
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਡਾਇਰੈਕਟੋਰੇਟ, ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਵਿਭਾਗ ਨੇ ਕਿਹਾ ਕਿ ਦਫ਼ਤਰੀ ਰਿਕਾਰਡ, ਹਾਜ਼ਰੀ ਰਜਿਸਟਰ ਅਨੁਸਾਰ ਕੋਈ ਵੀ ਕਰਮਚਾਰੀ ਅਣਅਧਿਕਾਰਤ ਤੌਰ ’ਤੇ ਗੈਰ ਹਾਜ਼ਰ ਨਹੀਂ ਪਾਇਆ ਗਿਆ। ਰਿਕਾਰਡ ਮੁਤਾਬਕ ਮੁਲਾਜ਼ਮਾਂ ਨੇ ਛੁੱਟੀ ਲਈ ਹੈ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ: ਡੀਏ ਤੇ ਹੋਰ ਮੰਗਾਂ ਦੀ ਪੂਰਤੀ ਲਈ ਵੀਰਵਾਰ ਨੂੰ ਹੜਤਾਲ ’ਤੇ ਰਹੇ ਮੁਲਾਜ਼ਮਾਂ ਦੀ ਹਾਜ਼ਰੀ ਬਾਰੇ ਮੰਗੀ ਗਈ ਰਿਪੋਰਟ ’ਚ ਕੋਈ ਮੁਲਾਜ਼ਮ ਗ਼ੈਰ ਹਾਜ਼ਰ ਨਹੀਂ ਮਿਲਿਆ। ਵੱਖ-ਵੱਖ ਵਿਭਾਗਾਂ ਵੱਲੋਂ ਪਰਸੋਨਲ ਵਿਭਾਗ ਨੂੰ ਮੁਲਾਜ਼ਮਾਂ ਦੀ ਗ਼ੈਰ ਹਾਜ਼ਰੀ ਬਾਰੇ ‘ਨਿੱਲ’ ਰਿਪੋਰਟ ਭੇਜੀ ਹੈ। ਇਸ ਸਬੰਧੀ ਕੁਝ ਪੱਤਰ ਇੰਟਰਨੈੱਟ ਮੀਡੀਆ ’ਤੇ ਵਾਇਰਲ ਹੋ ਰਹੇ ਹਨ, ਜਿਸ ’ਤੇ ਮੁਲਾਜ਼ਮ ਤੇ ਲੋਕ ਸਰਕਾਰ ਖਿਲਾਫ਼ ਸਖ਼ਤ ਟਿੱਪਣੀਆਂ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਪੰਜਾਬ ਦੀਆਂ ਸਮੂਹ ਮੁਲਾਜ਼ਮ ਜਥੇਬੰਦੀਆਂ ਤੇ ਸਾਂਝਾ ਮੁਲਾਜ਼ਮ ਫਰੰਟ ਦੇ ਸੱਦੇ ’ਤੇ ਸਰਕਾਰੀ ਮੁਲਾਜ਼ਮ ਸਮੂਹਿਕ ਛੁੱਟੀ ਲੈ ਕੇ ਸਰਕਾਰ ਖਿਲਾਫ਼ ਵੱਡੇ ਪੱਧਰ ’ਤੇ ਰੋਸ ਮੁਜ਼ਾਹਰਿਆਂ ’ਚ ਸ਼ਾਮਲ ਹੋਏ ਸਨ। ਸਰਕਾਰ ਨੇ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਦੇ ਸੰਕੇਤ ਦਿੱਤੇ ਸਨ। ਇਸ ਲਈ ਪਰਸੋਨਲ ਵਿਭਾਗ ਨੇ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਪੱਤਰ ਲਿਖ ਕੇ ਗ਼ੈਰ ਹਾਜ਼ਰ ਰਹਿਣ ਵਾਲੇ ਮੁਲਾਜ਼ਮਾਂ ਦੀਆਂ ਸੂਚੀਆਂ ਮੰਗੀਆਂ ਸਨ। ਪਰ ਇਸ ਦੇ ਜਵਾਬ ’ਚ ਵਿਭਾਗਾਂ ਦੇ ਮੁਖੀਆਂ ਨੇ ਜਿਹੜੀ ਰਿਪੋਰਟ ਭੇਜੀ ਹੈ ਉਨ੍ਹਾਂ ’ਚ ਕੋਈ ਮੁਲਾਜ਼ਮ ਗ਼ੈਰ ਹਾਜ਼ਰ ਨਹੀਂ ਦੱਸਿਆ ਗਿਆ। ਡਾਇਰੈਕਟੋਰੇਟ, ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਵਿਭਾਗ ਨੇ ਕਿਹਾ ਕਿ ਦਫ਼ਤਰੀ ਰਿਕਾਰਡ, ਹਾਜ਼ਰੀ ਰਜਿਸਟਰ ਅਨੁਸਾਰ ਕੋਈ ਵੀ ਕਰਮਚਾਰੀ ਅਣਅਧਿਕਾਰਤ ਤੌਰ ’ਤੇ ਗੈਰ ਹਾਜ਼ਰ ਨਹੀਂ ਪਾਇਆ ਗਿਆ। ਰਿਕਾਰਡ ਮੁਤਾਬਕ ਮੁਲਾਜ਼ਮਾਂ ਨੇ ਛੁੱਟੀ ਲਈ ਹੈ। ਇਸੇ ਤਰ੍ਹਾਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੌਰਾਂਗਲਾ, ਬਲਾਕ ਗੋਨਿਆਣਾ ਸਮੇਤ ਕਈ ਹੋਰਨਾਂ ਵਿਭਾਗਾਂ ਨੇ ਵੀ ਮੁਲਾਜ਼ਮਾਂ ਦੇ ਗ਼ੈਰ ਹਾਜ਼ਰ ਨਾ ਹੋਣ ਬਾਰੇ ਸੂਚਨਾਂ ਦਿੱਤੀ ਹੈ। ਹਾਲਾਂਕਿ ਕੁੱਲ ਕਿੰਨੇ ਵਿਭਾਗਾਂ ਨੇ ਆਪਣੀ ਰਿਪੋਰਟ ਭੇਜੀ ਹੈ, ਇਸ ਬਾਰੇ ਕੋਈ ਵੀ ਉੱਚ ਅਧਿਕਾਰੀ ਮੂੰਹ ਖੋਲਣ ਨੂੰ ਤਿਆਰ ਨਹੀ ਹੈ। ਚਰਚਾ ਹੈ ਕਿ ਸਰਕਾਰ ਮੁਲਾਜ਼ਮ ਆਗੂਆਂ ਜਾਂ ਉਨ੍ਹਾਂ ਮੁਲਾਜ਼ਮਾਂ ਖਿਲਾਫ਼ ਕਾਰਵਾਈ ਕਰ ਕੇ ਦਬਾਅ ਬਣਾਉਣਾ ਚਾਹੁੰਦੀ ਹੈ ਜਿਨ੍ਹਾਂ ਦੀ ਹਾਜ਼ਰੀ ਰਜਿਸਟਰ ’ਚ ਐਂਟਰੀ ਨਹੀ।
ਓਧਰ ਸੂਤਰਾਂ ਮੁਤਾਬਕ ਜ਼ਿਆਦਾਤਰ ਮੁਲਾਜ਼ਮਾਂ ਨੇ ਸਵੇਰ ਵੇਲ੍ਹੇ ਹੀ ਆਪਣੀ ਛੁੱਟੀ ਭਰ ਦਿੱਤੀ ਸੀ ਤੇ ਅਮਲਾ ਵਿਭਾਗ ਦੀ ਚਿੱਠੀ ਜਾਰੀ ਹੋਣ ਉਪਰੰਤ ਮੁਲਾਜ਼ਮ ਹੋਰ ਵੀ ਚੌਕਸ ਹੋ ਗਏ ਸਨ। ਮੁਲਾਜ਼ਮ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਮੁਲਾਜ਼ਮਾਂ ’ਤੇ ਦਬਾਅ ਬਣਾਉਣ ਲਈ ਅਜਿਹਾ ਪੱਤਰ ਜਾਰੀ ਕੀਤਾ ਹੈ, ਜਦਕਿ ਸਮੂਹ ਜਥੇਬੰਦੀਆਂ ਨੇ ਬਕਾਇਦਾ ਸਮੂਹਿਕ ਛੁੱਟੀ ਲੈਣ ਦੀ ਸੂਚਨਾ ਦੇ ਦਿੱਤੀ ਸੀ।