1 ਸਾਲ ਦੀ ਉਮਰ 'ਚ ਹੋਇਆ ਪੋਲਿਓ, 80% ਦਿਵਿਆਂਗਤਾ... ਸੰਘਰਸ਼ ਕਰ ਕੇ ਪੰਚਕੂਲਾ ਦੇ ਨਰਿੰਦਰ ਸ਼ਾਸਤਰੀ ਬਣੇ ਰਾਏਪੁਰ ਕਲਾਂ ਸਕੂਲ ਦੇ ਪ੍ਰਿੰਸੀਪਲ
ਨਰਿੰਦਰ ਨੇ 1994 'ਚ ਚੰਡੀਗੜ੍ਹ ਸਿੱਖਿਆ ਵਿਭਾਗ 'ਚ ਐਡਹਾਕ ਤੌਰ 'ਤੇ ਕੰਮ ਸ਼ੁਰੂ ਕੀਤਾ ਸੀ। ਸਾਲ 2000 'ਚ ਉਹ ਰੈਗੂਲਰ ਹੋ ਗਏ। 26 ਸਾਲਾਂ ਦੀ ਸੇਵਾ ਦੌਰਾਨ ਉਨ੍ਹਾਂ ਨੇ ਟੀਜੀਟੀ ਤੋਂ ਪੀਜੀਟੀ ਅਤੇ ਹੁਣ ਪ੍ਰਿੰਸੀਪਲ ਤੱਕ ਦਾ ਸਫ਼ਰ ਤੈਅ ਕੀਤਾ ਹੈ।
Publish Date: Tue, 29 Sep 2026 12:08 PM (IST)
Updated Date: Tue, 29 Sep 2026 12:10 PM (IST)
ਸੁਮੇਸ਼ ਠਾਕੁਰ, ਚੰਡੀਗੜ੍ਹ : ਕਹਿੰਦੇ ਹਨ ਕਿ ਜੇ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਲੱਖਾਂ ਮੁਸ਼ਕਲਾਂ ਵੀ ਤੁਹਾਡਾ ਰਸਤਾ ਨਹੀਂ ਰੋਕ ਸਕਦੀਆਂ। ਪ੍ਰਿੰਸੀਪਲ ਨਰਿੰਦਰ ਸ਼ਾਸਤਰੀ ਨੇ ਇਸ ਗੱਲ ਨੂੰ ਸੱਚ ਕਰ ਦਿਖਾਇਆ ਹੈ।
ਉਨ੍ਹਾਂ ਨੇ 28 ਸਤੰਬਰ ਨੂੰ ਗਵਰਨਮੈਂਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਰਾਏਪੁਰ ਕਲਾਂ 'ਚ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲਿਆ। ਪੰਚਕੂਲਾ ਦੇ ਜਟੌਲੀ ਪਿੰਡ ਦੇ ਰਹਿਣ ਵਾਲੇ ਨਰਿੰਦਰ ਇੱਕ ਸਾਲ ਦੀ ਉਮਰ 'ਚ ਪੋਲਿਓ ਦਾ ਸ਼ਿਕਾਰ ਹੋ ਗਏ ਸਨ ਅਤੇ ਉਹ 80 ਫੀਸਦੀ ਦਿਵਿਆਂਗ ਹਨ।
26 ਸਾਲਾਂ ਦੇ ਸਫ਼ਰ ਤੋਂ ਬਾਅਦ ਬਣੇ ਪ੍ਰਿੰਸੀਪਲ
ਨਰਿੰਦਰ ਨੇ 1994 'ਚ ਚੰਡੀਗੜ੍ਹ ਸਿੱਖਿਆ ਵਿਭਾਗ 'ਚ ਐਡਹਾਕ ਤੌਰ 'ਤੇ ਕੰਮ ਸ਼ੁਰੂ ਕੀਤਾ ਸੀ। ਸਾਲ 2000 'ਚ ਉਹ ਰੈਗੂਲਰ ਹੋ ਗਏ। 26 ਸਾਲਾਂ ਦੀ ਸੇਵਾ ਦੌਰਾਨ ਉਨ੍ਹਾਂ ਨੇ ਟੀਜੀਟੀ ਤੋਂ ਪੀਜੀਟੀ ਅਤੇ ਹੁਣ ਪ੍ਰਿੰਸੀਪਲ ਤੱਕ ਦਾ ਸਫ਼ਰ ਤੈਅ ਕੀਤਾ ਹੈ।
ਪਰਿਵਾਰ ਨੇ ਹਰ ਕਦਮ 'ਤੇ ਦਿੱਤਾ ਨਰਿੰਦਰ ਦਾ ਸਾਥ
ਨਰਿੰਦਰ ਨੇ ਦੱਸਿਆ ਕਿ ਬਚਪਨ 'ਚ ਉਨ੍ਹਾਂ ਦੇ ਭਰਾਵਾਂ ਨੇ ਪੜ੍ਹਾਈ ਲਈ ਹਮੇਸ਼ਾ ਉਨ੍ਹਾਂ ਦਾ ਸਾਥ ਦਿੱਤਾ। ਉਹ ਉਨ੍ਹਾਂ ਨੂੰ ਸਕੂਲ ਲਿਜਾਣ ਲਈ ਆਪਣੀ ਪਿੱਠ 'ਤੇ ਚੁੱਕ ਕੇ ਲੈ ਜਾਂਦੇ ਸਨ।
10ਵੀਂ ਦੀ ਪੜ੍ਹਾਈ ਤੋਂ ਬਾਅਦ ਉਨ੍ਹਾਂ ਨੇ ਅੰਬਾਲਾ ਦੇ ਹੋਸਟਲ 'ਚ ਰਹਿ ਕੇ ਸ਼ਾਸਤਰੀ ਦਾ ਡਿਪਲੋਮਾ ਪੂਰਾ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਬੀਐੱਡ ਦੀ ਪੜ੍ਹਾਈ ਕੀਤੀ।
ਸੰਘਰਸ਼ ਦੀ ਮਹੱਤਤਾ ਨੂੰ ਸਮਝਦੇ ਹੋਏ ਨਰਿੰਦਰ ਨੇ ਕਿਹਾ ਕਿ ਜ਼ਿੰਦਗੀ 'ਚ ਅੱਗੇ ਵਧਣ ਲਈ ਹਮੇਸ਼ਾ ਮਿਹਨਤ ਕਰਨੀ ਪੈਂਦੀ ਹੈ। ਸੋਮਵਾਰ ਨੂੰ ਨਰਿੰਦਰ ਸਮੇਤ ਕੁੱਲ ਅੱਠ ਪ੍ਰਿੰਸੀਪਲਾਂ ਨੇ ਅਹੁਦਾ ਸੰਭਾਲਿਆ ਹੈ।