ਜੇ ਸੁਖਬੀਰ ਪਿੱਛੇ ਹਟ ਜਾਵੇ ਤਾਂ ਅਕਾਲੀ ਦਲ ਇਕ ਹੋ ਸਕਦੈ : ਇਯਾਲੀ
ਇਯਾਲੀ ਅਕਾਲੀ ਦਲ ਵਾਰਸ ਪੰਜਾਬ ’ਚ ਸ਼ਾਮਲ, ਵਿਧਾਇਕ ਵਜੋਂ ਅਸਤੀਫ਼ਾ ਦੇਣ ਤੋਂ ਕੀਤਾ ਇਨਕਾਰ
Publish Date: Tue, 09 Jun 2026 08:55 PM (IST)
Updated Date: Wed, 10 Jun 2026 04:12 AM (IST)

-ਕਿਹਾ, ਲੋਕਾਂ ਦੀ ਨਾਰਾਜ਼ਗੀ ਅਕਾਲੀ ਦਲ ਨਾਲ ਨਹੀਂ, ਪਾਰਟੀ ’ਤੇ ਕਾਬਜ਼ ਇਕ ਪਰਿਵਾਰ ਨਾਲ ਹੈ ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਛੱਡ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ’ਚ ਸ਼ਾਮਲ ਹੋਏ ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਹੈ ਕਿ ਜੇਕਰ ਸੁਖਬੀਰ ਬਾਦਲ ਪਿੱਛੇ ਹਟ ਜਾਣ ਤਾਂ ਸਾਰੇ ਆਗੂ ਮੁੜ ਇਕੱਠੇ ਹੋ ਸਕਦੇ ਹਨ ਤੇ ਅਕਾਲੀ ਦਲ ਇਕ ਹੋ ਸਕਦਾ। ਮੰਗਲਵਾਰ ਨੂੰ ਰਸਮੀ ਤੌਰ ’ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ’ਚ ਸ਼ਾਮਲ ਹੋਣ ਮਗਰੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਮਨਪ੍ਰੀਤ ਇਯਾਲੀ ਨੇ ਕਿਹਾ ਕਿ ਲੋਕਾਂ ਨੂੰ ਅਕਾਲੀ ਦਲ ਨਾਲ ਅਜੇ ਵੀ ਕੋਈ ਨਾਰਾਜ਼ਗੀ ਨਹੀਂ ਸਿਰਫ ਇਕ ਕਾਬਜ਼ ਪਰਿਵਾਰ ਤੋਂ ਨਾਰਾਜ਼ਗੀ ਚੱਲ ਰਹੀ ਹੈ। ਜੇਕਰ ਉਹ ਪਰਿਵਾਰ ਪਿੱਛੇ ਹਟ ਜਾਂਦਾ ਹੈ ਤਾਂ ਮੁੜ ਅਕਾਲੀ ਧਿਰਾਂ ਇਕੱਠੀਆਂ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਨੈਤਿਕ ਆਧਾਰ ਗੁਆ ਚੁੱਕੇ ਆਗੂਆਂ ਨੂੰ ਪਿੱਛੇ ਹਟ ਜਾਣਾ ਚਾਹੀਦਾ ਤੇ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਆਏ ਫੈਸਲੇ ’ਤੇ ਪਹਿਰਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਕਾਲੀ ਦਲ ਦੀ ਭਰਤੀ ਲਈ ਕਮੇਟੀ ਬਣਾਉਣ ਵੇਲੇ ਉਨ੍ਹਾਂ ਨੂੰ ਭਰੋਸੇ ’ਚ ਨਹੀਂ ਸੀ ਲਿਆ, ਫਿਰ ਵੀ ਉਨ੍ਹਾਂ ਡਟ ਕੇ ਪਹਿਰਾ ਦਿੰਦਿਆਂ ਭਰਤੀ ਕੀਤੀ। ਲੰਬੇ ਅਰਸੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਹੀਂ ਹੋਈਆਂ। ਜਦਕਿ ਹਰ ਪੰਜ ਸਾਲ ਬਾਅਦ ਚੋਣਾਂ ਹੋਣੀਆਂ ਬਣਦੀਆਂ ਹਨ ਤੇ ਸ਼੍ਰੋਮਣੀ ਕਮੇਟੀ ਚੋਣਾਂ ਹੀ ਅਸਲੀ ਅਕਾਲੀ ਦਲ ਸਾਬਤ ਕਰਦੀ ਹੈ। ਇਆਲੀ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਨੀਤੀ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਸਮੁੱਚੀਆਂ ਪੰਥਕ ਧਿਰਾਂ ਨਾਲ ਸਮਝੌਤੇ ਦੇ ਹਾਮੀ ਹਨ ਪਰ ਭਾਜਪਾ, ਕਾਂਗਰਸ ਤੇ ਆਮ ਆਦਮੀ ਪਾਰਟੀ ਨਾਲ ਕੋਈ ਵੀ ਚੋਣ ਸਮਝੌਤਾ ਨਹੀਂ ਕੀਤਾ ਜਾਵੇਗਾ। ਖਾਲਿਸਤਾਨ ਦੇ ਮੁੱਦੇ ’ਤੇ ਇਯਾਲੀ ਨੇ ਕਿਹਾ ਕਿ ਉਹ ਜਮਹੂਰੀਅਤ ਢੰਗ ਨਾਲ ਲੜਾਈ ਲੜਨਗੇ। ਉਨ੍ਹਾਂ ਕਿਹਾ ਕਿ ਪੰਥਕ ਰਾਜਨੀਤੀ ਕਰਨ ਲਈ ਸਿੱਖ ਸੰਗਤ ਤੇ ਪੰਜਾਬੀਆਂ ਦੀਆਂ ਭਾਵਨਾਵਾਂ ਅਨੁਸਾਰ ਕੰਮ ਕਰਨਾ ਪਵੇਗਾ। ਇਯਾਲੀ ਨੇ ਕਿਹਾ ਕਿ ਚੋਣਾਂ ਵੇਲੇ ਕੇਂਦਰੀਆਂ ਏਜੰਸੀਆਂ ਹੋਰ ਸਰਗਰਮ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਏਜੀਸੀਆਂ ਨੂੰ ਨਿਰਪੱਖ ਰਹਿਣਾ ਚਾਹੀਦਾ ਹੈ। ਉਹ ਕੇਂਦਰੀ ਤੇ ਸੂਬੇ ਦੀਆਂ ਏਜੰਸੀਆਂ ਵੱਲੋਂ ਰਾਜਸੀ ਵਿਰੋਧੀਆਂ ’ਤੇ ਛਾਪੇਮਾਰੀ ਬਾਰੇ ਬੋਲ੍ਹ ਰਹੇ ਸਨ। ਮੇਰੇ ਪੁੱਤ ਨੂੰ ਬਿਨਾਂ ਕਸੂਰ ਜੇਲ੍ਹ ’ਚ ਰੱਖਿਐ : ਤਰਸੇਮ ਸਿੰਘ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤ ਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਉਨਾਂ ਦੇ ਪੁੱਤਰ ਨੂੰ ਬਿਨਾਂ ਕਿਸੇ ਕਸੂਰ ਤੋਂ ਪਹਿਲਾਂ ਐੱਨਐੱਸਏ ਲਗਾ ਕੇ ਡਿਬਰੂਗੜ੍ਹ ਜੇਲ੍ਹ ’ਚ ਬੰਦ ਕੀਤਾ ਗਿਆ ਹੁਣ ਐੱਨਐਸਏ ਹਟਣ ਦੇ ਬਾਵਜੂਦ ਡਿਗਰੂਗੜ੍ਹ ਜੇਲ ’ਚ ਬੰਦ ਕੀਤਾ ਹੋਇਆ ਹੈ। ਹਲਕੇ ਦੇ ਲੋਕਾਂ ਨੇ ਵੱਡੀ ਗਿਣਤੀ ’ਚ ਵੋਟਾਂ ਪਾ ਕੇ ਅੰਮ੍ਰਿਤਪਾਲ ਸਿੰਘ ਨੂੰ ਐੱਮਪੀ ਬਣਾਇਆ ਪਰ ਉਨਾਂ ਨੂੰ ਨਾ ਸੰਸਦ ’ਚ ਨਾ ਹੀ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਚੁੱਕਣ ਲਈ ਬੋਲਣ ਦਿੱਤਾ ਜਾ ਰਿਹਾ। ਨਸ਼ੇ ਦੇ ਮੁੱਦੇ ’ਤੇ ਤਰਸੇਮ ਸਿੰਘ ਨੇ ਕਿਹਾ ਕਿ ਸਰਕਾਰਾਂ ਚਾਹੁੰਦੀਆਂ ਹਨ ਕਿ ਸੂਬੇ ਵਿਚਲੀ ਨੌਜਵਾਨੀ ਨਾ ਬਚੇ, ਜਿਸ ਕਰ ਕੇ ਸਰਕਾਰ ਇਸ ਪਾਸੇ ਧਿਆਨ ਨਹੀਂ ਦੇ ਰਹੀ।