- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੰਡੀਗੜ੍ਹ ਦੇ ਸੈਕਟਰ-11 ਸਥਿਤ ‘ਸ਼੍ਰੀ ਕੁਮਾਰ ਮੈਡੀਕਲ ਸਟੋਰ’ ਦੇ ਕੈਸ਼ੀਅਰ ਜਾਨਕੀ ਦਾਸ ਦੇ ਕਤਲ ਮਾਮਲੇ ਵਿਚ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ ਹਨ। ਹਾਲਾਂਕਿ ਵਾਰਦਾਤ ਤੋਂ ਬਾਅਦ ਕਰੀਬ ਇਕ ਘੰਟਾ ਮੁਲਜ਼ਮ ਚੰਡੀਗੜ੍ਹ ’ਚ ਹੀ ਰਹੇ ਤੇ ਪਿੰਡ ਕਜਹੇੜੀ ਦੀ ਇਕ ਦੁਕਾਨ ’ਚੋਂ ਨਵੇਂ ਕੱਪੜੇ ਖ਼ਰੀਦੇ ਹਨ। ਪੁਰਾਣੇ ਕੱਪੜੇ ਬਦਲੇ ਤੇ ਬੜੀ ਆਸਾਨੀ ਨਾਲ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਏ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ-11 ਸਥਿਤ ‘ਸ਼੍ਰੀ ਕੁਮਾਰ ਮੈਡੀਕਲ ਸਟੋਰ’ ਦੇ ਕੈਸ਼ੀਅਰ ਜਾਨਕੀ ਦਾਸ ਦੇ ਕਤਲ ਮਾਮਲੇ ਵਿਚ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ ਹਨ। ਹਾਲਾਂਕਿ ਵਾਰਦਾਤ ਤੋਂ ਬਾਅਦ ਕਰੀਬ ਇਕ ਘੰਟਾ ਮੁਲਜ਼ਮ ਚੰਡੀਗੜ੍ਹ ’ਚ ਹੀ ਰਹੇ ਤੇ ਪਿੰਡ ਕਜਹੇੜੀ ਦੀ ਇਕ ਦੁਕਾਨ ’ਚੋਂ ਨਵੇਂ ਕੱਪੜੇ ਖ਼ਰੀਦੇ ਹਨ। ਪੁਰਾਣੇ ਕੱਪੜੇ ਬਦਲੇ ਤੇ ਬੜੀ ਆਸਾਨੀ ਨਾਲ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਏ। ਇਹ ਚੰਡੀਗੜ੍ਹ ਪੁਲਿਸ ਦੀ ਕਾਰਗੁਜ਼ਾਰੀ ’ਤੇ ਬਹੁਤ ਵੱਡਾ ਪ੍ਰਸ਼ਨ-ਚਿੰਨ੍ਹ ਹੈ। ਵਾਰਦਾਤ ਤੋਂ ਬਾਅਦ ਮੁਲਜ਼ਮ ਸੈਕਟਰ-11 ਤੋਂ ਮੋਟਰਸਾਈਕਲ ’ਤੇ ਸੈਕਟਰ-3 ਦੇ ਬੋਗਨਵਿਲੀਆ ਪਾਰਕ ਪਹੁੰਚੇ, ਜਿੱਥੇ ਉਨ੍ਹਾਂ ਨੇ ਉੱਥੇ ਬਾਈਕ ਖੜ੍ਹੀ ਕੀਤੀ। ਬਾਅਦ ਵਿਚ ਉਹ ਆਟੋ ’ਚ ਸਵਾਰ ਹੋ ਕੇ ਸੈਕਟਰ-43 ਦੇ ਨੇੜੇ ਪਿੰਡ ਕਜਹੇੜੀ ਪਹੁੰਚੇ। ਉੱਥੇ ਇਕ ਨਾਈ ਦੀ ਦੁਕਾਨ ’ਚ ਆਪਣੇ ਕੱਪੜੇ ਬਦਲੇ। ਕੱਪੜੇ ਬਦਲਣ ਤੋਂ ਬਾਅਦ ਮੁਲਜ਼ਮ ਸੈਕਟਰ-43 ਦੇ ਬੱਸ ਅੱਡੇ ਵੱਲ ਚਲੇ ਗਏ। ਪੁਲਿਸ ਨੇ ਵਾਰਦਾਤ ’ਚ ਵਰਤੀ ਗਈ ਬਾਈਕ ਬੋਗਨਵਿਲੀਆ ਪਾਰਕ ਨੇੜਿਓਂ ਬਰਾਮਦ ਕਰ ਲਈ ਹੈ, ਜਿਸ 'ਤੇ ਤਰਨਤਾਰਨ ਦਾ ਫ਼ਰਜ਼ੀ ਨੰਬਰ ਲੱਗਿਆ ਹੋਇਆ ਸੀ।
ਉਧਰ, ਇਕ ਹੋਰ ਸਨਸਨੀਖੇਜ਼ ਖ਼ੁਲਾਸਾ ਹੋਇਆ ਹੈ। ਇਸ ਵਾਰਦਾਤ ਤੋਂ ਬਾਅਦ ਇਸੇ ਮਾਰਕੀਟ ਦੇ 2 ਹੋਰ ਕੈਮਿਸਟਾਂ ਨੂੰ ਵਿਦੇਸ਼ੀ ਨੰਬਰਾਂ ਤੋਂ ਫਿਰੌਤੀ ਦੀਆਂ ਕਾਲਾਂ ਆਈਆਂ ਹਨ। ਇਕ ਮੈਡੀਕਲ ਸਟੋਰ ਦੇ ਮਾਲਕ ਨੇ ਦੱਸਿਆ ਕਿ ਕਾਲਰ ਨੇ ਜਾਨਕੀ ਦਾਸ ਦੇ ਕਤਲ ਦਾ ਹਵਾਲਾ ਦਿੰਦੇ ਹੋਏ ਧਮਕੀ ਦਿੱਤੀ ਹੈ ਕਿ ਜੇਕਰ 50 ਲੱਖ ਰੁਪਏ ਨਾ ਦਿੱਤੇ ਤਾਂ ਉਨ੍ਹਾਂ ਦਾ ਅੰਜਾਮ ਵੀ ਇਹੀ ਹੋਵੇਗਾ। ਪੀੜਤਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਹੈ। ਦੂਜੇ ਪਾਸੇ, ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸ਼ੂਟਰਾਂ ਦੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ, ਜਿਸ ’ਚ ਦੋਵੇਂ ਸ਼ੂਟਰ ਤੇ ਮੋਟਰਸਾਈਕਲ ਲੈ ਕੇ ਖੜ੍ਹਾ ਉਨ੍ਹਾਂ ਦਾ ਤੀਜਾ ਸਾਥੀ ਸਾਫ਼ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ 'ਤੇ ਇਕ ਆਡੀਓ ਤੇ ਪੋਸਟ ਵੀ ਵਾਇਰਲ ਹੋ ਰਹੀ ਹੈ, ਜਿਸ ’ਚ ਖ਼ੁਦ ਨੂੰ ਗੈਂਗਸਟਰ ਗੋਲਡੀ ਢਿੱਲੋਂ ਦੱਸਣ ਵਾਲੇ ਸ਼ਖਸ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ।
