
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਭਾਜਪਾ ਪਹਿਲਾਂ ਹੀ ਪੰਜਾਬ ਵਿੱਚ ਆਪਣੇ ਸੰਗਠਨ ਨੂੰ ਬੂਥ ਪੱਧਰ ਤਕ ਮਜ਼ਬੂਤ ਕਰਨ ਅਤੇ ਸੂਬੇ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਚੋਣੀ ਤਿਆਰੀ ਕਰਨ ਦੀ ਗੱਲ ਸਪੱਸ਼ਟ ਕਰ ਚੁੱਕੀ ਹੈ। ਨਿਤਿਨ ਨਵੀਨ ਦੀ ਪੰਜਾਬ ਫੇਰੀ ਦੌਰਾਨ ਵੀ ਸੰਗਠਨ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਅਤੇ ਚੋਣੀ ਰਣਨੀਤੀ ’ਤੇ ਵਿਸਥਾਰ ਨਾਲ ਚਰਚਾ ਹੋਈ ਸੀ।

ਜੈ ਸਿੰਘ ਛਿੱਬਰ, ਚੰਡੀਗੜ੍ਹ: ਪੰਜਾਬ ਦੀਆਂ ਅਗਾਮੀ 2027 ਵਿਧਾਨ ਸਭਾ ਚੋਣਾਂ (Punjab Assembly Election 2027) ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ (BJP) ਨੇ ਸੰਗਠਨਾਤਮਕ ਪੱਧਰ ’ਤੇ ਵੱਡਾ ਫੇਰਬਦਲ ਕਰਦਿਆਂ ਪੰਜਾਬ ਨਾਲ ਜੁੜੇ ਦੋ ਅਹਿਮ ਚਿਹਰਿਆਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਸੌਂਪਣ ਦਾ ਫੈਸਲਾ ਕੀਤਾ ਹੈ। ਪਾਰਟੀ ਪ੍ਰਧਾਨ ਨਿਤਿਨ ਨਬੀਨ ਵੱਲੋਂ ਕੀਤੀਆਂ ਨਵੀਆਂ ਨਿਯੁਕਤੀਆਂ ਤਹਿਤ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਭਾਜਪਾ ਦਾ ਰਾਸ਼ਟਰੀ ਉਪ-ਪ੍ਰਧਾਨ ਬਣਾਇਆ ਗਿਆ ਹੈ ਜਦਕਿ ਪੰਜਾਬ ਤੋਂ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੂੰ ਪਾਰਟੀ ਹੈੱਡਕੁਆਰਟਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਇਨ੍ਹਾਂ ਨਿਯੁਕਤੀਆਂ ਨੂੰ ਪੰਜਾਬ ਦੀ ਸਿਆਸਤ ਪੱਖੋਂ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਭਾਜਪਾ ਪਹਿਲਾਂ ਹੀ ਪੰਜਾਬ 'ਚ ਆਪਣੇ ਸੰਗਠਨ ਨੂੰ ਬੂਥ ਪੱਧਰ ਤਕ ਮਜ਼ਬੂਤ ਕਰਨ ਤੇ ਸੂਬੇ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਚੋਣੀ ਤਿਆਰੀ ਕਰਨ ਦੀ ਗੱਲ ਸਪੱਸ਼ਟ ਕਰ ਚੁੱਕੀ ਹੈ। ਨਿਤਿਨ ਨਬੀਨ ਦੀ ਪੰਜਾਬ ਫੇਰੀ ਦੌਰਾਨ ਵੀ ਸੰਗਠਨ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਅਤੇ ਚੋਣ ਰਣਨੀਤੀ ’ਤੇ ਵਿਸਥਾਰ ਨਾਲ ਚਰਚਾ ਹੋਈ ਸੀ।
