ਸਿਆਸਤ ਦਾ ਧੁਰਾ ਬਣਿਆ ਮਾਲਵਾ: ਨਸ਼ਿਆਂ ਦਾ ਮੁੱਦਾ ਬਣਿਆ ਸਿਆਸੀ ਜੰਗ ਦਾ ਕੇਂਦਰ; ਅਮਿਤ ਸ਼ਾਹ ਤੋਂ ਬਾਅਦ 4 ਨਵੰਬਰ ਨੂੰ ਸੰਗਰੂਰ ਆਉਣਗੇ ਰਾਹੁਲ ਗਾਂਧੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਹਾਲ ਹੀ ਵਿਚ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਅਤੇ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਹੋਰ ਪਰਿਵਾਰਾਂ ਨਾਲ ਮੁਲਾਕਾਤ ਕੀਤੇ ਜਾਣ ਤੋਂ ਬਾਅਦ ਇਹ ਮੁੱਦਾ ਕੌਮੀ ਸਿਆਸਤ ਵਿੱਚ ਵੀ ਚਰਚਾ ਦਾ ਵਿਸ਼ਾ ਬਣਿਆ ਹੈ। ਭਾਜਪਾ ਇਸ ਰਾਹੀਂ ਪੰਜਾਬ ਵਿਚ ਨਸ਼ਿਆਂ ਦੇ ਮੁੱਦੇ ਨੂੰ ਉਭਾਰਨ ਦੇ ਨਾਲ-ਨਾਲ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੀ ਹੈ। ਨਸ਼ਿਆਂ ਦਾ ਖਾਤਮਾ ਪੰਜਾਬ ਦੀ ਸਿਆਸਤ ਵਿਚ ਪਹਿਲਾਂ ਹੀ ਇੱਕ ਵੱਡਾ ਮੁੱਦਾ ਰਿਹਾ ਹੈ, ਪਰ ਹਾਲੀਆ ਘਟਨਾਵਾਂ ਨੇ ਇਸ ਨੂੰ ਹੋਰ ਸੰਵੇਦਨਸ਼ੀਲ ਬਣਾ ਦਿੱਤਾ ਹੈ।
Publish Date: Tue, 27 Oct 2026 08:44 AM (IST)
Updated Date: Tue, 27 Oct 2026 08:47 AM (IST)
ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ ਚੰਡੀਗੜ੍ਹ : ਪੰਜਾਬ ਦੀ ਸਿਆਸਤ ਵਿਚ ਮਾਲਵਾ ਖੇਤਰ ਇੱਕ ਵਾਰ ਫਿਰ ਕੇਂਦਰੀ ਧੁਰੇ ਵਜੋਂ ਉੱਭਰ ਰਿਹਾ ਹੈ। ਮਾਨਸਾ ਵਿਚ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਕਾਰਕੁੰਨ ਪਰਵਿੰਦਰ ਸਿੰਘ ਉਰਫ਼ ਝੋਟਾ ਦੇ ਕਤਲ ਨੇ ਜਿੱਥੇ ਸੂਬੇ ਦੇ ਸਿਆਸੀ ਮਾਹੌਲ ਨੂੰ ਭਖ਼ਾ ਦਿੱਤਾ ਹੈ, ਉੱਥੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਮਾਲਵਾ ਵਿਚ ਕੀਤੇ ਜਾ ਰਹੇ ਦੌਰਿਆਂ ਨੇ ਪੰਜਾਬ ਦੀ ਸਿਆਸਤ ਵਿਚ ਨਵੀਂ ਹਲਚਲ ਪੈਦਾ ਕਰ ਦਿੱਤੀ ਹੈ। ਭਾਜਪਾ, ਅਕਾਲੀ ਦਲ ਅਤੇ ਕਾਂਗਰਸ ਦੇ ਚੋਟੀ ਦੇ ਆਗੂਆਂ ਦੀ ਸਰਗਰਮੀ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਸਿਆਸੀ ਚੁਣੌਤੀ ਵਜੋਂ ਵੀ ਦੇਖਿਆ ਜਾ ਰਿਹਾ ਹੈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਹਾਲ ਹੀ ਵਿਚ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਅਤੇ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਹੋਰ ਪਰਿਵਾਰਾਂ ਨਾਲ ਮੁਲਾਕਾਤ ਕੀਤੇ ਜਾਣ ਤੋਂ ਬਾਅਦ ਇਹ ਮੁੱਦਾ ਕੌਮੀ ਸਿਆਸਤ ਵਿੱਚ ਵੀ ਚਰਚਾ ਦਾ ਵਿਸ਼ਾ ਬਣਿਆ ਹੈ। ਭਾਜਪਾ ਇਸ ਰਾਹੀਂ ਪੰਜਾਬ ਵਿਚ ਨਸ਼ਿਆਂ ਦੇ ਮੁੱਦੇ ਨੂੰ ਉਭਾਰਨ ਦੇ ਨਾਲ-ਨਾਲ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੀ ਹੈ। ਨਸ਼ਿਆਂ ਦਾ ਖਾਤਮਾ ਪੰਜਾਬ ਦੀ ਸਿਆਸਤ ਵਿਚ ਪਹਿਲਾਂ ਹੀ ਇੱਕ ਵੱਡਾ ਮੁੱਦਾ ਰਿਹਾ ਹੈ, ਪਰ ਹਾਲੀਆ ਘਟਨਾਵਾਂ ਨੇ ਇਸ ਨੂੰ ਹੋਰ ਸੰਵੇਦਨਸ਼ੀਲ ਬਣਾ ਦਿੱਤਾ ਹੈ।
ਦੂਜੇ ਪਾਸੇ, ਕਾਂਗਰਸ ਨੇ ਵੀ ਮਾਲਵਾ ਵਿਚ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ 4 ਨਵੰਬਰ ਨੂੰ ਸੰਗਰੂਰ ਪਹੁੰਚ ਰਹੇ ਹਨ। ਸੰਗਰੂਰ ਨੂੰ ਆਮ ਆਦਮੀ ਪਾਰਟੀ ਦਾ ਮਜ਼ਬੂਤ ਸਿਆਸੀ ਗੜ੍ਹ ਮੰਨਿਆ ਜਾਂਦਾ ਹੈ। ਅਜਿਹੇ ਵਿੱਚ ਰਾਹੁਲ ਗਾਂਧੀ ਦਾ ਇੱਥੇ ਆਉਣਾ ਕਾਂਗਰਸ ਦੀ ਰਣਨੀਤੀ ਦੇ ਪੱਖੋਂ ਅਹਿਮ ਮੰਨਿਆ ਜਾ ਰਿਹਾ ਹੈ। ਇਸ ਦੌਰੇ ਰਾਹੀਂ ਕਾਂਗਰਸ ਜਿੱਥੇ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰ ਸਕਦੀ ਹੈ, ਉੱਥੇ ਹੀ ਮਾਲਵਾ ਵਿਚ ਆਪਣਾ ਜਨ-ਆਧਾਰ ਮਜ਼ਬੂਤ ਕਰਨ ਦਾ ਸੁਨੇਹਾ ਵੀ ਦੇ ਸਕਦੀ ਹੈ।