ਮ੍ਰਿਤਕ ਜਾਨਕੀ ਦਾਸ ਪਿਛਲੇ 25 ਸਾਲਾਂ ਤੋਂ ਚੰਡੀਗੜ੍ਹ ਰਹਿ ਰਿਹਾ ਸੀ। ਮੌਜੂਦਾ ਸਮੇਂ ਉਹ ਆਪਣੀ ਮਾਂ ਮੋਦੀ ਦੇਵੀ, ਪਤਨੀ ਹਿਨਾ ਤੇ 19 ਸਾਲ ਦੇ ਬੇਟੇ ਨਾਲ ਧਨਾਸ ਮਿਲਕ ਕਾਲੋਨੀ ’ਚ ਰਹਿੰਦਾ ਸੀ। ਉਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਉਹ ਮੂਲ ਰੂਪ ਵਿ’ ਹਿਮਾਚਲ ਪ੍ਰਦੇਸ਼ ਦੇ ਰੋਹੜੂ ਦੇ ਪਿੰਡ ਦਲਗਾਂਵ ਦਾ ਰਹਿਣ ਵਾਲਾ ਸੀ। ਉਸ ਦੀ ਪਤਨੀ ਹਿਨਾ ਹਾਲ ਹੀ ਵਿਚ ਹਿਮਾਚਲ ’ਚ ਆਜ਼ਾਦ ਉਮੀਦਵਾਰ ਵਜੋਂ ਪੰਚਾਇਤ ਚੋਣ ਜਿੱਤੀ ਸੀ। ਉਹ ਪੀਜੀਆਈ ਹਸਪਤਾਲ ਦੇ ਐਕਸ-ਰੇਅ ਵਿਭਾਗ ’ਚ ਨੌਕਰੀ ਕਰਦੀ ਹੈ। ਹਿਨਾ 3 ਦਿਨ ਪਹਿਲਾਂ ਹੀ ਚੰਡੀਗੜ੍ਹ ਆਈ ਸੀ ਤੇ ਉਸ ਨੇ 15 ਜੂਨ ਨੂੰ ਸਹੁੰ ਚੁੱਕ ਸਮਾਰੋਹ ’ਚ ਸ਼ਾਮਲ ਹੋਣ ਜਾਣਾ ਸੀ।
ਪੀਜੀਆਈ ਵਿਚ ਪਹੁੰਚੇ ਮ੍ਰਿਤਕ ਜਾਨਕੀ ਦਾਸ ਦੇ ਭਰਾ ਦਰਸ਼ਨ ਦਾਸ ਨੇ ਦੱਸਿਆ ਕਿ ਜਾਨਕੀ ਬੇਹੱਦ ਇਮਾਨਦਾਰ ਤੇ ਸ਼ਰੀਫ਼ ਇਨਸਾਨ ਸੀ। ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਜਾਂ ਵਿਵਾਦ ਨਹੀਂ ਸੀ। ਇੱਥੋਂ ਤੱਕ ਕਿ ਪੰਚਾਇਤ ਚੋਣਾਂ ’ਚ ਵੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਸੀ ਤੇ ਹਾਰਨ ਵਾਲਾ ਉਮੀਦਵਾਰ ਵੀ ਖ਼ੁਦ ਉਨ੍ਹਾਂ ਦੇ ਘਰ ਵਧਾਈ ਦੇਣ ਆਇਆ ਸੀ।
ਪੁਲਿਸ ਸੂਤਰਾਂ ਅਨੁਸਾਰ ਬੀਤੇ ਦਿਨ ਦੁਪਹਿਰ ਕਰੀਬ ਢਾਈ ਵਜੇ 3 ਬਦਮਾਸ਼ ਇਕ ਮੋਟਰਸਾਈਕਲ ’ਤੇ ਆਏ ਸਨ। ਉਨ੍ਹਾਂ ’ਚੋਂ 2 ਹਮਲਾਵਰ ਆਟੋਮੈਟਿਕ ਗੰਨ ਲੈ ਕੇ ਦੁਕਾਨ ਦੇ ਅੰਦਰ ਵੜੇ। ਸੀਸੀਟੀਵੀ ਫੁਟੇਜ ਮੁਤਾਬਕ ਹਮਲਾਵਰਾਂ ਨੇ ਮਹਿਜ਼ ਇਕ ਸੈਕਿੰਡ ’ਚ ਕਰੀਬ 13 ਰਾਊਂਡ ਫਾਇਰ ਕੀਤੇ, ਜਿਸ ਕਾਰਨ ਕੈਸ਼ੀਅਰ ਜਾਨਕੀ ਦਾਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਹਮਲਾਵਰਾਂ ਦਾ ਅਸਲੀ ਨਿਸ਼ਾਨਾ ਕੌਣ?
