ਹੁਣ ਨਸ਼ਾ ਮੁਕਤੀ ਕੇਂਦਰਾਂ 'ਚ ਹੋਵੇਗੀ ਟ੍ਰਿਪਲ ਐੱਚ ਜਾਂਚ, ਮਾਨ ਸਰਕਾਰ ਦਾ ਪੰਜਾਬ ਨੂੰ ਨਸ਼ਾ ਤੇ ਇਨਫੈਕਸ਼ਨ ਮੁਕਤ ਬਣਾਉਣ ਦਾ ਮਾਸਟਰਪਲਾਨ
ਐੱਚਆਈਵੀ, ਹੈਪੇਟਾਈਟਸ-ਬੀ ਤੇ ਹੈਪੇਟਾਈਟਸ-ਸੀ ਵਰਗੇ ਵਾਇਰਲ ਸੰਕਰਮਣ ਸੰਕ੍ਰਮਿਤ ਸੂਈਆਂ ਅਤੇ ਸਰਿੰਜਾਂ ਨੂੰ ਸਾਂਝਾ ਕਰਨ ਵਰਗੀਆਂ ਜੋਖ਼ਮ ਭਰਪੂਰ ਗਤੀਵਿਧੀਆਂ ਕਾਰਨ ਫੈਲ ਸਕਦੇ ਹਨ ਅਤੇ ਇਨ੍ਹਾਂ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਤੇ ਇਲਾਜ ਨਸ਼ੇ ਦੀ ਲਤ ਤੋਂ ਉਭਰ ਰਹੇ ਲੋਕਾਂ ਨੂੰ ਦੁਬਾਰਾ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਦੀ ਦਿਸ਼ਾ ਵਿਚ ਮਹੱਤਵਪੂਰਨ ਕਦਮ ਹੈ।
Publish Date: Sat, 03 Oct 2026 03:38 PM (IST)
Updated Date: Sat, 03 Oct 2026 04:40 PM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਐੱਚਆਈਵੀ, ਹੈਪੇਟਾਈਟਸ-ਬੀ ਤੇ ਹੈਪੇਟਾਈਟਸ-ਸੀ ਦੀ ਜਾਂਚ ਲਈ ਟ੍ਰਿਪਲ ਐੱਚ ਸਕ੍ਰੀਨਿੰਗ ਜਲਦ ਹੀ ਸਰਕਾਰੀ ਨਸ਼ਾ ਮੁਕਤੀ ਤੇ ਰਿਹੈਬਿਲੀਟੇਸ਼ਨ ਕੇਂਦਰਾਂ 'ਚ ਸ਼ੁਰੂ ਹੋਣ ਜਾ ਰਹੀ ਹੈ ਜਿਸ ਨਾਲ ਪੰਜਾਬ 'ਚ ਨਸ਼ੇ ਦੀ ਵਰਤੋਂ ਅਤੇ ਛੂਤ ਦੀਆਂ ਬਿਮਾਰੀਆਂ ਖਿਲਾਫ਼ ਜਾਰੀ ਲੜਾਈ ਨੂੰ ਹੋਰ ਮਜ਼ਬੂਤੀ ਮਿਲੇਗੀ। ਇਹ ਫੈਸਲਾ ਭਗਵੰਤ ਮਾਨ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਪਹਿਲਕਦਮੀ ਦਾ ਹਿੱਸਾ ਹੈ ਤੇ ਇਸ ਦਾ ਉਦੇਸ਼ ਨਸ਼ੇ ਦੀ ਲਤ ਨਾਲ ਜੂਝ ਰਹੇ ਲੋਕਾਂ ਨੂੰ ਵਿਆਪਕ ਇਲਾਜ ਉਪਲਬਧ ਕਰਵਾਉਣ ਦੇ ਨਾਲ-ਨਾਲ ਰਾਜ ਵਿੱਚ ਖੂਨ ਦੇ ਮਾਧਿਅਮ ਨਾਲ ਫੈਲਣ ਵਾਲੇ ਸੰਕਰਮਣਾਂ ਦੀ ਰੋਕਥਾਮ ਕਰਨਾ ਹੈ।