ਆਉਣ ਵਾਲੇ ਦਿਨਾਂ ਵਿਚ ਅਮਿਤ ਸ਼ਾਹ ਦੇ ਦੌਰੇ ਤੋਂ ਬਾਅਦ ਰਾਹੁਲ ਗਾਂਧੀ ਦੀ ਸੰਗਰੂਰ ਫੇਰੀ ਅਤੇ ਕਾਂਗਰਸ ਦੀਆਂ ਅੰਦਰੂਨੀ ਸਰਗਰਮੀਆਂ ਪੰਜਾਬ ਦੀ ਸਿਆਸਤ ਨੂੰ ਕਿਹੜੀ ਦਿਸ਼ਾ ਦਿੰਦੀਆਂ ਹਨ, ਇਸ ਉੱਤੇ ਸਭ ਦੀਆਂ ਨਜ਼ਰਾਂ ਰਹਿਣਗੀਆਂ। ਸਭ ਤੋਂ ਅਹਿਮ ਸਵਾਲ ਇਹ ਹੈ ਕਿ ਸਿਆਸੀ ਪਾਰਟੀਆਂ ਨਸ਼ਿਆਂ ਦੇ ਮੁੱਦੇ ਨੂੰ ਸਿਰਫ਼ ਸਿਆਸੀ ਹਥਿਆਰ ਵਜੋਂ ਵਰਤਣਗੀਆਂ ਜਾਂ ਇਸ ਗੰਭੀਰ ਸਮੱਸਿਆ ਦੇ ਹੱਲ ਲਈ ਕੋਈ ਠੋਸ ਰਣਨੀਤੀ ਵੀ ਸਾਹਮਣੇ ਲਿਆਉਣਗੀਆਂ।
ਸੂਬੇ ਦੀ ਸੱਤਾ ਤੱਕ ਪੁੱਜਣ ਲਈ ਮਾਲਵੇ ’ਤੇ ਪਕੜ ਜ਼ਰੂਰੀ ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਕਾਂਗਰਸ ਦੇ ਜਥੇਬੰਦਕ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਵੱਲੋਂ ਪਾਰਟੀ ਆਗੂਆਂ ਨਾਲ ਮੀਟਿੰਗ ਕਰ ਕੇ ਸੂਬੇ ਦੇ ਸਿਆਸੀ ਹਾਲਾਤ ਅਤੇ ਜਥੇਬੰਦਕ ਸਥਿਤੀ ਦਾ ਜਾਇਜ਼ਾ ਲੈਣਾ ਵੀ ਅਹਿਮ ਹੈ। ਇਸ ਨੂੰ ਪੰਜਾਬ ਕਾਂਗਰਸ ਦੀ ਅੰਦਰੂਨੀ ਸਥਿਤੀ, ਆਗੂਆਂ ਵਿਚਾਲੇ ਤਾਲਮੇਲ ਅਤੇ ਆਉਣ ਵਾਲੀ ਰਣਨੀਤੀ ਨੂੰ ਲੈ ਕੇ ਕੇਂਦਰੀ ਲੀਡਰਸ਼ਿਪ ਦੀ ਗੰਭੀਰਤਾ ਵਜੋਂ ਦੇਖਿਆ ਜਾ ਰਿਹਾ ਹੈ। ਮਾਲਵਾ ਦੀ ਸਿਆਸਤ ਵਿਚ ਇਨ੍ਹਾਂ ਸਰਗਰਮੀਆਂ ਦੇ ਵਧਦੇ ਮਹੱਤਵ ਦਾ ਇੱਕ ਵੱਡਾ ਕਾਰਨ ਇਸ ਖੇਤਰ ਦੀਆਂ ਵਿਧਾਨ ਸਭਾ ਸੀਟਾਂ ਅਤੇ ਪੇਂਡੂ ਵੋਟਰਾਂ ਉੱਤੇ ਇਸ ਦਾ ਪ੍ਰਭਾਵ ਹੈ। ਪੰਜਾਬ ਦੀ ਸੱਤਾ ਤੱਕ ਪਹੁੰਚਣ ਲਈ ਮਾਲਵਾ ਵਿਚ ਮਜ਼ਬੂਤ ਪਕੜ ਬਣਾਉਣੀ ਹਰ ਪਾਰਟੀ ਦੀ ਰਣਨੀਤੀ ਦਾ ਅਹਿਮ ਹਿੱਸਾ ਰਹੀ ਹੈ। ਇਸੇ ਕਰਕੇ ਨਸ਼ਿਆਂ ਦਾ ਮੁੱਦਾ ਹੁਣ ਸਿਰਫ਼ ਸਮਾਜਿਕ ਸਮੱਸਿਆ ਤੱਕ ਸੀਮਤ ਨਹੀਂ ਰਿਹਾ, ਸਗੋਂ ਸਿਆਸੀ ਪਾਰਟੀਆਂ ਵਿਚਾਲੇ ਦੋਸ਼ਾਂ ਅਤੇ ਜਵਾਬੀ ਦੋਸ਼ਾਂ ਦਾ ਕੇਂਦਰ ਵੀ ਬਣ ਰਿਹਾ ਹੈ।