ਕੇਸ ਤਬਦੀਲੀ ਲਈ ਪਿਤਾ ਦੀ ਮੌਤ ਲੁਕਾ ਕੇ ਦਿੱਤਾ ਬਿਮਾਰੀ ਦਾ ਹਵਾਲਾ, ਵਿਆਹ ਦੇ ਕਾਰਡ ਨੇ ਹਾਈਕੋਰਟ 'ਚ ਖੋਲ੍ਹੀ ਮੁਕੇਰੀਆਂ ਦੀ ਨਰਸ ਦੀ ਪੋਲ-ਪੱਟੀ
ਮਾਮਲਾ ਇਕ ਦੀਵਾਨੀ ਮੁਕੱਦਮੇ ਨਾਲ ਜੁੜਿਆ ਹੋਇਆ ਹੈ। ਮੁਕੇਰੀਆਂ ਵਾਸੀ ਔਰਤ ਦੇ ਜੀਜੇ ਨੇ ਫਿਲੌਰ ਦੀ ਵਧੀਕ ਸਿਵਲ ਜੱਜ (ਸੀਨੀਅਰ ਡਿਵੀਜ਼ਨ) ਦੀ ਅਦਾਲਤ 'ਚ ਉਸ ਤੋਂ ਹਰਜਾਨੇ ਦੀ ਵਸੂਲੀ ਲਈ ਦੀਵਾਨੀ ਮੁਕੱਦਮਾ ਦਾਇਰ ਕੀਤਾ ਸੀ। ਮਹਿਲਾ ਚਾਹੁੰਦੀ ਸੀ ਕਿ ਇਸ ਮਾਮਲੇ ਨੂੰ ਫਿਲੌਰ ਤੋਂ ਤਬਦੀਲ ਕਰ ਕੇ ਮੁਕੇਰੀਆਂ ਦੀ ਸਮਰੱਥ ਅਦਾਲਤ 'ਚ ਭੇਜ ਦਿੱਤਾ ਜਾਵੇ। ਇਸ ਲਈ ਉਸ ਨੇ ਹਾਈਕੋਰਟ 'ਚ ਕੇਸ ਤਬਦੀਲ ਕਰਨ ਦੀ ਪਟੀਸ਼ਨ ਦਾਇਰ ਕੀਤੀ ਸੀ।
Publish Date: Wed, 18 Nov 2026 12:33 PM (IST)
Updated Date: Wed, 18 Nov 2026 12:39 PM (IST)
ਦਯਾਨੰਦ ਸ਼ਰਮਾ, ਚੰਡੀਗੜ੍ਹ : ਅਦਾਲਤ 'ਚ ਕਈ ਵਾਰ ਅਜਿਹੇ ਦਸਤਾਵੇਜ਼ ਸਾਹਮਣੇ ਆਉਂਦੇ ਹਨ, ਜੋ ਕਿਸੇ ਮੁਕੱਦਮੇ ਦੀ ਦਿਸ਼ਾ ਬਦਲ ਦਿੰਦੇ ਹਨ। ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਵੀ ਅਜਿਹਾ ਹੀ ਇਕ ਦਿਲਚਸਪ ਮਾਮਲਾ ਸਾਹਮਣੇ ਆਇਆ, ਜਿੱਥੇ ਇਕ ਮਹਿਲਾ ਵੱਲੋਂ ਆਪਣੇ ਪਿਤਾ ਨੂੰ ਬਿਮਾਰ ਅਤੇ ਮੰਜੇ 'ਤੇ ਦੱਸਿਆ ਗਿਆ, ਪਰ ਵਿਰੋਧੀ ਧਿਰ ਨੇ ਵਿਆਹ ਦਾ ਇਕ ਸੱਦਾ ਪੱਤਰ ਪੇਸ਼ ਕਰ ਕੇ ਪੂਰੀ ਕਹਾਣੀ ਹੀ ਬਦਲ ਦਿੱਤੀ। ਕਾਰਡ 'ਚ ਮਹਿਲਾ ਦੇ ਪਿਤਾ ਦੇ ਨਾਂ ਅੱਗੇ 'ਸਵਰਗੀ' ਲਿਖਿਆ ਹੋਇਆ ਸੀ। ਇਸ ਤੋਂ ਖੁਲਾਸਾ ਹੋਇਆ ਕਿ ਜਿਨ੍ਹਾਂ ਪਿਤਾ ਦੀ ਬਿਮਾਰੀ ਦਾ ਹਵਾਲਾ ਦੇ ਕੇ ਮਹਿਲਾ ਅਦਾਲਤ ਤੋਂ ਰਾਹਤ ਮੰਗ ਰਹੀ ਸੀ, ਉਨ੍ਹਾਂ ਦੀ ਮੌਤ ਸੱਤ ਤੋਂ ਅੱਠ ਸਾਲ ਪਹਿਲਾਂ ਹੀ ਹੋ ਚੁੱਕੀ ਸੀ। ਇਸ ਤੱਥ ਦੇ ਸਾਹਮਣੇ ਆਉਣ ਤੋਂ ਬਾਅਦ ਹਾਈਕੋਰਟ ਨੇ ਮਹਿਲਾ ਦੀ ਪਟੀਸ਼ਨ ਖਾਰਜ ਕਰ ਦਿੱਤੀ।
ਫਿਲੌਰ ਤੋਂ ਮੁਕੇਰੀਆਂ ਕੇਸ ਤਬਦੀਲ ਕਰਵਾਉਣ ਦੀ ਸੀ ਮੰਗ
ਮਾਮਲਾ ਇਕ ਦੀਵਾਨੀ ਮੁਕੱਦਮੇ ਨਾਲ ਜੁੜਿਆ ਹੋਇਆ ਹੈ। ਮੁਕੇਰੀਆਂ ਵਾਸੀ ਔਰਤ ਦੇ ਜੀਜੇ ਨੇ ਫਿਲੌਰ ਦੀ ਵਧੀਕ ਸਿਵਲ ਜੱਜ (ਸੀਨੀਅਰ ਡਿਵੀਜ਼ਨ) ਦੀ ਅਦਾਲਤ 'ਚ ਉਸ ਤੋਂ ਹਰਜਾਨੇ ਦੀ ਵਸੂਲੀ ਲਈ ਦੀਵਾਨੀ ਮੁਕੱਦਮਾ ਦਾਇਰ ਕੀਤਾ ਸੀ। ਮਹਿਲਾ ਚਾਹੁੰਦੀ ਸੀ ਕਿ ਇਸ ਮਾਮਲੇ ਨੂੰ ਫਿਲੌਰ ਤੋਂ ਤਬਦੀਲ ਕਰ ਕੇ ਮੁਕੇਰੀਆਂ ਦੀ ਸਮਰੱਥ ਅਦਾਲਤ 'ਚ ਭੇਜ ਦਿੱਤਾ ਜਾਵੇ। ਇਸ ਲਈ ਉਸ ਨੇ ਹਾਈਕੋਰਟ 'ਚ ਕੇਸ ਤਬਦੀਲ ਕਰਨ ਦੀ ਪਟੀਸ਼ਨ ਦਾਇਰ ਕੀਤੀ ਸੀ।
ਔਰਤ ਵੱਲੋਂ ਦਲੀਲ ਦਿੱਤੀ ਗਈ ਕਿ ਉਹ ਮੁਕੇਰੀਆਂ ਤਹਿਸੀਲ ਦੇ ਇਕ ਪਿੰਡ 'ਚ ਰਹਿੰਦੀ ਹੈ, ਜਦਕਿ ਫਿਲੌਰ ਦੀ ਦੂਰੀ ਕਰੀਬ 120 ਕਿਲੋਮੀਟਰ ਹੈ। ਉਸ ਕੋਲ ਆਮਦਨ ਦਾ ਕੋਈ ਸੁਤੰਤਰ ਸਾਧਨ ਨਹੀਂ ਹੈ ਅਤੇ ਉਹ ਆਪਣਾ ਗੁਜ਼ਾਰਾ ਕਰਨ 'ਚ ਵੀ ਅਸਮਰੱਥ ਹੈ। ਇਸ ਦੇ ਨਾਲ ਹੀ ਉਸ ਦੇ ਪਿਤਾ ਬਿਮਾਰ ਅਤੇ ਮੰਜੇ 'ਤੇ ਹਨ ਤੇ ਉਸ ਦੇ ਨਾਲ ਰਹਿੰਦੇ ਹਨ। ਅਜਿਹੇ 'ਚ ਇੰਨੀ ਲੰਬੀ ਦੂਰੀ ਤੈਅ ਕਰ ਕੇ ਅਦਾਲਤ 'ਚ ਪੇਸ਼ ਹੋਣਾ ਉਸ ਲਈ ਬੇਹੱਦ ਮੁਸ਼ਕਲ ਹੈ।
ਵਿਰੋਧੀ ਧਿਰ ਨੇ ਪੇਸ਼ ਕੀਤਾ ਵਿਆਹ ਦਾ ਸੱਦਾ ਪੱਤਰ
ਔਰਤ ਦੀਆਂ ਦਲੀਲਾਂ ਦਾ ਵਿਰੋਧ ਕਰਦਿਆਂ ਵਿਰੋਧੀ ਧਿਰ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਪਟੀਸ਼ਨਕਰਤਾ ਨਰਸ ਵਜੋਂ ਨੌਕਰੀ ਕਰਦੀ ਹੈ ਅਤੇ ਕਰੀਬ 30 ਹਜ਼ਾਰ ਰੁਪਏ ਮਹੀਨਾ ਕਮਾਉਂਦੀ ਹੈ। ਇੰਨਾ ਹੀ ਨਹੀਂ, ਉਸ ਦੇ ਪਿਤਾ ਦੀ ਮੌਤ ਕੇਸ ਤਬਦੀਲ ਕਰਨ ਦੀ ਪਟੀਸ਼ਨ ਦਾਇਰ ਹੋਣ ਤੋਂ ਸੱਤ-ਅੱਠ ਸਾਲ ਪਹਿਲਾਂ ਹੀ ਹੋ ਚੁੱਕੀ ਸੀ। ਇਸ ਦਾਅਵੇ ਦੇ ਸਮਰਥਨ 'ਚ ਵਿਰੋਧੀ ਧਿਰ ਨੇ ਅਦਾਲਤ 'ਚ ਵਿਆਹ ਦਾ ਸੱਦਾ ਪੱਤਰ ਪੇਸ਼ ਕੀਤਾ। ਇਸ 'ਚ ਮਹਿਲਾ ਦੇ ਪਿਤਾ ਦੇ ਨਾਂ ਅੱਗੇ 'ਸਵਰਗੀ' ਲਿਖਿਆ ਹੋਇਆ ਸੀ। ਇਸ ਦਸਤਾਵੇਜ਼ ਨੇ ਔਰਤ ਵੱਲੋਂ ਪਿਤਾ ਦੀ ਬਿਮਾਰੀ ਤੇ ਉਨ੍ਹਾਂ ਦੇ ਨਾਲ ਰਹਿਣ ਸਬੰਧੀ ਦਿੱਤੀ ਗਈ ਦਲੀਲ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ।
ਜਸਟਿਸ ਮਨਦੀਪ ਪੰਨੂ ਨੇ ਕਿਹਾ- ਮਹੱਤਵਪੂਰਨ ਤੱਥ ਲੁਕਾਇਆ
ਮਾਮਲੇ ਦੀ ਸੁਣਵਾਈ ਕਰਦਿਆਂ ਜਸਟਿਸ ਮਨਦੀਪ ਪੰਨੂ ਨੇ ਪਾਇਆ ਕਿ ਪਟੀਸ਼ਨਕਰਤਾ ਨੇ ਆਪਣੇ ਪਿਤਾ ਦੀ ਬਿਮਾਰੀ ਅਤੇ ਮੰਜੇ 'ਤੇ ਹੋਣ ਸਬੰਧੀ ਗ਼ਲਤ ਤੱਥ ਪੇਸ਼ ਕੀਤਾ, ਜਦਕਿ ਪਟੀਸ਼ਨ ਦਾਇਰ ਕੀਤੇ ਜਾਣ ਸਮੇਂ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ।
ਅਦਾਲਤ ਨੇ ਕਿਹਾ ਕਿ ਇਹ ਸਿਰਫ਼ ਤੱਥਾਂ ਦੀ ਗ਼ਲਤੀ ਨਹੀਂ, ਸਗੋਂ ਇਕ ਅਜਿਹਾ ਮਹੱਤਵਪੂਰਨ ਤੱਥ ਲੁਕਾਉਣ ਦਾ ਮਾਮਲਾ ਹੈ, ਜਿਸ ਦਾ ਮੰਗੀ ਗਈ ਰਾਹਤ ਨਾਲ ਸਿੱਧਾ ਸਬੰਧ ਸੀ। ਜਸਟਿਸ ਨੇ ਸਪੱਸ਼ਟ ਕੀਤਾ ਕਿ ਜਿਹੜਾ ਵਿਅਕਤੀ ਅਦਾਲਤ ਤੋਂ ਵਿਸ਼ੇਸ਼ ਰਾਹਤ ਚਾਹੁੰਦਾ ਹੈ, ਉਸ ਲਈ ਜ਼ਰੂਰੀ ਹੈ ਕਿ ਉਹ ਸਾਰੇ ਮਹੱਤਵਪੂਰਨ ਤੱਥਾਂ ਦਾ ਸਹੀ ਅਤੇ ਨਿਰਪੱਖ ਖੁਲਾਸਾ ਕਰੇ।
ਅਦਾਲਤ ਨੇ ਟਿੱਪਣੀ ਕੀਤੀ ਕਿ ਮਹਿਲਾ ਨੇ ਨਾ ਸਿਰਫ਼ ਮਹੱਤਵਪੂਰਨ ਤੱਥ ਲੁਕਾਇਆ, ਸਗੋਂ ਗ਼ਲਤ ਤੱਥਾਂ ਦੇ ਆਧਾਰ 'ਤੇ ਰਾਹਤ ਹਾਸਲ ਕਰਨ ਦੀ ਕੋਸ਼ਿਸ਼ ਵੀ ਕੀਤੀ। ਅਜਿਹੇ 'ਚ ਉਹ ਅਦਾਲਤ ਤੋਂ ਮਿਲਣ ਵਾਲੀ ਅਖ਼ਤਿਆਰੀ ਰਾਹਤ ਦੀ ਹੱਕਦਾਰ ਨਹੀਂ ਹੈ। ਇਸੇ ਆਧਾਰ 'ਤੇ ਹਾਈਕੋਰਟ ਨੇ ਮਹਿਲਾ ਦੀ ਕੇਸ ਤਬਦੀਲ ਕਰਨ ਸਬੰਧੀ ਪਟੀਸ਼ਨ ਖਾਰਜ ਕਰ ਦਿੱਤੀ।