ਐੱਚਆਈਵੀ, ਹੈਪੇਟਾਈਟਸ-ਬੀ ਤੇ ਹੈਪੇਟਾਈਟਸ-ਸੀ ਵਰਗੇ ਵਾਇਰਲ ਸੰਕਰਮਣ ਸੰਕ੍ਰਮਿਤ ਸੂਈਆਂ ਅਤੇ ਸਰਿੰਜਾਂ ਨੂੰ ਸਾਂਝਾ ਕਰਨ ਵਰਗੀਆਂ ਜੋਖ਼ਮ ਭਰਪੂਰ ਗਤੀਵਿਧੀਆਂ ਕਾਰਨ ਫੈਲ ਸਕਦੇ ਹਨ ਅਤੇ ਇਨ੍ਹਾਂ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਤੇ ਇਲਾਜ ਨਸ਼ੇ ਦੀ ਲਤ ਤੋਂ ਉਭਰ ਰਹੇ ਲੋਕਾਂ ਨੂੰ ਦੁਬਾਰਾ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਦੀ ਦਿਸ਼ਾ ਵਿਚ ਮਹੱਤਵਪੂਰਨ ਕਦਮ ਹੈ।
ਮੁਫ਼ਤ ਆਧੁਨਿਕ ਜਾਂਚ
ਪਿਛਲੇ ਕਈ ਸਾਲਾਂ ਤੋਂ ਐੱਚਆਈਵੀ ਤੇ ਹੈਪੇਟਾਈਟਸ ਦੀ ਜਾਂਚ ਲਈ ਲਗਭਗ ਦੋ ਮਹੀਨਿਆਂ ਦੇ ਅੰਤਰਾਲ 'ਤੇ ਸਮੇਂ-ਸਮੇਂ 'ਤੇ ਕੈਂਪ ਲਗਾਏ ਜਾਂਦੇ ਸਨ। ਹਾਲਾਂਕਿ, ਇਨ੍ਹਾਂ ਕੈਂਪਾਂ ਜ਼ਰੀਏ ਜਾਂਚ ਦੀ ਸੁਵਿਧਾ ਤਾਂ ਮਿਲਦੀ ਸੀ, ਪਰ ਇਹ ਪਤਾ ਲਗਾਉਣ ਤੇ ਨਿਗਰਾਨੀ ਕਰਨ ਦੀ ਸੀਮਤ ਵਿਵਸਥਾ ਸੀ ਕਿ ਕਿਹੜੇ ਲੋਕਾਂ ਨੇ ਜਾਂਚ ਕਰਵਾਈ, ਕੌਣ ਇਸ ਤੋਂ ਵਾਂਝਾ ਰਹਿ ਗਿਆ ਅਤੇ ਕਿਹੜੇ ਲੋਕਾਂ ਨੂੰ ਅੱਗੇ ਡਾਕਟਰੀ ਦੇਖਭਾਲ ਦੀ ਲੋੜ ਸੀ।
ਨਵੀਂ ਵਿਵਸਥਾ ਤਹਿਤ, ਜਾਂਚ ਨੂੰ ਸਿਰਫ਼ ਸਮੇਂ-ਸਮੇਂ 'ਤੇ ਹੋਣ ਵਾਲੇ ਕੈਂਪਾਂ ਤਕ ਸੀਮਤ ਰੱਖਣ ਦੀ ਬਜਾਏ ਸਿੱਧਾ ਨਸ਼ਾ ਮੁਕਤੀ ਤੇ ਰਿਹੈਬਿਲੀਟੇਸ਼ਨ ਪ੍ਰਕਿਰਿਆ ਨਾਲ ਜੋੜਿਆ ਜਾਵੇਗਾ। ਇਸ ਨਾਲ ਨਿਯਮਤ ਰੂਪ 'ਚ ਜਾਂਚ ਦੇ ਮੌਕੇ ਉਪਲਬਧ ਹੋਣ ਦੇ ਨਾਲ-ਨਾਲ ਉਨ੍ਹਾਂ ਲੋਕਾਂ ਨੂੰ ਵੀ ਨਿਸ਼ਾਨਦੇਹੀ ਕਰਨ ਵਿੱਚ ਮਦਦ ਮਿਲੇਗੀ, ਜਿਹਨਾਂ ਨੂੰ ਅੱਗੇ ਦੀ ਜਾਂਚ, ਇਲਾਜ ਜਾਂ ਨਿਰੰਤਰ ਡਾਕਟਰੀ ਦੇਖਭਾਲ ਦੀ ਲੋੜ ਹੈ।
ਇਨਫੈਕਸ਼ਨ ਰੋਕਣ ਦੀ ਕਵਾਇਦ
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ, “ਇੰਜੈਕਸ਼ਨ ਜ਼ਰੀਏ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਵਾਲੇ ਲੋਕਾਂ 'ਚ ਖੂਨ ਜ਼ਰੀਏ ਫੈਲਣ ਵਾਲੀਆਂ ਲਾਗਾਂ ਦਾ ਜੋਖ਼ਮ ਜ਼ਿਆਦਾ ਹੁੰਦਾ ਹੈ। ਅਜਿਹੇ ਵਿਚ ਸਮਾਂ ਰਹਿੰਦੇ ਇਨ੍ਹਾਂ ਬਿਮਾਰੀਆਂ ਦੀ ਪਛਾਣ ਕਰਨਾ ਉਚਿਤ ਡਾਕਟਰੀ ਦੇਖਭਾਲ ਤੇ ਕੌਂਸਲਿੰਗ ਉਪਲਬਧ ਕਰਵਾਉਣ ਲਈ ਬੇਹੱਦ ਮਹੱਤਵਪੂਰਨ ਹੈ।”
ਉਨ੍ਹਾਂ ਅੱਗੇ ਕਿਹਾ, “ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ‘ਯੁੱਧ ਨਸ਼ਿਆਂ ਵਿਰੁੱਧ’ ਇੱਕ ਮਜ਼ਬੂਤ, ਸਿਹਤਮੰਦ ਤੇ ਖੁਸ਼ਹਾਲ ਪੰਜਾਬ ਦੀ ਦਿਸ਼ਾ ਵਿਚ ਕ੍ਰਾਂਤੀ ਦੀ ਅਗਵਾਈ ਕਰ ਰਿਹਾ ਹੈ। ਸਾਡਾ ਉਦੇਸ਼ ਕੇਵਲ ਲੋਕਾਂ ਨੂੰ ਨਸ਼ੇ ਦੀ ਲਤ ਤੋਂ ਉਭਾਰਨਾ ਹੀ ਨਹੀਂ, ਬਲਕਿ ਉਹਨਾਂ ਨੂੰ ਸਿਹਤਮੰਦ ਜੀਵਨ ਜਿਊਣ ਅਤੇ ਸਮਾਜ ਵਿੱਚ ਸਾਰਥਕ ਯੋਗਦਾਨ ਦੇਣ ਲਈ ਸਮਰੱਥ ਬਣਾਉਣਾ ਵੀ ਹੈ।
ਨਸ਼ਾ ਮੁਕਤੀ ਸੇਵਾਵਾਂ ਦੇ ਨਾਲ ਐੱਚਆਈਵੀ, ਹੈਪੇਟਾਈਟਸ-ਬੀ ਅਤੇ ਹੈਪੇਟਾਈਟਸ-ਸੀ ਦੀ ਜਾਂਚ ਨੂੰ ਜੋੜ ਕੇ ਸਰਕਾਰ ਇਹ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਚੁੱਕ ਰਹੀ ਹੈ ਕਿ ਨਸ਼ੇ ਤੋਂ ਉਭਰਨ ਵਾਲੇ ਲੋਕਾਂ ਨੂੰ ਇੱਕ ਬਿਹਤਰ ਅਤੇ ਉੱਜਵਲ ਭਵਿੱਖ ਮਿਲ ਸਕੇ।”
ਜਿਨ੍ਹਾਂ ਨੂੰ ਜਾਂਚ ਦੀ ਲੋੜ ਹੈ ਉਨ੍ਹਾਂ ਨੂੰ ਮਿਲੇਗੀ ਪਹਿਲ
ਪਹਿਲਾਂ ਜੇਕਰ ਕੋਈ ਵਿਅਕਤੀ ਜਾਂਚ ਕੈਂਪ 'ਚ ਸ਼ਾਮਲ ਨਹੀਂ ਹੋ ਪਾਉਂਦਾ ਸੀ, ਤਾਂ ਉਸ ਨੂੰ ਅਗਲੇ ਕੈਂਪ ਤਕ ਕਈ ਹਫ਼ਤੇ ਜਾਂ ਮਹੀਨੇ ਇੰਤਜ਼ਾਰ ਕਰਨਾ ਪੈ ਸਕਦਾ ਸੀ। ਨਸ਼ਾ ਮੁਕਤੀ ਸੇਵਾਵਾਂ ਦੇ ਨਾਲ ਜਾਂਚ ਨੂੰ ਜੋੜਨ ਨਾਲ ਰਾਜ ਨੂੰ ਉਹਨਾਂ ਲੋਕਾਂ ਦੀ ਆਸਾਨੀ ਨਾਲ ਪਛਾਣ ਕਰਨ 'ਚ ਮਦਦ ਮਿਲੇਗੀ, ਜਿਹਨਾਂ ਨੂੰ ਜਾਂਚ ਦੀ ਲੋੜ ਹੈ। ਨਾਲ ਹੀ, ਸੰਕਰਮਣ ਦੀ ਪੁਸ਼ਟੀ ਹੋਣ 'ਤੇ ਉਹਨਾਂ ਨੂੰ ਉਚਿਤ ਇਲਾਜ ਲਈ ਸੰਬੰਧਿਤ ਸਿਹਤ ਸੇਵਾਵਾਂ ਨਾਲ ਜੋੜਨਾ ਵੀ ਯਕੀਨੀ ਬਣਾਇਆ ਜਾ ਸਕੇਗਾ।
ਇਹ ਫੈਸਲਾ ਸੂਬੇ 'ਚ ਛੂਤ ਦੀਆਂ ਬਿਮਾਰੀਆਂ ਦੇ ਪ੍ਰਸਾਰ ਨੂੰ ਰੋਕਣ ਦੇ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਤੋਂ ਪਹਿਲਾਂ ਅਗਸਤ 'ਚ ਡਾ. ਬਲਬੀਰ ਸਿੰਘ ਨੇ ਪੰਜਾਬ 'ਚ ਖੂਨ ਜ਼ਰੀਏ ਫੈਲਣ ਵਾਲੇ ਸ਼ੂਤ ਰੋਗਾਂ ਜਿਵੇਂ ਐੱਚਆਈਵੀ, ਹੈਪੇਟਾਈਟਸ-ਬੀ ਤੇ ਹੈਪੇਟਾਈਟਸ-ਸੀ ਦੀ ਜਲਦ ਪਛਾਣ ਅਤੇ ਖੂਨ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਨਿਊਕਲਿਕ ਐਸਿਡ ਟੈਸਟਿੰਗ (NAT) ਅਤੇ ਕੇਮੀਲੂਮੀਨੇਸੈਂਸ ਇਮਿਊਨੋਐਸੇ (CLIA) ਵਰਗੀਆਂ ਉੱਨਤ ਜਾਂਚ ਤਕਨੀਕਾਂ ਨੂੰ ਅਪਣਾਉਣ ਦਾ ਐਲਾਨ ਕੀਤਾ ਸੀ।