ਮਨਪ੍ਰੀਤ ਸਿੰਘ ਬਾਦਲ ਪੰਜਾਬ ਦੀ ਸਿਆਸਤ ਦਾ ਇਕ ਜਾਣਿਆ-ਪਛਾਣਿਆ ਚਿਹਰਾ ਹਨ। ਉਹ ਪੰਜ ਵਾਰ ਵਿਧਾਇਕ ਰਹਿ ਚੁੱਕੇ ਹਨ ਤੇ ਪੰਜਾਬ ਦੇ ਵਿੱਤ ਮੰਤਰੀ ਵਜੋਂ ਵੀ ਜ਼ਿੰਮੇਵਾਰੀ ਨਿਭਾਅ ਚੁੱਕੇ ਹਨ। ਉਹ 2023 'ਚ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਸਨ। ਮਨਪ੍ਰੀਤ ਬਾਦਲ ਨੂੰ ਕੌਮੀ ਪੱਧਰ ’ਤੇ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਮਿਲਣ ਨੂੰ ਪੰਜਾਬ 'ਚ ਭਾਜਪਾ ਵੱਲੋਂ ਆਪਣੇ ਸਿਆਸੀ ਪ੍ਰਭਾਵ ਨੂੰ ਵਧਾਉਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਖਾਸ ਤੌਰ ’ਤੇ ਮਾਲਵਾ ਖੇਤਰ 'ਚ ਉਨ੍ਹਾਂ ਦੇ ਸਿਆਸੀ ਤਜਰਬੇ ਤੇ ਪੰਜਾਬ ਦੀ ਸਿਆਸਤ ਦੀ ਸਮਝ ਨੂੰ ਪਾਰਟੀ ਚੋਣੀ ਰਣਨੀਤੀ 'ਚ ਵਰਤਣਾ ਚਾਹੁੰਦੀ ਹੈ—ਇਹ ਸਿਆਸੀ ਤੌਰ ’ਤੇ ਇੱਕ ਕੁਦਰਤੀ ਅਨੁਮਾਨ ਹੈ, ਹਾਲਾਂਕਿ ਪਾਰਟੀ ਨੇ ਇਸ ਨਿਯੁਕਤੀ ਦਾ ਇਹ ਕਾਰਨ ਅਧਿਕਾਰਕ ਤੌਰ ’ਤੇ ਨਹੀਂ ਦੱਸਿਆ।
ਦੂਜੇ ਪਾਸੇ ਤਰੁਣ ਚੁੱਘ ਲੰਬੇ ਸਮੇਂ ਤੋਂ ਭਾਜਪਾ ਦੇ ਸੰਗਠਨ 'ਚ ਸਰਗਰਮ ਭੂਮਿਕਾ ਨਿਭਾਉਂਦੇ ਆ ਰਹੇ ਹਨ। ਪੰਜਾਬ ਨਾਲ ਸਬੰਧਤ ਹੋਣ ਕਾਰਨ ਉਨ੍ਹਾਂ ਦੀ ਨਵੀਂ ਜ਼ਿੰਮੇਵਾਰੀ ਦਾ ਪੰਜਾਬ ਦੀ ਸਿਆਸਤ ’ਤੇ ਵੀ ਅਸਰ ਦੇਖਣ ਨੂੰ ਮਿਲ ਸਕਦਾ ਹੈ। ਜੂਨ ਵਿਚ ਭਾਜਪਾ ਨੇ ਉਨ੍ਹਾਂ ਨੂੰ ਮੱਧ ਪ੍ਰਦੇਸ਼ ਤੋਂ ਰਾਜ ਸਭਾ ਲਈ ਵੀ ਨਾਮਜ਼ਦ ਕੀਤਾ ਸੀ, ਜਿਸ ਨੂੰ ਪੰਜਾਬ ਭਾਜਪਾ ਦੇ ਸੰਗਠਨ ਵਿਚ ਉਨ੍ਹਾਂ ਦੀ ਮਹੱਤਤਾ ਦੇ ਸੰਕੇਤ ਵਜੋਂ ਦੇਖਿਆ ਗਿਆ ਸੀ। ਹੁਣ ਹੈੱਡਕੁਆਰਟਰ ਦੀ ਜ਼ਿੰਮੇਵਾਰੀ ਮਿਲਣ ਨਾਲ ਚੁੱਘ ਦਾ ਰੋਲ ਸਿਰਫ਼ ਪੰਜਾਬ ਤੱਕ ਸੀਮਤ ਨਾ ਰਹਿ ਕੇ ਪਾਰਟੀ ਦੇ ਕੌਮੀ ਸੰਗਠਨ ਨਾਲ ਹੋਰ ਸਿੱਧੇ ਤੌਰ ’ਤੇ ਜੁੜਦਾ ਨਜ਼ਰ ਆ ਰਿਹਾ ਹੈ।
ਪੰਜਾਬ ਵਿੱਚ ਭਾਜਪਾ ਇਸ ਵਾਰ ਆਪਣੀ ਸਿਆਸੀ ਜ਼ਮੀਨ ਨੂੰ ਵਧਾਉਣ ਲਈ ਸਰਗਰਮ ਨਜ਼ਰ ਆ ਰਹੀ ਹੈ। ਨਿਤਿਨ ਨਬੀਨ ਨੇ ਪੰਜਾਬ ਦੌਰੇ ਦੌਰਾਨ ਪਾਰਟੀ ਆਗੂਆਂ ਨੂੰ ਬੂਥ ਪੱਧਰ ਤੱਕ ਸੰਗਠਨ ਮਜ਼ਬੂਤ ਕਰਨ ਅਤੇ 117 ਸੀਟਾਂ ਲਈ ਤਿਆਰ ਰਹਿਣ ਦਾ ਸੰਦੇਸ਼ ਦਿੱਤਾ ਸੀ। ਪਾਰਟੀ ਵੱਲੋਂ ਬੇਰੁਜ਼ਗਾਰੀ, ਨਸ਼ਾ, ਭ੍ਰਿਸ਼ਟਾਚਾਰ ਅਤੇ ਕਾਨੂੰਨ-ਵਿਵਸਥਾ ਵਰਗੇ ਮੁੱਦਿਆਂ ਨੂੰ ਚੋਣੀ ਮੁਹਿੰਮ ਦੇ ਕੇਂਦਰ 'ਚ ਲਿਆਉਣ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ।ਇਸੇ ਦੌਰਾਨ ਅਕਾਲੀ ਦਲ ਨਾਲ ਸੰਭਾਵਿਤ ਗਠਜੋੜ ਨੂੰ ਲੈ ਕੇ ਵੀ ਸਿਆਸੀ ਚਰਚਾ ਜਾਰੀ ਹੈ। ਨਿਤਿਨ ਨਵੀਨ ਨੇ ਪੰਜਾਬ ਦੇ ਆਗੂਆਂ ਨੂੰ ਇਸ ਮੁੱਦੇ ’ਤੇ ਜਨਤਕ ਬਿਆਨਬਾਜ਼ੀ ਤੋਂ ਬਚਣ ਅਤੇ ਫੈਸਲਾ ਪਾਰਟੀ ਹਾਈਕਮਾਂਡ ’ਤੇ ਛੱਡਣ ਲਈ ਕਿਹਾ ਸੀ।
ਮਨਪ੍ਰੀਤ ਬਾਦਲ ਤੇ ਤਰੁਣ ਚੁੱਘ ਨੂੰ ਮਿਲੀਆਂ ਨਵੀਆਂ ਜ਼ਿੰਮੇਵਾਰੀਆਂ ਇਸ ਪੂਰੀ ਰਣਨੀਤੀ ਦੇ ਸੰਦਰਭ 'ਚ ਦੇਖੀਆਂ ਜਾ ਰਹੀਆਂ ਹਨ। ਇਕ ਪਾਸੇ ਪੰਜਾਬ ਦੀ ਸਿਆਸਤ ਦੇ ਤਜਰਬੇਕਾਰ ਚਿਹਰੇ ਨੂੰ ਕੌਮੀ ਪੱਧਰ ’ਤੇ ਅਹਿਮ ਅਹੁਦਾ ਦਿੱਤਾ ਗਿਆ ਹੈ, ਦੂਜੇ ਪਾਸੇ ਪੰਜਾਬ ਨਾਲ ਜੁੜੇ ਤਜਰਬੇਕਾਰ ਸੰਗਠਨਾਤਮਕ ਆਗੂ ਨੂੰ ਪਾਰਟੀ ਦੇ ਕੇਂਦਰੀ ਢਾਂਚੇ 'ਚ ਹੋਰ ਵੱਡੀ ਭੂਮਿਕਾ ਦਿੱਤੀ ਗਈ ਹੈ।
ਸਿਆਸੀ ਤੌਰ ’ਤੇ ਸਭ ਤੋਂ ਵੱਡਾ ਸਵਾਲ ਇਹ ਰਹੇਗਾ ਕਿ ਭਾਜਪਾ ਇਨ੍ਹਾਂ ਨਿਯੁਕਤੀਆਂ ਅਤੇ ਆਪਣੇ ਵਧ ਰਹੇ ਸੰਗਠਨਕ ਢਾਂਚੇ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੋਟਾਂ ਵਿੱਚ ਕਿੰਨਾ ਬਦਲ ਸਕਦੀ ਹੈ। ਪੰਜਾਬ ਵਿੱਚ ਪਾਰਟੀ ਵੱਲੋਂ ਇਕੱਲਿਆਂ ਸਾਰੀਆਂ ਸੀਟਾਂ ’ਤੇ ਮੈਦਾਨ ਵਿੱਚ ਉਤਰਨ ਦੀ ਤਿਆਰੀ ਅਤੇ ਗਠਜੋੜ ਦੇ ਸਵਾਲ ਵਿਚਕਾਰ ਇਹ ਨਵੀਆਂ ਨਿਯੁਕਤੀਆਂ ਆਉਣ ਵਾਲੇ ਦਿਨਾਂ ਦੀ ਭਾਜਪਾ ਰਣਨੀਤੀ ਲਈ ਕਾਫ਼ੀ ਮਹੱਤਵਪੂਰਨ ਸੰਕੇਤ ਮੰਨੀਆਂ ਜਾ ਰਹੀਆਂ ਹਨ।
