- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਰੋਧੀ ਧਿਰ ਵੱਲੋਂ ਪੰਜਾਬ ਵਿੱਚ ਵਿਕਾਸ ਕਾਰਜ ਨਾ ਹੋਣ ਦੇ ਲਾਏ ਜਾ ਰਹੇ ਦੋਸ਼ਾਂ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਤਾਂ ਦੋਸ਼ ਲਾਉਣੇ ਹੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਬਾਹਰ ਬੈਠ ਕੇ ਦੋਸ਼ ਲਾਉਣ ਦੀ ਬਜਾਏ ਪੰਜਾਬ ਆ ਕੇ ਦੇਖੋ ਕਿ ਇੱਥੇ ਕੀ-ਕੀ ਕੰਮ ਹੋਏ ਹਨ।

ਰੋਹਿਤ ਕੁਮਾਰ, ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2027 ਲਈ ਆਮ ਆਦਮੀ ਪਾਰਟੀ (ਆਪ) ਵੱਲੋਂ 40 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਾਰਟੀ ਨੇ ਉਮੀਦਵਾਰਾਂ ਦੀ ਚੋਣ ਵਿੱਚ ਲੋਕਾਂ ਦੀ ਪਸੰਦ ਅਤੇ ਸਰਵੇਖਣ ਨੂੰ ਮਹੱਤਵ ਦਿੱਤਾ ਹੈ। ਨਵੇਂ ਚਿਹਰਿਆਂ ਨੂੰ ਵੀ ਮੌਕਾ ਦਿੱਤਾ ਗਿਆ ਹੈ। ਉਮੀਦਵਾਰਾਂ ਦੇ ਨਾਂ ਤੈਅ ਕਰਨ ਤੋਂ ਪਹਿਲਾਂ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਲੋਕਾਂ ਦੀ ਰਾਏ ਨੂੰ ਧਿਆਨ ਵਿੱਚ ਰੱਖਿਆ ਗਿਆ। ਚੁਣੇ ਗਏ ਸਾਰੇ 40 ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਉਮੀਦ ਜਤਾਈ ਕਿ ਇਹ ਸਾਰੇ ਆਗਾਮੀ ਚੋਣਾਂ ਵਿੱਚ ਵੀ ਜਿੱਤ ਹਾਸਲ ਕਰਨਗੇ।
ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਲਗਪਗ 12-13 ਸਾਲ ਪੁਰਾਣੀ ਪਾਰਟੀ ਹੈ ਅਤੇ ਇਸ ਵਿੱਚ ਨਵੇਂ ਲੋਕਾਂ ਨੂੰ ਵੀ ਅੱਗੇ ਵਧਣ ਦਾ ਮੌਕਾ ਮਿਲਦਾ ਹੈ। ਪਾਰਟੀ ਨੇ ਅਜਿਹੇ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਹੈ, ਜਿਨ੍ਹਾਂ ਨੂੰ ਸਰਵੇਖਣ ਦੌਰਾਨ ਲੋਕਾਂ ਨੇ ਪਸੰਦ ਕੀਤਾ ਹੈ। ਨਵੇਂ ਚਿਹਰਿਆਂ ਨੂੰ ਮੌਕਾ ਦੇਣ ਦਾ ਮਕਸਦ ਸੰਗਠਨ ਵਿੱਚ ਨਵੀਆਂ ਪ੍ਰਤਿਭਾਵਾਂ ਨੂੰ ਅੱਗੇ ਲਿਆਉਣਾ ਅਤੇ ਉਨ੍ਹਾਂ ਨੂੰ ਚੋਣ ਸਿਆਸਤ ਵਿੱਚ ਆਪਣੀ ਪਛਾਣ ਬਣਾਉਣ ਦਾ ਮੌਕਾ ਦੇਣਾ ਹੈ।
ਕਾਂਗਰਸ ਆਖਰੀ ਸਮੇਂ ਤੱਕ ਕਰਦੀ ਹੈ ਟਿਕਟਾਂ ਦਾ ਫ਼ੈਸਲਾ
ਭਗਵੰਤ ਮਾਨ ਨੇ ਕਾਂਗਰਸ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸ ਆਖਰੀ ਦਿਨ ਤੱਕ ਟਿਕਟਾਂ ਦਾ ਫ਼ੈਸਲਾ ਨਹੀਂ ਕਰਦੀ। ਉਸ ਨੂੰ ਚਿੰਤਾ ਰਹਿੰਦੀ ਹੈ ਕਿ ਕਿਤੇ ਕੋਈ ਆਗੂ ਨਾਰਾਜ਼ ਹੋ ਕੇ ਬਗਾਵਤ ਨਾ ਕਰ ਦੇਵੇ ਜਾਂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਨਾ ਉਤਰ ਜਾਵੇ। ਇਸ ਦੇ ਉਲਟ ਆਮ ਆਦਮੀ ਪਾਰਟੀ ਦੀ ਨੀਤੀ ਚੋਣਾਂ ਤੋਂ ਤਿੰਨ-ਚਾਰ ਮਹੀਨੇ ਪਹਿਲਾਂ ਉਮੀਦਵਾਰਾਂ ਦਾ ਐਲਾਨ ਕਰਨ ਦੀ ਹੈ। ਇਸ ਨਾਲ ਉਮੀਦਵਾਰਾਂ ਨੂੰ ਆਪਣੇ ਵਿਧਾਨ ਸਭਾ ਹਲਕਿਆਂ ਵਿੱਚ ਲੋਕਾਂ ਦਰਮਿਆਨ ਜਾਣ ਅਤੇ ਚੋਣ ਪ੍ਰਚਾਰ ਲਈ ਲੋੜੀਂਦਾ ਸਮਾਂ ਮਿਲ ਜਾਂਦਾ ਹੈ।
ਪੰਜਾਬ ਆ ਕੇ ਦੇਖੋ, ਪਿੰਡ-ਪਿੰਡ ਵਿੱਚ ਹੋਏ ਹਨ ਵਿਕਾਸ ਕਾਰਜ
ਵਿਰੋਧੀ ਧਿਰ ਵੱਲੋਂ ਪੰਜਾਬ ਵਿੱਚ ਵਿਕਾਸ ਕਾਰਜ ਨਾ ਹੋਣ ਦੇ ਲਾਏ ਜਾ ਰਹੇ ਦੋਸ਼ਾਂ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਤਾਂ ਦੋਸ਼ ਲਾਉਣੇ ਹੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਬਾਹਰ ਬੈਠ ਕੇ ਦੋਸ਼ ਲਾਉਣ ਦੀ ਬਜਾਏ ਪੰਜਾਬ ਆ ਕੇ ਦੇਖੋ ਕਿ ਇੱਥੇ ਕੀ-ਕੀ ਕੰਮ ਹੋਏ ਹਨ। ਸੂਬੇ ਦਾ ਕੋਈ ਅਜਿਹਾ ਪਿੰਡ ਨਹੀਂ ਹੈ, ਜਿੱਥੇ ਵਿਕਾਸ ਲਈ ਗ੍ਰਾਂਟ ਨਾ ਪਹੁੰਚੀ ਹੋਵੇ। ਪਿੰਡਾਂ ਵਿੱਚ ਸੜਕਾਂ ਬਣਾਈਆਂ ਗਈਆਂ ਹਨ ਅਤੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਦੂਰ ਕਰਨ ਲਈ ਥਾਪਰ ਮਾਡਲ ਅਤੇ ਸੀਸਵਾਲ ਮਾਡਲ ਤਹਿਤ ਕੰਮ ਕਰਵਾਏ ਗਏ ਹਨ।
ਮਾਨ ਨੇ ਕਿਹਾ ਕਿ ਪਿੰਡਾਂ ਵਿੱਚ ਟਿਊਬਵੈੱਲਾਂ ਨਾਲ ਜੁੜੇ ਕੰਮ ਕਰਵਾਏ ਗਏ ਹਨ। ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ, ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ ਅਤੇ ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੋਏ ਕੰਮਾਂ ਨੂੰ ਦੇਖਣ ਲਈ ਇੱਥੇ ਆਉਣਾ ਚਾਹੀਦਾ ਹੈ। ਲੋਕਾਂ ਨੂੰ ਖੁਦ ਪਤਾ ਲੱਗ ਜਾਵੇਗਾ ਕਿ ਸਰਕਾਰ ਨੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਕੀ-ਕੀ ਕੰਮ ਕਰਵਾਏ ਹਨ।
ਉਮੀਦਵਾਰਾਂ ਨੂੰ ਸਰਕਾਰ ਦੇ ਕੰਮ ਲੋਕਾਂ ਤੱਕ ਪਹੁੰਚਾਉਣ ਦਾ ਮਿਲੇਗਾ ਸਮਾਂ
ਮੁੱਖ ਮੰਤਰੀ ਨੇ ਕਿਹਾ ਕਿ ਉਮੀਦਵਾਰਾਂ ਦਾ ਪਹਿਲਾਂ ਐਲਾਨ ਕਰਨ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਉਮੀਦਵਾਰ ਆਪਣੇ ਹਲਕਿਆਂ ਵਿੱਚ ਜਾ ਕੇ ਲੋਕਾਂ ਨੂੰ ਸਰਕਾਰ ਦੇ ਕੰਮਾਂ ਬਾਰੇ ਜਾਣਕਾਰੀ ਦੇ ਸਕਣਗੇ। ਉਨ੍ਹਾਂ ਨੂੰ ਲੋਕਾਂ ਨਾਲ ਸੰਪਰਕ ਬਣਾਉਣ ਅਤੇ ਸਥਾਨਕ ਮੁੱਦਿਆਂ ਨੂੰ ਸਮਝਣ ਦਾ ਵੀ ਸਮਾਂ ਮਿਲੇਗਾ। ਇਸ ਦੇ ਨਾਲ ਹੀ ਟਿਕਟ ਦੀ ਉਮੀਦ ਲਾਈ ਬੈਠੇ ਹੋਰ ਆਗੂਆਂ ਦੀ ਸਥਿਤੀ ਵੀ ਸਪੱਸ਼ਟ ਹੋ ਜਾਵੇਗੀ। ਪਾਰਟੀ ਨੂੰ ਨਾਰਾਜ਼ ਆਗੂਆਂ ਅਤੇ ਵਰਕਰਾਂ ਨੂੰ ਮਨਾਉਣ ਅਤੇ ਉਨ੍ਹਾਂ ਨੂੰ ਸੰਗਠਨ ਵਿੱਚ ਹੋਰ ਜ਼ਿੰਮੇਵਾਰੀ ਦੇਣ ਦਾ ਮੌਕਾ ਵੀ ਮਿਲੇਗਾ।