NEET ਪੇਪਰ ਲੀਕ ਮਾਮਲਾ: ਦੇਸ਼ ਦਾ ਸਿੱਖਿਆ ਢਾਂਚਾ ICU 'ਚ ਪਹੁੰਚਿਆ, ਰਾਜੀਵ ਸ਼ੁਕਲਾ ਦਾ ਕੇਂਦਰ 'ਤੇ ਵੱਡਾ ਹਮਲਾ; ਸਿੱਖਿਆ ਮੰਤਰੀ ਦੇ ਅਸਤੀਫ਼ੇ ਦੀ ਮੰਗ
"ਦੇਸ਼ ਦੀ ਸਿੱਖਿਆ ਪ੍ਰਣਾਲੀ ਇਸ ਸਮੇਂ ਪੂਰੀ ਤਰ੍ਹਾਂ ICU 'ਚ ਜਾ ਚੁੱਕੀ ਹੈ। NEET ਪੇਪਰ ਲੀਕ ਹੋਣ ਵਰਗੀ ਲਾਪਰਵਾਹੀ ਕਾਰਨ ਦੇਸ਼ ਭਰ 'ਚ ਹੁਣ ਤੱਕ 20 ਤੋਂ ਵੱਧ ਵਿਦਿਆਰਥੀ ਖੁਦਕੁਸ਼ੀ ਕਰ ਚੁੱਕੇ ਹਨ। ਇਹ ਦੇਸ਼ ਦੇ ਸਿੱਖਿਆ ਢਾਂਚੇ 'ਤੇ ਇੱਕ ਵੱਡਾ ਸਵਾਲੀਆ ਨਿਸ਼ਾਨ ਹੈ।" ਇਹ ਪ੍ਰਗਟਾਵਾ ਵੀਰਵਾਰ ਨੂੰ ਸੈਕਟਰ 27 ਸਥਿਤ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਪੰਜਾਬ ਕਾਂਗਰਸ ਵੱਲੋਂ 'ਛਾਤਰੋਂ ਕੀ ਗੂੰਜ' ਮੁਹਿੰਮ ਦੀ ਸ਼ੁਰੂਆਤ ਮੌਕੇ ਕੀਤਾ ਗਿਆ।
Publish Date: Thu, 25 Jun 2026 01:39 PM (IST)
Updated Date: Thu, 25 Jun 2026 01:40 PM (IST)

ਡਾ. ਸੁਮਿਤ ਸਿੰਘ ਸ਼ਿਓਰਾਣ, ਚੰਡੀਗੜ੍ਹ : "ਦੇਸ਼ ਦੀ ਸਿੱਖਿਆ ਪ੍ਰਣਾਲੀ ਇਸ ਸਮੇਂ ਪੂਰੀ ਤਰ੍ਹਾਂ ICU 'ਚ ਜਾ ਚੁੱਕੀ ਹੈ। NEET ਪੇਪਰ ਲੀਕ ਹੋਣ ਵਰਗੀ ਲਾਪਰਵਾਹੀ ਕਾਰਨ ਦੇਸ਼ ਭਰ 'ਚ ਹੁਣ ਤੱਕ 20 ਤੋਂ ਵੱਧ ਵਿਦਿਆਰਥੀ ਖੁਦਕੁਸ਼ੀ ਕਰ ਚੁੱਕੇ ਹਨ। ਇਹ ਦੇਸ਼ ਦੇ ਸਿੱਖਿਆ ਢਾਂਚੇ 'ਤੇ ਇੱਕ ਵੱਡਾ ਸਵਾਲੀਆ ਨਿਸ਼ਾਨ ਹੈ।" ਇਹ ਪ੍ਰਗਟਾਵਾ ਵੀਰਵਾਰ ਨੂੰ ਸੈਕਟਰ 27 ਸਥਿਤ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਪੰਜਾਬ ਕਾਂਗਰਸ ਵੱਲੋਂ 'ਛਾਤਰੋਂ ਕੀ ਗੂੰਜ' ਮੁਹਿੰਮ ਦੀ ਸ਼ੁਰੂਆਤ ਮੌਕੇ ਕੀਤਾ ਗਿਆ।
ਇਸ ਮੌਕੇ ਰਾਜਸਭਾ ਮੈਂਬਰ ਰਾਜੀਵ ਸ਼ੁਕਲਾ, ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚ.ਐੱਸ. ਲੱਕੀ ਸਮੇਤ ਹੋਰ ਆਗੂ ਵੀ ਮੌਜੂਦ ਸਨ। ਰਾਜੀਵ ਸ਼ੁਕਲਾ ਨੇ ਦੱਸਿਆ ਕਿ ਅੱਜ ਤੋਂ ਦੇਸ਼ ਦੇ 28 ਸ਼ਹਿਰਾਂ 'ਚ ਕੇਂਦਰ ਸਰਕਾਰ ਖ਼ਿਲਾਫ਼ ਨੀਟ ਵਰਗੀਆਂ ਪ੍ਰੀਖਿਆਵਾਂ 'ਚ ਹੋਈ ਘੋਰ ਲਾਪਰਵਾਹੀ ਨੂੰ ਲੈ ਕੇ ਜਵਾਬ ਮੰਗਿਆ ਜਾਵੇਗਾ। ਅਗਲੇ 40 ਦਿਨਾਂ ਤੱਕ ਪੰਜਾਬ ਕਾਂਗਰਸ ਸਾਰੇ ਕਾਲਜਾਂ ਅਤੇ ਯੂਨੀਵਰਸਿਟੀਆਂ 'ਚ ਜਾ ਕੇ ਨੌਜਵਾਨਾਂ ਨੂੰ ਜਾਗਰੂਕ ਕਰੇਗੀ ਅਤੇ ਇਸ ਤੋਂ ਬਾਅਦ 9 ਅਗਸਤ ਨੂੰ ਦਿੱਲੀ 'ਚ ਦੇਸ਼ ਭਰ ਦੇ ਨੌਜਵਾਨ ਇਕੱਠੇ ਹੋ ਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਨਗੇ। ਸ਼ੁਕਲਾ ਨੇ ਕਿਹਾ ਕਿ ਇਹ ਇੱਕ ਬਹੁਤ ਹੀ ਗੰਭੀਰ ਮੁੱਦਾ ਹੈ, ਅੱਜ ਦੇਸ਼ 'ਚ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਤੋਂ ਲੈ ਕੇ ਨੌਕਰੀਆਂ ਦੇ ਪੇਪਰ ਲੀਕ ਹੋ ਰਹੇ ਹਨ ਪਰ ਸਰਕਾਰ ਪੂਰੀ ਤਰ੍ਹਾਂ ਚੁੱਪ ਬੈਠੀ ਹੈ। ਉਨ੍ਹਾਂ ਨੇ ਇਸ ਮਾਮਲੇ 'ਚ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਤੋਂ ਤੁਰੰਤ ਅਸਤੀਫ਼ੇ ਦੀ ਮੰਗ ਵੀ ਦੁਹਰਾਈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਅਤੇ ਮਾਪਿਆਂ ਦੀਆਂ ਉਮੀਦਾਂ 'ਤੇ ਪਾਣੀ ਫੇਰਿਆ ਜਾ ਰਿਹਾ ਹੈ, ਜਿਸ ਕਾਰਨ ਨੌਜਵਾਨ ਅੱਜ ਮਾਨਸਿਕ ਤੌਰ 'ਤੇ ਪੂਰੀ ਤਰ੍ਹਾਂ ਟੁੱਟ ਚੁੱਕੇ ਹਨ। ਰਾਹੁਲ ਗਾਂਧੀ ਦੀ ਕੋਟਾ ਰੈਲੀ 'ਚ ਪ੍ਰੀਖਿਆ ਪ੍ਰਣਾਲੀ ਖ਼ਿਲਾਫ਼ ਨੌਜਵਾਨਾਂ ਦਾ ਜ਼ਬਰਦਸਤ ਗੁੱਸਾ ਦੇਖਣ ਨੂੰ ਮਿਲਿਆ ਸੀ। ਇਨ੍ਹਾਂ ਮਾਮਲਿਆਂ ਨੂੰ ਲੈ ਕੇ ਸਰਕਾਰ 'ਚ ਕੋਈ ਵੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਹੈ।
ਸ਼ੁਕਲਾ ਨੇ ਕਿਹਾ ਕਿ ਕਾਂਗਰਸ ਦੀ ਮੰਗ ਹੈ ਕਿ ਸਿੱਖਿਆ ਮੰਤਰੀ ਤੁਰੰਤ ਅਸਤੀਫ਼ਾ ਦੇਣ ਅਤੇ ਨਾਲ ਹੀ ਪੂਰੀ ਪ੍ਰੀਖਿਆ ਪ੍ਰਣਾਲੀ 'ਚ ਬਦਲਾਅ ਕੀਤਾ ਜਾਵੇ। ਪ੍ਰੀਖਿਆਵਾਂ ਅਤੇ ਨੌਕਰੀਆਂ ਦੇ ਟੈਸਟਾਂ ਲਈ ਸਾਲਾਨਾ ਕੈਲੰਡਰ ਜਾਰੀ ਕੀਤਾ ਜਾਵੇ, ਤਾਂ ਜੋ ਨੌਜਵਾਨਾਂ ਨੂੰ ਪਹਿਲਾਂ ਹੀ ਪੂਰੀ ਜਾਣਕਾਰੀ ਹੋਵੇ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ 'ਛਾਤਰੋਂ ਕੀ ਗੂੰਜ' ਮੁਹਿੰਮ ਤਹਿਤ ਨੌਜਵਾਨਾਂ ਦੀ ਇਸ ਲੜਾਈ ਨੂੰ ਪੂਰੇ ਪੰਜਾਬ 'ਚ ਪੰਜਾਬ ਕਾਂਗਰਸ ਵੱਲੋਂ ਪੂਰਾ ਸਮਰਥਨ ਦਿੱਤਾ ਜਾਵੇਗਾ। ਅਗਲੇ 40 ਦਿਨਾਂ ਤੱਕ ਪੰਜਾਬ ਦੇ ਹਰ ਜ਼ਿਲ੍ਹੇ 'ਚ ਨੌਜਵਾਨਾਂ ਨੂੰ ਲਾਮਬੰਦ ਕੀਤਾ ਜਾਵੇਗਾ ਤਾਂ ਜੋ ਆਗਾਮੀ ਮਾਨਸੂਨ ਸੈਸ਼ਨ ਦੌਰਾਨ ਕੇਂਦਰ ਸਰਕਾਰ ਦੀ ਸੰਸਦ 'ਚ ਨੀਟ ਵਰਗੀਆਂ ਪ੍ਰੀਖਿਆਵਾਂ ਦੇ ਲੀਕ ਹੋਣ ਨੂੰ ਲੈ ਕੇ ਜਵਾਬਦੇਹੀ ਤੈਅ ਕੀਤੀ ਜਾ ਸਕੇ।
ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚ.ਐੱਸ. ਲੱਕੀ ਨੇ ਕਿਹਾ ਕਿ ਅੱਜ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਚੰਡੀਗੜ੍ਹ ਸ਼ਹਿਰ 'ਚ ਹਨ ਅਤੇ ਨੌਜਵਾਨਾਂ ਨੇ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਪ੍ਰਦਰਸ਼ਨ ਕੀਤਾ ਹੈ। ਆਉਣ ਵਾਲੇ ਦਿਨਾਂ 'ਚ ਵੀ ਚੰਡੀਗੜ੍ਹ ਕਾਂਗਰਸ ਇਸ ਮੁਹਿੰਮ ਤਹਿਤ ਸਾਰੇ ਵਿਦਿਅਕ ਅਦਾਰਿਆਂ 'ਚ ਪਹੁੰਚ ਕੇ ਨੌਜਵਾਨਾਂ ਨੂੰ ਜਾਗਰੂਕ ਕਰੇਗੀ।