ਪੰਜਾਬ ਪੁਲਿਸ 'ਚ ਵੱਡਾ ਫੇਰਬਦਲ: ਤਾਇਨਾਤੀ ਦੇ ਮਹਿਜ਼ 11 ਦਿਨਾਂ ਅੰਦਰ ਹੀ ਬਦਲੇ ਬਾਰਡਰ ਰੇਂਜ ਦੇ DIG, ਹਰਮਨਬੀਰ ਸਿੰਘ ਗਿੱਲ ਨੂੰ ਮਿਲੀ ਕਮਾਨ
ਪੰਜਾਬ ਸਰਕਾਰ ਨੇ ਪੁਲਿਸ ਵਿਭਾਗ ਵਿੱਚ ਇੱਕ ਹੋਰ ਅਹਿਮ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ ਅੰਮ੍ਰਿਤਸਰ ਬਾਰਡਰ ਰੇਂਜ ਦੇ ਡੀਆਈਜੀ ਨੂੰ ਤਾਇਨਾਤੀ ਤੋਂ ਮਹਿਜ਼ 11 ਦਿਨ ਬਾਅਦ ਹੀ ਬਦਲ ਦਿੱਤਾ ਹੈ। ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ 1 ਜੂਨ ਨੂੰ ਬਾਰਡਰ ਰੇਂਜ ਦੇ ਡੀਆਈਜੀ ਨਿਯੁਕਤ ਕੀਤੇ ਗਏ ਆਈਪੀਐੱਸ ਅਧਿਕਾਰੀ ਵਿਵੇਕ ਸ਼ੀਲ ਸੋਨੀ ਦਾ ਤਬਾਦਲਾ ਕਰ ਦਿੱਤਾ ਗਿਆ ਹੈ।
Publish Date: Sat, 13 Jun 2026 10:04 AM (IST)
Updated Date: Sat, 13 Jun 2026 10:05 AM (IST)

ਸਟੇਟ ਬਿਊਰੋ, ਚੰਡੀਗੜ੍ਹ - ਪੰਜਾਬ ਸਰਕਾਰ ਨੇ ਪੁਲਿਸ ਵਿਭਾਗ ਵਿੱਚ ਇੱਕ ਹੋਰ ਅਹਿਮ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ ਅੰਮ੍ਰਿਤਸਰ ਬਾਰਡਰ ਰੇਂਜ ਦੇ ਡੀਆਈਜੀ ਨੂੰ ਤਾਇਨਾਤੀ ਤੋਂ ਮਹਿਜ਼ 11 ਦਿਨ ਬਾਅਦ ਹੀ ਬਦਲ ਦਿੱਤਾ ਹੈ। ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ 1 ਜੂਨ ਨੂੰ ਬਾਰਡਰ ਰੇਂਜ ਦੇ ਡੀਆਈਜੀ ਨਿਯੁਕਤ ਕੀਤੇ ਗਏ ਆਈਪੀਐੱਸ ਅਧਿਕਾਰੀ ਵਿਵੇਕ ਸ਼ੀਲ ਸੋਨੀ ਦਾ ਤਬਾਦਲਾ ਕਰ ਦਿੱਤਾ ਗਿਆ ਹੈ।
ਹੁਕਮਾਂ ਮੁਤਾਬਕ ਵਿਵੇਕ ਸ਼ੀਲ ਸੋਨੀ ਨੂੰ ਫਿਲਹਾਲ ਕੋਈ ਨਵੀਂ ਤਾਇਨਾਤੀ ਨਹੀਂ ਦਿੱਤੀ ਗਈ। ਉਨ੍ਹਾਂ ਨੂੰ ਡੀਜੀਪੀ ਗੌਰਵ ਯਾਦਵ ਨੂੰ ਰਿਪੋਰਟ ਕਰਨ ਲਈ ਕਿਹਾ ਗਿਆ ਹੈ। ਹਾਲਾਂਕਿ ਉਨ੍ਹਾਂ ਦੇ ਅਚਾਨਕ ਤਬਾਦਲੇ ਦੇ ਕਾਰਨਾਂ ਬਾਰੇ ਸਰਕਾਰ ਵੱਲੋਂ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ। ਸਰਕਾਰ ਨੇ ਉਨ੍ਹਾਂ ਦੀ ਥਾਂ ਜਲੰਧਰ ਸਥਿਤ ਪੰਜਾਬ ਆਰਮਡ ਪੁਲਿਸ (ਪੀਏਪੀ) ਦੇ ਡੀਆਈਜੀ ਵਜੋਂ ਤਾਇਨਾਤ ਆਈਪੀਐੱਸ ਅਧਿਕਾਰੀ ਹਰਮਨਬੀਰ ਸਿੰਘ ਗਿੱਲ ਨੂੰ ਅੰਮ੍ਰਿਤਸਰ ਬਾਰਡਰ ਰੇਂਜ ਦਾ ਨਵਾਂ ਡੀਆਈਜੀ ਨਿਯੁਕਤ ਕੀਤਾ ਹੈ। ਨਵੇਂ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੇ ਗਏ ਹਨ।
ਸੰਵੇਦਨਸ਼ੀਲ ਅਹੁਦੇ ’ਤੇ ਤੁਰੰਤ ਤਬਦੀਲੀ ਚਰਚਾ ਦਾ ਵਿਸ਼ਾ
ਪਾਕਿਸਤਾਨ ਨਾਲ ਲੱਗਦੀ ਸਰਹੱਦ ਅਤੇ ਡਰੋਨ ਗਤੀਵਿਧੀਆਂ, ਨਸ਼ਾ ਤਸਕਰੀ ਸਮੇਤ ਹੋਰ ਸੁਰੱਖਿਆ ਚੁਣੌਤੀਆਂ ਕਾਰਨ ਬਾਰਡਰ ਰੇਂਜ ਨੂੰ ਪੰਜਾਬ ਪੁਲਿਸ ਦੀਆਂ ਸਭ ਤੋਂ ਸੰਵੇਦਨਸ਼ੀਲ ਇਕਾਈਆਂ ਵਿੱਚ ਗਿਣਿਆ ਜਾਂਦਾ ਹੈ। ਅਜਿਹੇ ਵਿੱਚ ਮਹਿਜ਼ 11 ਦਿਨਾਂ ਅੰਦਰ ਇਸ ਅਹਿਮ ਅਹੁਦੇ ’ਤੇ ਕੀਤੀ ਗਈ ਤਬਦੀਲੀ ਪ੍ਰਸ਼ਾਸਨਿਕ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬ ਸਰਕਾਰ ਪੁਲਿਸ ਵਿਭਾਗ ਵਿੱਚ ਲਗਾਤਾਰ ਫੇਰਬਦਲ ਕਰ ਰਹੀ ਹੈ। ਹਾਲ ਹੀ ਵਿੱਚ ਕਈ ਆਈਪੀਐੱਸ ਅਤੇ ਹੋਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਸੇ ਲੜੀ ਤਹਿਤ ਹੁਣ ਬਾਰਡਰ ਰੇਂਜ ਦੇ ਡੀਆਈਜੀ ਅਹੁਦੇ ’ਤੇ ਵੀ ਨਵਾਂ ਬਦਲਾਅ ਕੀਤਾ ਗਿਆ ਹੈ।