ਸੂਬੇ ਦੇ ਸਾਰੇ ਆਮ ਆਦਮੀ ਕਲੀਨਿਕਾਂ ਵਿੱਚ ਇਹਨਾਂ ਤਿੰਨਾਂ ਸੰਕਰਮਣਾਂ ਦੀ ਜਾਂਚ ਮੁਫ਼ਤ ਉਪਲਬਧ ਹੈ। ਇਹ ਸੰਕਰਮਣ ਕਈ ਸਾਲਾਂ ਤੱਕ ਬਿਨਾਂ ਕਿਸੇ ਸਪੱਸ਼ਟ ਲੱਛਣ ਦੇ ਸਰੀਰ ਵਿੱਚ ਮੌਜੂਦ ਰਹਿ ਸਕਦੇ ਹਨ, ਜਦਕਿ ਇਸ ਦੌਰਾਨ ਬੀਮਾਰੀ ਹੌਲੀ-ਹੌਲੀ ਗੰਭੀਰ ਰੂਪ ਲੈ ਸਕਦੀ ਹੈ। ਹਾਲਾਂਕਿ, ਸਮੇਂ ਸਿਰ ਜਾਂਚ ਅਤੇ ਇਲਾਜ ਨਾਲ ਇਲਾਜ ਦੇ ਨਤੀਜੇ ਬਿਹਤਰ ਹੋ ਸਕਦੇ ਹਨ ਅਤੇ ਮਰੀਜ਼ ਲੰਬੇ ਸਮੇਂ ਤੱਕ ਸਿਹਤਮੰਦ ਜੀਵਨ ਜੀ ਸਕਦੇ ਹਨ।
ਟ੍ਰਿਪਲ ਐੱਚ ਸਕ੍ਰੀਨਿੰਗ ਨੂੰ ਨਸ਼ਾ ਮੁਕਤੀ ਸੇਵਾਵਾਂ ਦੇ ਨਾਲ ਜੋੜਨਾ ਨਸ਼ੇ ਦੀ ਸਮੱਸਿਆ ਦੇ ਇਲਾਜ ਦੇ ਪ੍ਰਤੀ ਸਰਕਾਰ ਦੇ ਵਿਆਪਕ ਦ੍ਰਿਸ਼ਟੀਕੋਣ ਨੂੰ ਵੀ ਦਰਸ਼ਾਉਂਦਾ ਹੈ, ਇਹ ਦ੍ਰਿਸ਼ਟੀਕੋਣ ਇਸ ਗੱਲ ਨੂੰ ਸਵੀਕਾਰ ਕਰਦਾ ਹੈ ਕਿ ਨਸ਼ੇ ਦੀ ਲਤ ਤੋਂ ਉਭਰਨ ਦੀ ਪ੍ਰਕਿਰਿਆ ਕੇਵਲ ਨਸ਼ੇ ਦਾ ਸੇਵਨ ਬੰਦ ਕਰਨ ਜਾਂ ਉਸ ਦੇ ਸ਼ੁਰੂਆਤੀ ਪ੍ਰਭਾਵਾਂ ਤੋਂ ਬਾਹਰ ਨਿਕਲਣ ਤੱਕ ਸੀਮਤ ਨਹੀਂ ਹੈ।
ਕੌਂਸਲਿੰਗ, ਮਨੋਵਿਗਿਆਨਕ ਸਹਿਯੋਗ, ਡਾਕਟਰੀ ਦੇਖਭਾਲ ਅਤੇ ਸਮਾਜਿਕ ਰਿਹੈਬਿਲੀਟੇਸ਼ਨ, ਸੰਬੰਧਿਤ ਸਿਹਤ ਸਮੱਸਿਆਵਾਂ ਦੀ ਪਛਾਣ ਅਤੇ ਉਹਨਾਂ ਦੇ ਪ੍ਰਬੰਧਨ ਦੇ ਨਾਲ-ਨਾਲ, ਨਿਰੰਤਰ ਅਤੇ ਸਥਾਈ ਸੁਧਾਰ ਲਈ ਸਾਰੇ ਮਹੱਤਵਪੂਰਨ ਘਟਕ ਹਨ।
ਨਿੱਜੀ ਕੇਂਦਰਾਂ ਵਿੱਚ ਇਸ ਵਿਵਸਥਾ ਦੀ ਸ਼ੁਰੂਆਤ ਹੋ ਚੁੱਕੀ ਹੈ, ਜਦਕਿ ਸਰਕਾਰੀ ਕੇਂਦਰਾਂ ਵਿੱਚ ਇਸ ਨੂੰ ਜਲਦ ਲਾਗੂ ਕੀਤੇ ਜਾਣ ਦੀ ਉਮੀਦ ਹੈ, ਇਸ ਪਹਿਲਕਦਮੀ ਦਾ ਉਦੇਸ਼ ਨਸ਼ੇ ਦੀ ਸਮੱਸਿਆ ਤੋਂ ਪ੍ਰਭਾਵਿਤ ਲੋਕਾਂ ਨੂੰ ਉਪਲਬਧ ਦੇਖਭਾਲ ਦੀ ਪੂਰੀ ਪ੍ਰਕਿਰਿਆ ਨੂੰ ਹੋਰ ਸੁਦ੍ਰਿੜ ਬਣਾਉਣਾ ਹੈ।