ਸਿਹਤ ਵਿਭਾਗ ਤੇ ਪੁਲਿਸ ਦੀ ਸਾਂਝੀ ਰੇਡ: ਨਕਲੀ ਦਵਾਈਆਂ ਦੀ ਫੈਕਟਰੀ ਦਾ ਪਰਦਾਫਾਸ਼, ਭਾਰੀ ਮਾਤਰਾ ’ਚ ਸਟਾਕ ਬਰਾਮਦ
ਡੇਰਾਬੱਸੀ ਪੁਲਿਸ ਨੇ ਨਕਲੀ ਆਯੁਰਵੈਦਿਕ ਦਵਾਈਆਂ ਦੇ ਨਿਰਮਾਣ ਅਤੇ ਵਿਕਰੀ ਨਾਲ ਜੁੜੇ ਇਕ ਬਹੁਤ ਹੀ ਗੰਭੀਰ ਮਾਮਲੇ ਦਾ ਪਰਦਾਫਾਸ਼ ਕਰਦਿਆਂ ਮੁਕੱਦਮਾ ਦਰਜ ਕੀਤਾ ਹੈ। ਇਹ ਕਾਰਵਾਈ ਪ੍ਰਸਿੱਧ ਆਯੁਰਵੈਦਿਕ ਉਤਪਾਦਾਂ "ਨੂਰਾਨੀ ਤੇਲ" ਅਤੇ "ਰਾਹਤ" ਦੇ ਨਾਮ ਹੇਠ ਵੇਚੇ ਜਾ ਰਹੇ ਨਕਲੀ ਉਤਪਾਦਾਂ ਦੇ ਸਬੰਧ ’ਚ ਕੀਤੀ ਗਈ ਹੈ। ਪੁਲਿਸ ਨੇ ਇਸ ਮਾਮਲੇ ’ਚ ਕਾਪੀ ਰਾਈਟ ਐਕਟ 1957 ਦੀਆਂ ਧਾਰਾਵਾਂ ਤਹਿਤ ਕਈ ਨਾਮਜ਼ਦ ਅਤੇ ਅਣਪਛਾਤੇ ਸ਼ੱਕੀ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Publish Date: Sat, 11 Jul 2026 01:02 PM (IST)
Updated Date: Sat, 11 Jul 2026 01:05 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ। ਡੇਰਾਬੱਸੀ ਪੁਲਿਸ ਨੇ ਨਕਲੀ ਆਯੁਰਵੈਦਿਕ ਦਵਾਈਆਂ ਦੇ ਨਿਰਮਾਣ ਅਤੇ ਵਿਕਰੀ ਨਾਲ ਜੁੜੇ ਇਕ ਬਹੁਤ ਹੀ ਗੰਭੀਰ ਮਾਮਲੇ ਦਾ ਪਰਦਾਫਾਸ਼ ਕਰਦਿਆਂ ਮੁਕੱਦਮਾ ਦਰਜ ਕੀਤਾ ਹੈ। ਇਹ ਕਾਰਵਾਈ ਪ੍ਰਸਿੱਧ ਆਯੁਰਵੈਦਿਕ ਉਤਪਾਦਾਂ "ਨੂਰਾਨੀ ਤੇਲ" ਅਤੇ "ਰਾਹਤ" ਦੇ ਨਾਮ ਹੇਠ ਵੇਚੇ ਜਾ ਰਹੇ ਨਕਲੀ ਉਤਪਾਦਾਂ ਦੇ ਸਬੰਧ ’ਚ ਕੀਤੀ ਗਈ ਹੈ। ਪੁਲਿਸ ਨੇ ਇਸ ਮਾਮਲੇ ’ਚ ਕਾਪੀ ਰਾਈਟ ਐਕਟ 1957 ਦੀਆਂ ਧਾਰਾਵਾਂ ਤਹਿਤ ਕਈ ਨਾਮਜ਼ਦ ਅਤੇ ਅਣਪਛਾਤੇ ਸ਼ੱਕੀ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ ਦੀ ਸ਼ਿਕਾਇਤ ਉੱਤਰਾਖੰਡ ਦੇ ਹਰਿਦੁਆਰ ਜ਼ਿਲ੍ਹੇ ਦੇ ਭਗਵਾਨਪੁਰ ਵਿਚ ਸਥਿਤ ਆਯੁਰਵੈਦਿਕ ਦਵਾਈ ਨਿਰਮਾਣ ਕੰਪਨੀ 'ਰਾਹਤ ਹਰਬਲ ਰੈਮੇਡੀਜ਼' ਦੇ ਉਤਪਾਦਨ ਪ੍ਰਬੰਧਕ (ਪ੍ਰੋਡਕਸ਼ਨ ਮੈਨੇਜਰ) ਵੱਲੋਂ ਦਰਜ ਕਰਵਾਈ ਗਈ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਕਾਨੂੰਨੀ ਤੌਰ ’ਤੇ ਰਜਿਸਟਰਡ ਆਯੁਰਵੈਦਿਕ ਦਵਾਈਆਂ ਤਿਆਰ ਕਰਦੀ ਹੈ, ਜੋ ਕਿ ਮਾਰਕੀਟ ’ਚ ਰਜਿਸਟਰਡ ਟ੍ਰੇਡਮਾਰਕ "ਨੂਰਾਨੀ ਤੇਲ" ਅਤੇ "ਰਾਹਤ" ਦੇ ਨਾਮ ਹੇਠ ਵਿਕਦੀਆਂ ਹਨ।
ਉਨ੍ਹਾਂ ਦੋਸ਼ ਲਾਇਆ ਕਿ ਕੁਝ ਅਨਸਰ ਮੁਨਾਫ਼ਾ ਕਮਾਉਣ ਲਈ ਉਨ੍ਹਾਂ ਦੇ ਅਸਲੀ ਉਤਪਾਦਾਂ ਦੇ ਨਾਮ, ਲੋਗੋ, ਪੈਕੇਜਿੰਗ ਅਤੇ ਲੇਬਲ ਦੀ ਹੂ-ਬ-ਹੂ ਨਕਲ ਕਰਕੇ ਡੇਰਾਬੱਸੀ-ਬਰਵਾਲਾ ਰੋਡ ’ਤੇ ਸਥਿਤ ਹੰਸਾ ਪਾਰਕ ਵਿਚ ਨਕਲੀ ਦਵਾਈਆਂ ਬਣਾ ਰਹੇ ਸੀ। ਇਹ ਨਾ ਸਿਰਫ਼ ਕੰਪਨੀ ਦੇ ਟ੍ਰੇਡਮਾਰਕ ਅਤੇ ਕਾਪੀਰਾਈਟ ਦੀ ਸਿੱਧੀ ਉਲੰਘਣਾ ਹੈ, ਸਗੋਂ ਆਮ ਲੋਕਾਂ ਦੀ ਸਿਹਤ ਨਾਲ ਵੀ ਇਕ ਵੱਡਾ ਖਿਲਵਾੜ ਹੈ।
ਇਸ ਮਾਮਲੇ ’ਚ ਇਕ ਹੋਰ ਵੱਡਾ ਖ਼ੁਲਾਸਾ ਹੋਇਆ ਹੈ ਕਿ ਉਕਤ ਫੈਕਟਰੀ ਦਾ ਡਰੱਗ ਲਾਇਸੈਂਸ 1 ਜੂਨ 2026 ਤੋਂ ਹੀ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਦੋਸ਼ੀ ਗ਼ੈਰ-ਕਾਨੂੰਨੀ ਤਰੀਕੇ ਨਾਲ ਫੈਕਟਰੀ ਖੋਲ੍ਹ ਕੇ ਕੰਮ ਚਲਾ ਰਹੇ ਸਨ।
ਮਾਮਲੇ ਦੀ ਭਿਣਕ ਲੱਗਦਿਆਂ ਹੀ ਡਰੱਗ ਇੰਸਪੈਕਟਰ ਜੋਤੀ ਬੱਬਰ ਨੇ ਪੁਲਿਸ ਪਾਰਟੀ ਅਤੇ ਕੰਪਨੀ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਫੈਕਟਰੀ ’ਤੇ ਅਚਨਚੇਤ ਛਾਪਾ ਮਾਰਿਆ। ਛਾਪੇਮਾਰੀ ਦੌਰਾਨ ਮੌਕੇ ਤੋਂ ਭਾਰੀ ਮਾਤਰਾ ’ਚ ਨਕਲੀ ਸਾਮਾਨ ਜ਼ਬਤ ਕੀਤਾ ਗਿਆ ਅਤੇ ਫੈਕਟਰੀ ਨੂੰ ਮੌਕੇ ’ਤੇ ਹੀ ਸੀਲ ਕਰ ਦਿੱਤਾ ਗਿਆ।
ਪੁਲਿਸ ਵੱਲੋਂ ਦਰਜ ਕੀਤੇ ਮਾਮਲੇ ’ਚ ਕਈ ਸ਼ੱਕੀ ਵਿਅਕਤੀਆਂ ਦੇ ਨਾਂਅ ਸਾਹਮਣੇ ਆਏ ਹਨ, ਜਿਨ੍ਹਾਂ ’ਚ ਲਾਫੀਆ, ਅਰਸ਼ਦ, ਸੋਨਿਕਾ ਅਤੇ ਪੀਯੂਸ਼ ਸ਼ਾਮਲ ਹਨ।
ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਮੁਲਜ਼ਮ ਜ਼ੀਰਕਪੁਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਦੇ ਰਹਿਣ ਵਾਲੇ ਹਨ। ਪੁਲਿਸ ਨੂੰ ਸ਼ੱਕ ਹੈ ਕਿ ਇਸ ਗੋਰਖਧੰਦੇ ’ਚ ਕਈ ਹੋਰ ਲੋਕ ਵੀ ਸ਼ਾਮਲ ਹੋ ਸਕਦੇ ਹਨ ਅਤੇ ਨਕਲੀ ਉਤਪਾਦਾਂ ਦੀ ਸਪਲਾਈ ਦਾ ਇਹ ਨੈੱਟਵਰਕ ਕਈ ਵੱਡੇ ਸ਼ਹਿਰਾਂ ਤੱਕ ਫੈਲਿਆ ਹੋਇਆ ਹੈ। ਫਿਲਹਾਲ ਮਾਮਲੇ ਦੀ ਬਾਰੀਕੀ ਨਾਲ ਜਾਂਚ ਇੰਸਪੈਕਟਰ ਸੁਮਿਤ ਮੋਰ ਅਤੇ ਏਐੱਸਆਈ ਮਲਕੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮਾਮਲਾ ਬੌਧਿਕ ਸੰਪਤੀ ਅਧਿਕਾਰਾਂ ਦੇ ਨਾਲ-ਨਾਲ ਜਨਤਕ ਸਿਹਤ ਨਾਲ ਜੁੜਿਆ ਹੋਇਆ ਹੈ, ਇਸ ਲਈ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਜਾਂਚ ਤੋਂ ਬਾਅਦ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਪੁਲਿਸ ਮੁਤਾਬਕ ਜਲਦੀ ਹੀ ਇਸ ਮਾਮਲੇ ਵਿਚ ਹੋਰ ਵੀ ਕਈ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ।