- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੀਟਿੰਗ 'ਚ ਸੈਨਿਕ ਵਿਸ਼ਰਾਮ ਘਰ ਦੇ ਨਵੀਨੀਕਰਨ (ਰਿਨੋਵੇਸ਼ਨ) ਦੇ ਕਾਰਜਾਂ ਦੀ ਵੀ ਸਮੀਖਿਆ ਕੀਤੀ ਗਈ। ਪ੍ਰਸ਼ਾਸਨ ਨੇ ਇਸ ਲਈ 2.07 ਕਰੋੜ ਰੁਪਏ ਮਨਜ਼ੂਰ ਕੀਤੇ ਹਨ। 5 ਜੂਨ 2026 ਤੋਂ ਸ਼ੁਰੂ ਹੋਇਆ ਇਹ ਕੰਮ ਪੂਰਾ ਹੋਣ ਤੋਂ ਬਾਅਦ ਚੰਡੀਗੜ੍ਹ ਆਉਣ ਵਾਲੇ ਸੇਵਾਮੁਕਤ ਤੇ ਸੇਵਾ ਨਿਭਾ ਰਹੇ ਸੈਨਿਕਾਂ ਨੂੰ ਬਿਹਤਰ ਰਿਹਾਇਸ਼ ਅਤੇ ਹੋਰ ਸਹੂਲਤਾਂ ਮਿਲਣਗੀਆਂ।

ਜਾਗਰਣ ਸੰਵਾਦਦਾਤਾ, ਚੰਡੀਗੜ੍ਹ: ਸਾਬਕਾ ਫ਼ੌਜੀਆਂ ਦੀ ਭਲਾਈ ਲਈ ਪ੍ਰਸ਼ਾਸਨ ਨੇ ਕਈ ਫੈਸਲੇ ਲਏ ਹਨ ਤੇ ਡਿਊਟੀ ਦੌਰਾਨ ਜਾਨ ਗੁਆਉਣ ਵਾਲੇ ਫ਼ੌਜੀਆਂ ਦੇ ਪਰਿਵਾਰਾਂ ਨੂੰ ਇਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੀ ਸਿਫਾਰਸ਼ ਕੀਤੀ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਸੈਨਿਕ ਬੋਰਡ (ਜ਼ੈੱਡਐੱਸਬੀ) ਦੇ ਪ੍ਰਧਾਨ ਨਿਸ਼ਾਂਤ ਕੁਮਾਰ ਯਾਦਵ ਨੇ ਮੰਗਲਵਾਰ ਨੂੰ ਦਿੱਤੀ। ਜ਼ਿਲ੍ਹਾ ਸੈਨਿਕ ਬੋਰਡ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਸਾਬਕਾ ਫ਼ੌਜੀਆਂ, ਸੇਵਾ ਨਿਭਾਅ ਰਹੇ ਫ਼ੌਜੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਨਾਲ ਜੁੜੇ ਵੱਖ-ਵੱਖ ਮਾਮਲਿਆਂ ਦੀ ਸਮੀਖਿਆ ਕੀਤੀ। ਮੀਟਿੰਗ 'ਚ ਚੰਡੀਗੜ੍ਹ ਪ੍ਰਸ਼ਾਸਨ ਨੂੰ ਕਈ ਨਵੀਆਂ ਭਲਾਈ ਯੋਜਨਾਵਾਂ ਦੀ ਸਿਫਾਰਸ਼ ਵੀ ਕੀਤੀ ਗਈ।
ਮੀਟਿੰਗ 'ਚ ਦੱਸਿਆ ਗਿਆ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਸਾਬਕਾ ਅਗਨੀਵੀਰਾਂ ਨੂੰ ਵੱਡੀ ਰਾਹਤ ਦਿੰਦਿਆਂ ਕਾਂਸਟੇਬਲ (ਐਗਜ਼ੀਕਿਊਟਿਵ ਅਤੇ ਵਾਇਰਲੈੱਸ), ਜੇਲ੍ਹ ਵਾਰਡਨ ਤੇ ਫੌਰੈਸਟ ਗਾਰਡ ਦੀਆਂ ਅਸਾਮੀਆਂ 'ਤੇ ਸਿੱਧੀ ਭਰਤੀ 'ਚ 20 ਪ੍ਰਤੀਸ਼ਤ ਹੌਰੀਜੈਂਟਲ ਰਾਖਵੇਂਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਸਾਬਕਾ ਅਗਨੀਵੀਰਾਂ ਲਈ ਰੋਜ਼ਗਾਰ ਦੇ ਨਵੇਂ ਅਵਸਰ ਉਪਲਬਧ ਹੋਣਗੇ।
ਮੀਟਿੰਗ 'ਚ ਸੈਨਿਕ ਵਿਸ਼ਰਾਮ ਘਰ ਦੇ ਨਵੀਨੀਕਰਨ (ਰਿਨੋਵੇਸ਼ਨ) ਦੇ ਕਾਰਜਾਂ ਦੀ ਵੀ ਸਮੀਖਿਆ ਕੀਤੀ ਗਈ। ਪ੍ਰਸ਼ਾਸਨ ਨੇ ਇਸ ਲਈ 2.07 ਕਰੋੜ ਰੁਪਏ ਮਨਜ਼ੂਰ ਕੀਤੇ ਹਨ। 5 ਜੂਨ 2026 ਤੋਂ ਸ਼ੁਰੂ ਹੋਇਆ ਇਹ ਕੰਮ ਪੂਰਾ ਹੋਣ ਤੋਂ ਬਾਅਦ ਚੰਡੀਗੜ੍ਹ ਆਉਣ ਵਾਲੇ ਸੇਵਾਮੁਕਤ ਤੇ ਸੇਵਾ ਨਿਭਾ ਰਹੇ ਸੈਨਿਕਾਂ ਨੂੰ ਬਿਹਤਰ ਰਿਹਾਇਸ਼ ਅਤੇ ਹੋਰ ਸਹੂਲਤਾਂ ਮਿਲਣਗੀਆਂ।
ਜ਼ਿਲ੍ਹਾ ਸੈਨਿਕ ਬੋਰਡ ਨੇ ਪ੍ਰਸ਼ਾਸਨ ਨੂੰ ਡਿਊਟੀ ਦੌਰਾਨ ਸ਼ਹੀਦ/ਮੌਤ (ਫਿਜ਼ੀਕਲ ਕੈਜ਼ੂਅਲਟੀ-ਫੇਟਲ) ਹੋਣ ਵਾਲੇ ਸੈਨਿਕਾਂ ਦੇ ਆਸ਼ਰਿਤਾਂ ਨੂੰ ਹਥਿਆਰਬੰਦ ਸੈਨਾ ਝੰਡਾ ਦਿਵਸ ਫੰਡ 'ਚੋਂ ਇੱਕਮੁਸ਼ਤ ਇਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ, ਵੀਰਤਾ ਅਤੇ ਵਿਸ਼ਿਸ਼ਟ ਸੇਵਾ ਮੈਡਲ ਜੇਤੂਆਂ ਦੇ ਨਕਦ ਇਨਾਮ ਵਧਾਉਣ ਦੀ ਸਿਫਾਰਸ਼ ਕੀਤੀ ਹੈ।
ਇਸ ਤੋਂ ਇਲਾਵਾ ਜੂਨ 2009 ਤੋਂ ਪਹਿਲਾਂ ਲਾਭ ਪ੍ਰਾਪਤ ਕਰ ਰਹੇ ਵੀਰਤਾ ਪੁਰਸਕਾਰ ਜੇਤੂਆਂ ਦੇ ਮਹੀਨਾਵਾਰ ਭੱਤੇ 'ਚ 30 ਪ੍ਰਤੀਸ਼ਤ ਵਾਧਾ ਕਰਨ ਅਤੇ ਰਾਸ਼ਟਰੀ ਇੰਡੀਅਨ ਮਿਲਟਰੀ ਕਾਲਜ (RIMC) ਸਕਾਲਰਸ਼ਿਪ ਨੂੰ 33 ਹਜ਼ਾਰ ਰੁਪਏ ਤੋਂ ਵਧਾ ਕੇ 50 ਹਜ਼ਾਰ ਰੁਪਏ ਪ੍ਰਤੀ ਸਾਲ ਕਰਨ ਦੀ ਵੀ ਸਿਫਾਰਸ਼ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਕਿਹਾ ਕਿ ਇਹ ਪਹਿਲਕਦਮੀਆਂ ਸਾਬਕਾ ਫ਼ੌਜੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਭਲਾਈ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨਗੀਆਂ ਤੇ ਦੇਸ਼ ਦੀ ਸੇਵਾ ਵਿੱਚ ਉਨ੍ਹਾਂ ਦੇ ਯੋਗਦਾਨ ਅਤੇ ਕੁਰਬਾਨੀ ਦਾ ਸਨਮਾਨ ਕਰਨਗੀਆਂ। ਉਨ੍ਹਾਂ ਉਮੀਦ ਜਤਾਈ ਕਿ ਚੰਡੀਗੜ੍ਹ ਪ੍ਰਸ਼ਾਸਨ ਇਨ੍ਹਾਂ ਸਿਫਾਰਸ਼ਾਂ ਨੂੰ ਜਲਦੀ ਮਨਜ਼ੂਰੀ ਦੇਵੇਗਾ।
ਮੀਟਿੰਗ 'ਚ ਸੇਵਾਮੁਕਤ ਬ੍ਰਿਗੇਡੀਅਰ ਡੀਐੱਸ ਢਿੱਲੋਂ, ਕਰਨਲ ਸ਼ਹਿਜ਼ਾਦਾ ਕੋਹਲੀ, ਲੈਫਟੀਨੈਂਟ ਕਰਨਲ ਆਰਕੇ ਸਿੰਘ, ਕੇਕੇ ਸ਼ਾਰਦਾ ਅਤੇ ਕਰਨਲ ਐੱਚਐੱਸ ਘੁੰਮਣ ਸਮੇਤ ਹੋਰ ਮੈਂਬਰ ਵੀ ਮੌਜੂਦ ਸਨ।