ਇਸ ਮਾਮਲੇ ਵਿਚ ਹੁਣ ਇਹ ਵੱਡਾ ਸਵਾਲ ਖੜ੍ਹਾ ਹੋ ਗਿਆ ਹੈ ਕਿ ਹਮਲਾਵਰਾਂ ਦਾ ਅਸਲੀ ਨਿਸ਼ਾਨਾ ਕੌਣ ਸੀ? ਦਰਅਸਲ, ਇਸ ਇਲਾਕੇ ’ਚ 'ਕੁਮਾਰ ਬ੍ਰਦਰਜ਼' ਦੇ ਨਾਂ 'ਤੇ ਇਕ ਬਹੁਤ ਪੁਰਾਣੀ ਤੇ ਵੱਡੀ ਫਰਮ ਹੈ, ਜਿਸ ਦੇ ਮਾਲਕਾਂ ਨੂੰ ਪਹਿਲਾਂ ਵੀ ਕਈ ਵਾਰ ਗੈਂਗਸਟਰਾਂ ਵੱਲੋਂ ਫਿਰੌਤੀ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ, ਜਿਸ ਦੁਕਾਨ 'ਤੇ ਫਾਇਰਿੰਗ ਹੋਈ, ਉਸ ਦਾ ਨਾਂ 'ਸ਼੍ਰੀ ਕੁਮਾਰ ਮੈਡੀਕੋਜ਼' ਹੈ, ਜਿਸ ਦੇ ਮੁੱਖ ਪਾਰਟਨਰ ਚੰਡੀਗੜ੍ਹ ਦੇ ਵਸਨੀਕ ਰਾਜੀਵ ਗਰਗ ਹਨ।
ਸਥਾਨਕ ਲੋਕਾਂ ਅਨੁਸਾਰ, ‘ਸ਼੍ਰੀ ਕੁਮਾਰ’ ਦੇ ਮਾਲਕਾਂ ਨੇ ਮਸ਼ਹੂਰ ‘ਕੁਮਾਰ ਬ੍ਰਦਰਜ਼’ ਦੇ ਨਾਂ ਦਾ ਫ਼ਾਇਦਾ ਚੁੱਕਣ ਲਈ ਆਪਣੀ ਫਰਮ ਇਸ ਨਾਂ ’ਤੇ ਰਜਿਸਟਰਡ ਕਰਵਾਈ ਸੀ। ਚੰਡੀਗੜ੍ਹ ਦੇ ਐੱਸਐੱਸਪੀ (ਟ੍ਰੈਫਿਕ ਐਂਡ ਸਕਿਓਰਿਟੀ) ਸੁਮੇਰ ਪ੍ਰਤਾਪ ਸਿੰਘ ਨੇ ਦੱਸਿਆ ਕਿ ‘ਸ਼੍ਰੀ ਕੁਮਾਰ’ ਦੇ ਮਾਲਕਾਂ ਨੂੰ ਕਦੇ ਕੋਈ ਧਮਕੀ ਨਹੀਂ ਮਿਲੀ ਸੀ। ਅਜਿਹੇ ’ਚ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਨਾਂ ਦੇ ਭੁਲੇਖੇ ’ਚ ਗ਼ਲਤ ਦੁਕਾਨ ਨੂੰ ਨਿਸ਼ਾਨਾ ਬਣਾ ਦਿੱਤਾ।
ਚੰਡੀਗੜ੍ਹ ਪੁਲਿਸ ’ਤੇ ਖੜ੍ਹੇ ਰਹੇ ਗੰਭੀਰ ਸਵਾਲ
ਇਸ ਵਾਰਦਾਤ ਤੋਂ ਬਾਅਦ ਚੰਡੀਗੜ੍ਹ ਪੁਲਿਸ ਦੀ ਸੁਰੱਖਿਆ 'ਤੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ, ਕਿਉਂਕਿ ਘਟਨਾ ਵਾਲੀ ਥਾਂ ਤੋਂ ਮਹਿਜ਼ 50 ਮੀਟਰ ਦੀ ਦੂਰੀ ’ਤੇ ਪੁਲਿਸ ਦਾ ਪੱਕਾ ਨਾਕਾ ਹੈ ਤੇ 200 ਮੀਟਰ ਦੀ ਦੂਰੀ ’ਤੇ ਸੈਕਟਰ-11 ਦਾ ਥਾਣਾ ਤੇ ਸਟੇਟ ਕ੍ਰਾਈਮ ਬ੍ਰਾਂਚ ਦਾ ਦਫ਼ਤਰ ਸਥਿਤ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਉੱਚ ਅਧਿਕਾਰੀਆਂ ਨਾਲ ਅਹਿਮ ਬੈਠਕ ਕੀਤੀ ਹੈ। ਮੈਡੀਕਲ ਮਾਰਕੀਟ ਦੇ ਦੋਵੇਂ ਪਾਸੇ ਸੀਆਰਪੀਐੱਫ਼ ਤੇ ਪੁਲਿਸ ਦੇ ਜਵਾਨ ਤਾਇਨਾਤ ਕਰ ਕੇ ਨਾਕਾਬੰਦੀ ਕਰ ਦਿੱਤੀ ਗਈ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਚੰਡੀਗੜ੍ਹ ਤੇ ਪੰਜਾਬ ਪੁਲਿਸ ਦੀਆਂ ਕਰੀਬ 7 ਟੀਮਾਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ’ਚ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਫਿਲਹਾਲ ਮੁਲਜ਼ਮ ਚੰਡੀਗੜ੍ਹ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ।