- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਹਾਲੀ ਦਾ ਬਹੁ-ਚਰਚਿਤ ਏਕਮ ਢਿੱਲੋਂ ਕਤਲ ਕੇਸ : 9 ਸਾਲਾਂ ਬਾਅਦ ਪਤਨੀ ਸੀਰਤ ਕੌਰ ਨੂੰ ਉਮਰ ਕੈਦ ਦੀ ਸਜ਼ਾ

ਅਮਰਜੀਤ ਸਿੰਘ, ਪੰਜਾਬੀ ਜਾਗਰਣ
ਮੁਹਾਲੀ : ਮੁਹਾਲੀ ਦੀ ਇੱਕ ਅਦਾਲਤ ਨੇ 9 ਸਾਲ ਤੱਕ ਚੱਲੇ ਲੰਬੇ ਟਰਾਇਲ ਤੋਂ ਬਾਅਦ ਹਾਈ-ਪ੍ਰੋਫਾਈਲ ਕਤਲ ਕੇਸ ਵਿਚ ਵੱਡਾ ਫ਼ੈਸਲਾ ਸੁਣਾਇਆ ਹੈ। ਅਦਾਲਤ ਨੇ ਕਾਰੋਬਾਰੀ ਏਕਮ ਸਿੰਘ ਢਿੱਲੋਂ ਦੇ ਕਤਲ ਦੇ ਮਾਮਲੇ ਵਿਚ ਉਸ ਦੀ ਪਤਨੀ ਸੀਰਤ ਕੌਰ ਢਿੱਲੋਂ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਖ਼ਤ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਦੋਸ਼ੀ ’ਤੇ ਕੁੱਲ 90,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਦੱਸ ਦੇਈਏ ਕਿ ਮਾਰਚ 2017 ਵਿਚ ਗ੍ਰਿਫ਼ਤਾਰੀ ਤੋਂ ਬਾਅਦ ਸੀਰਤ ਲਗਾਤਾਰ ਨਿਆਂਇਕ ਹਿਰਾਸਤ ਜੇਲ੍ਹ ਵਿਚ ਹੈ।
ਕੀ ਸੀ ਪੂਰਾ ਮਾਮਲਾ?
ਇਹ ਸਨਸਨੀਖੇਜ਼ ਮਾਮਲਾ 19 ਮਾਰਚ 2017 ਦੀ ਰਾਤ ਦਾ ਹੈ। ਮੁਹਾਲੀ ਦੇ ਫੇਜ਼-3ਬੀ1 ਸਥਿਤ ਘਰ ਵਿਚ 37 ਸਾਲਾ ਕਾਰੋਬਾਰੀ ਏਕਮ ਸਿੰਘ ਢਿੱਲੋਂ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਸੀ। ਸਰਕਾਰੀ ਪੱਖ (ਪ੍ਰੋਸੀਕਿਊਸ਼ਨ) ਮੁਤਾਬਿਕ ਘਰੇਲੂ ਝਗੜੇ ਕਾਰਨ ਸੀਰਤ ਨੇ ਆਪਣੇ ਪਤੀ ਦੇ ਸਿਰ ’ਚ ਲਾਇਸੈਂਸੀ 9ਐੱਮਐੱਮ ਪਿਸਤੌਲ ਨਾਲ ਗੋਲੀ ਮਾਰ ਦਿੱਤੀ ਸੀ। ਇਸ ਝਗੜੇ ਦਾ ਕਾਰਨ ਸੀਰਤ ਦੀ ਕਿਸੇ ਹੋਰ ਵਿਅਕਤੀ ਨਾਲ ਦੋਸਤੀ ਦੱਸਿਆ ਗਿਆ ਸੀ। ਕਤਲ ਤੋਂ ਬਾਅਦ ਸੀਰਤ ਨੇ ਲਾਸ਼ ਨੂੰ ਇੱਕ ਵੱਡੇ ਸੂਟਕੇਸ ਵਿਚ ਪੈਕ ਕਰ ਕੇ ਟਿਕਾਣੇ ਲਗਾਉਣ ਦੀ ਕੋਸ਼ਿਸ਼ ਕੀਤੀ। ਅਗਲੇ ਦਿਨ ਉਸ ਨੇ ਸੂਟਕੇਸ ਨੂੰ ਆਪਣੀ ਬੀਐੱਮਡਬਲਯੂ ਕਾਰ ਦੀ ਡਿੱਗੀ ਵਿਚ ਰੱਖਣ ਲਈ ਇਕ ਆਟੋ-ਰਿਕਸ਼ਾ ਚਾਲਕ ਦੀ ਮਦਦ ਲਈ ਪਰ, ਜਦੋਂ ਆਟੋ ਚਾਲਕ ਨੇ ਸੂਟਕੇਸ ਵਿਚੋਂ ਖ਼ੂਨ ਨਿਕਲਦਾ ਦੇਖਿਆ ਤਾਂ ਉਸ ਨੂੰ ਸ਼ੱਕ ਹੋ ਗਿਆ। ਉਸ ਨੇ ਤੁਰੰਤ ਪੁਲਿਸ ਨੂੰ ਸੂਚਨਾ ਦੇ ਦਿੱਤੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸੂਟਕੇਸ ’ਚੋਂ ਏਕਮ ਢਿੱਲੋਂ ਦੀ ਲਾਸ਼ ਬਰਾਮਦ ਕੀਤੀ ਅਤੇ ਸੀਰਤ ਨੂੰ ਗ੍ਰਿਫ਼ਤਾਰ ਕਰ ਲਿਆ।
ਆਟੋ ਚਾਲਕ ਦੀ ਅਹਿਮ ਭੂਮਿਕਾ
ਆਟੋ-ਰਿਕਸ਼ਾ ਚਾਲਕ ਨੇ ਅਦਾਲਤ ਨੂੰ ਦੱਸਿਆ ਕਿ ਸੀਰਤ ਨੇ ਉਸ ਕੋਲੋਂ ਇਕ ਬਹੁਤ ਹੀ ਭਾਰੀ ਸੂਟਕੇਸ ਚੁੱਕਣ ਵਿਚ ਮਦਦ ਮੰਗੀ ਸੀ, ਜਿਸ ’ਚੋਂ ਖ਼ੂਨ ਨਿਕਲ ਰਿਹਾ ਸੀ। ਹਾਲਾਂਕਿ ਸੀਰਤ ਨੇ ਸ਼ੁਰੂਆਤ ਵਿਚ ਆਪਣਾ ਜੁਰਮ ਕਬੂਲ ਕਰ ਲਿਆ ਸੀ ਪਰ ਬਾਅਦ ਵਿਚ ਉਹ ਆਪਣੇ ਬਿਆਨ ਤੋਂ ਮੁਕਰ ਗਈ ਅਤੇ ਦਾਅਵਾ ਕੀਤਾ ਕਿ ਉਸ ਦੇ ਪਤੀ ਨੇ ਖ਼ੁਦਕੁਸ਼ੀ ਕੀਤੀ ਹੈ ਪਰ ਅਦਾਲਤ ਨੇ ਬਚਾਅ ਪੱਖ ਦੀ ਇਸ ਦਲੀਲ ਨੂੰ ਪੂਰੀ ਤਰ੍ਹਾਂ ਖਾਰਜ ਕਰਦਿਆਂ ਸਰਕਾਰੀ ਪੱਖ ਦੇ ਸਬੂਤਾਂ ਨੂੰ ਸਹੀ ਮੰਨਿਆ।
ਅਦਾਲਤ ਦੇ ਇਸ ਫ਼ੈਸਲੇ ਤੋਂ ਪੂਰੀ ਤਰ੍ਹਾਂ ਸੰਤੁਸ਼ਟ : ਦਰਸ਼ਨ ਢਿੱਲੋਂ
ਮੁਹਾਲੀ ਅਦਾਲਤ ਦੇ ਇਸ ਫ਼ੈਸਲੇ ’ਤੇ ਪ੍ਰਤੀਕਿਰਿਆ ਦਿੰਦਿਆਂ ਏਕਮ ਸਿੰਘ ਢਿੱਲੋਂ ਦੇ ਭਰਾ ਦਰਸ਼ਨ ਸਿੰਘ ਢਿੱਲੋਂ ਨੇ ਕਿਹਾ ਕਿ ਅਸੀਂ ਅਦਾਲਤ ਦੇ ਇਸ ਫ਼ੈਸਲੇ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ। ਭਾਵੇਂ ਇਨਸਾਫ਼ ਮਿਲਣ ਵਿਚ ਬਹੁਤ ਲੰਬਾ ਸਮਾਂ ਲੱਗ ਗਿਆ, ਪਰ ਆਖ਼ਰਕਾਰ ਸੱਚ ਦੀ ਜਿੱਤ ਹੋਈ ਹੈ। ਅਸੀਂ ਹਮੇਸ਼ਾ ਹੀ ਦੋਸ਼ੀ ਨੂੰ ਸਖ਼ਤ ਸਜ਼ਾ ਅਤੇ ਉਮਰ ਕੈਦ ਹੋਣ ਦੀ ਉਮੀਦ ਕਰ ਰਹੇ ਸੀ ਅਤੇ ਮਾਣਯੋਗ ਅਦਾਲਤ ਨੇ ਬਿਲਕੁਲ ਉਹੀ ਫ਼ੈਸਲਾ ਸੁਣਾਇਆ ਹੈ, ਜਿਸ ਲਈ ਅਸੀਂ ਭਾਰਤੀ ਕਾਨੂੰਨੀ ਪ੍ਰਣਾਲੀ ਦੇ ਬਹੁਤ ਧੰਨਵਾਦੀ ਹਾਂ ਅਤੇ ਸਾਡਾ ਨਿਆਂਪਾਲਿਕਾ ’ਤੇ ਵਿਸ਼ਵਾਸ ਹੋਰ ਪੱਕਾ ਹੋਇਆ ਹੈ। ਜੇਕਰ ਮੁਲਜ਼ਮ ਧਿਰ ਇਸ ਫ਼ੈਸਲੇ ਖ਼ਿਲਾਫ਼ ਹਾਈ ਕੋਰਟ ਵਿਚ ਅਪੀਲ ਕਰਦੀ ਹੈ, ਤਾਂ ਅਸੀਂ ਅੱਗੇ ਵੀ ਕਾਨੂੰਨੀ ਲੜਾਈ ਲੜਨ ਲਈ ਪੂਰੀ ਤਰ੍ਹਾਂ ਤਿਆਰ ਹਾਂ ਅਤੇ ਲੋੜ ਪੈਣ ’ਤੇ ਅਸੀਂ ਇਸ ਕੇਸ ਨੂੰ ਸੁਪਰੀਮ ਕੋਰਟ ਤੱਕ ਵੀ ਲੈ ਕੇ ਜਾਵਾਂਗੇ।