨੇ ਕੀਤੀ ਸੀ ਫਾਇਰਿੰਗ, ਪੁਲਿਸ ਦੀਆਂ ਦੋ ਗੋਲ਼ੀਆਂ ਉਸ ਦੀ ਲੱਤ ’ਚ ਲੱਗੀਆਂ ਤਰੁਣ ਭਜਨੀ, ਪੰਜਾਬੀ ਜਾਗਰਣ ਚੰਡੀਗੜ੍ਹ : ਸੈਕਟਰ-11 ਸਥਿਤ ਸ਼੍ਰੀ ਕੁਮਾਰ ਮੈਡੀਕਲ ਸਟੋਰ ਦੇ ਕੈਸ਼ੀਅਰ ਜਾਨਕੀ ਦਾਸ ਦੀ ਹੱਤਿਆ ਕਰਨ ਵਾਲੇ ਦੋਵੇਂ ਸ਼ੂਟਰਾਂ ਨੂੰ ਚੰਡੀਗੜ੍ਹ ਪੁਲਿਸ ਨੇ ਜੰਮੂ ਤੋਂ ਗ੍ਰਿਫ਼ਤਾਰ ਕਰ ਲਿਆ। ਪੁਲਿਸ ਜਦੋਂ ਇਨ੍ਹਾਂ ਸ਼ੂਟਰਾਂ ਨੂੰ ਚੰਡੀਗੜ੍ਹ ਲਿਆ ਰਹੀ ਸੀ ਤਾਂ ਧਨਾਸ ਦੇ ਜੰਗਲਾਂ ਨੇੜੇ ਮੁਲਜ਼ਮਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲਿਸ ਵੱਲੋਂ ਕੀਤੀ ਗਈ ਜਵਾਬੀ ਫਾਇਰਿੰਗ ’ਚ ਦੋਵਾਂ ਦੇ ਪੈਰਾਂ ’ਚ ਗੋਲ਼ੀਆਂ ਲੱਗ ਗਈਆਂ। ਜਾਨਕੀ ਦਾਸ ਨੂੰ ਗੋਲ਼ੀ ਮਾਰਨ ਵਾਲੇ ਮੁੱਖ ਸ਼ੂਟਰ ਸੰਨੀ ਮਹਿਰਾ ਦੀ ਲੱਤ ’ਚ ਦੋ ਗੋਲ਼ੀਆਂ ਲੱਗੀਆਂ ਹਨ। ਜ਼ਖ਼ਮੀਆਂ ਨੂੰ ਪਹਿਲਾਂ ਸੈਕਟਰ-16 ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ। ਦੋਵੇਂ ਮੁਲਜ਼ਮਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਮੁਲਜ਼ਮਾਂ ਦੀ ਪਛਾਣ ਜੰਮੂ-ਕਸ਼ਮੀਰ ਦੇ ਸਾਂਬਾ ਵਾਸੀ 22 ਸਾਲਾ ਸੰਨੀ ਮਹਿਰਾ, ਰਾਜੌਰੀ ਜ਼ਿਲ੍ਹੇ ਦੇ ਸਰਹੋਟੀ ਪਿੰਡ ਵਾਸੀ ਆਰੀਅਨ ਸ਼ਰਮਾ ਤੇ ਸਾਂਬਾ ਵਾਸੀ ਅਮਿਤ ਕੁਮਾਰ ਵਜੋਂ ਹੋਈ ਹੈ। ਪੁਲਿਸ ਜਾਂਚ ’ਚ ਸਾਹਮਣੇ ਆਇਆ ਹੈ ਕਿ ਸੰਨੀ ਮਹਿਰਾ ਮੁੱਖ ਸ਼ੂਟਰ ਸੀ, ਜਦਕਿ ਆਰੀਅਨ ਸ਼ਰਮਾ ਵਾਰਦਾਤ ’ਚ ਵਰਤੇ ਗਏ ਮੋਟਰਸਾਈਕਲ ਨੂੰ ਚਲਾ ਰਿਹਾ ਸੀ। ਤੀਜੇ ਮੁਲਜ਼ਮ ਅਮਿਤ ਕੁਮਾਰ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਜਿਸ ਨੂੰ ਇਸ ਮਾਮਲੇ ਦਾ ਮਾਸਟਰਮਾਈਂਡ ਮੰਨਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ 12 ਜੂਨ ਨੂੰ ਦੁਪਹਿਰ ਕਰੀਬ 2:30 ਵਜੇ ਸੈਕਟਰ-11 ਸਥਿਤ ਸ਼੍ਰੀ ਕੁਮਾਰ ਮੈਡੀਕਲ ਸਟੋਰ ’ਚ ਦਾਖ਼ਲ ਹੋ ਕੇ ਬਦਮਾਸ਼ਾਂ ਨੇ ਕੈਸ਼ੀਅਰ ਜਾਨਕੀ ਦਾਸ (45) ’ਤੇ ਨਜ਼ਦੀਕ ਤੋਂ ਅੰਨ੍ਹੇਵਾਹ ਗੋਲ਼ੀਆਂ ਚਲਾ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ ਸਨ। ਹੱਤਿਆ ਤੋਂ ਤੁਰੰਤ ਬਾਅਦ ਚੰਡੀਗੜ੍ਹ ਪੁਲਿਸ ਨੇ ਕ੍ਰਾਈਮ ਬ੍ਰਾਂਚ, ਆਪਰੇਸ਼ਨ ਸੈੱਲ, ਡਿਸਟ੍ਰਿਕਟ ਕ੍ਰਾਈਮ ਸੈੱਲ ਅਤੇ ਸੈਕਟਰ-11 ਥਾਣਾ ਪੁਲਿਸ ਦੇ ਅਧਿਕਾਰੀਆਂ ਨੂੰ ਸ਼ਾਮਲ ਕਰਦੇ ਹੋਏ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ। ਜਾਂਚ ਟੀਮ ਨੇ ਸੈਂਕੜੇ ਸੀਸੀਟੀਵੀ ਫੁਟੇਜਾਂ ਦੀ ਜਾਂਚ ਕੀਤੀ, ਤਕਨੀਕੀ ਸਰਵੇਲੈਂਸ ਦੀ ਮਦਦ ਲਈ ਅਤੇ ਕਈ ਸੂਬਿਆਂ ’ਚ ਛਾਪੇਮਾਰੀ ਕੀਤੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਚੋਰੀ ਦੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਚੰਡੀਗੜ੍ਹ ਪਹੁੰਚੇ ਸਨ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਸੈਕਟਰ-43 ਬੱਸ ਅੱਡੇ ਤੋਂ ਬੱਸ ਰਾਹੀਂ ਦਿੱਲੀ ਪਹੁੰਚੇ ਤੇ ਉੱਥੋਂ ਰੇਲਗੱਡੀ ਰਾਹੀਂ ਜੰਮੂ-ਕਸ਼ਮੀਰ ਫ਼ਰਾਰ ਹੋ ਗਏ। ਸੀਸੀਟੀਵੀ ਫੁਟੇਜ, ਹੋਟਲ ਰਿਕਾਰਡ ਤੇ ਤਕਨੀਕੀ ਸਬੂਤਾਂ ਦੇ ਆਧਾਰ ’ਤੇ ਪੁਲਿਸ ਮੁਲਜ਼ਮਾਂ ਤੱਕ ਪਹੁੰਚਣ ਵਿਚ ਸਫਲ ਰਹੀ। ਜਾਂਚ ਦੌਰਾਨ ਪੁਲਿਸ ਨੇ ਜੰਮੂ-ਕਸ਼ਮੀਰ ਦੇ ਤਿੰਨ ਸ਼ੱਕੀ ਵਿਅਕਤੀਆਂ ਦੀ ਪਛਾਣ ਕੀਤੀ। ਭਰੋਸੇਯੋਗ ਸੂਚਨਾ ਦੇ ਆਧਾਰ ’ਤੇ ਪੁਲਿਸ ਟੀਮਾਂ ਨੇ ਜੰਮੂ-ਕਸ਼ਮੀਰ ਵਿਚ ਛਾਪੇਮਾਰੀ ਕੀਤੀ ਤੇ 17 ਜੂਨ ਦੀ ਸ਼ਾਮ ਕਰੀਬ 7:30 ਵਜੇ ਸੰਨੀ ਮਹਿਰਾ ਤੇ ਆਰੀਅਨ ਸ਼ਰਮਾ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰੀ ਦੀ ਸੂਚਨਾ ਸਥਾਨਕ ਪੁਲਿਸ ਨੂੰ ਵੀ ਦਿੱਤੀ ਗਈ। ਚੰਡੀਗੜ੍ਹ ਪਹੁੰਚਣ ਤੋਂ ਪਹਿਲਾਂ ਵਾਪਰਿਆ ਹਾਦਸਾ ਆਈਜੀ ਪੁਸ਼ਪਿੰਦਰ ਕੁਮਾਰ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੂੰ ਕਾਨੂੰਨੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਚੰਡੀਗੜ੍ਹ ਲਿਆਂਦਾ ਜਾ ਰਿਹਾ ਸੀ। ਵੀਰਵਾਰ ਤੜਕੇ ਕਰੀਬ 4:30 ਤੋਂ 5 ਵਜੇ ਦੇ ਵਿਚਕਾਰ ਚੰਡੀਗੜ੍ਹ ’ਚ ਦਾਖ਼ਲ ਹੁੰਦੇ ਸਮੇਂ ਪੁਲਿਸ ਦਾ ਵਾਹਨ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ’ਚ ਕੁਝ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ ਅਤੇ ਇਕ ਪੁਲਿਸ ਅਧਿਕਾਰੀ ਦਾ ਹਥਿਆਰ ਹੇਠਾਂ ਡਿੱਗ ਗਿਆ। ਇਸ ਦੌਰਾਨ ਮੁੱਖ ਮੁਲਜ਼ਮ ਸੰਨੀ ਮਹਿਰਾ ਨੇ ਹਥਿਆਰ ਚੁੱਕ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਉਸ ਨੂੰ ਕਈ ਵਾਰ ਚਿਤਾਵਨੀ ਦਿੱਤੀ ਗਈ, ਪਰ ਉਸ ਨੇ ਆਤਮਸਮਰਪਣ ਕਰਨ ਦੀ ਬਜਾਏ ਪੁਲਿਸ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਮੁਲਜ਼ਮ ਨੇ ਦੋ ਗੋਲ਼ੀਆਂ ਚਲਾਈਆਂ, ਜੋ ਪੁਲਿਸ ਵਾਹਨ ਨਾਲ ਟਕਰਾ ਗਈਆਂ। ਜਵਾਬੀ ਕਾਰਵਾਈ ’ਚ ਪੁਲਿਸ ਨੇ ਵੀ ਗੋਲੀਆਂ ਚਲਾਈਆਂ, ਜੋ ਮੁਲਜ਼ਮਾਂ ਦੀਆਂ ਲੱਤਾਂ ’ਚ ਲੱਗੀਆਂ। ਮੁਕਾਬਲੇ ਦੌਰਾਨ ਪੁਲਿਸ ਵੱਲੋਂ ਚਾਰ ਰਾਊਂਡ ਫਾਇਰ ਕੀਤੇ ਗਏ।