ਕਰੀਬ 9 ਮਹੀਨਿਆਂ ਤੋਂ ਜੇਲ੍ਹ ਵਿਚ ਬੰਦ ਸੀਨੀਅਰ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਮਜੀਠੀਆ ਨੂੰ ਜ਼ਮਾਨਤ ਮਿਲਣ ਨਾਲ ਅਕਾਲੀ ਲੀਡਰਸ਼ਿਪ ਖਾਸ ਕਰ ਕੇ ਪਾਰਟੀ ਦਾ ਯੂਥ ਵਿੰਗ, ਯਾਨੀ ਨੌਜਵਾਨ ਵਰਗ ਬਹੁਤ ਉਤਸ਼ਾਹਿਤ ਹੈ।
ਜੈ ਸਿੰਘ ਛਿੱਬਰ ਪੰਜਾਬੀ ਜਾਗਰਣ ਬਿਊਰੋ ਚੰਡੀਗੜ੍ਹ : ਕਰੀਬ 9 ਮਹੀਨਿਆਂ ਤੋਂ ਜੇਲ੍ਹ ਵਿਚ ਬੰਦ ਸੀਨੀਅਰ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਮਜੀਠੀਆ ਨੂੰ ਜ਼ਮਾਨਤ ਮਿਲਣ ਨਾਲ ਅਕਾਲੀ ਲੀਡਰਸ਼ਿਪ ਖਾਸ ਕਰ ਕੇ ਪਾਰਟੀ ਦਾ ਯੂਥ ਵਿੰਗ, ਯਾਨੀ ਨੌਜਵਾਨ ਵਰਗ ਬਹੁਤ ਉਤਸ਼ਾਹਿਤ ਹੈ। ਸਿਆਸੀ ਸੂਝ-ਬੂਝ ਰੱਖਣ ਵਾਲੇ ਲੋਕਾਂ ਦਾ ਮੰਨਣਾ ਹੈ ਕਿ ਬਿਕਰਮ ਸਿੰਘ ਮਜੀਠੀਆ ਦੇ ਜੇਲ੍ਹ ਵਿੱਚੋਂ ਬਾਹਰ ਆਉਣ ਨਾਲ ਅਕਾਲੀ ਸਿਆਸਤ ਭਖ਼ ਜਾਣ ਦੇ ਆਸਾਰ ਬਣ ਗਏ ਹਨ। ਹੁਣ ਤੱਕ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਹੀ ਪਾਰਟੀ ਸਮਾਗਮਾਂ ਨੂੰ ਸੰਭਾਲਦੇ ਆ ਰਹੇ ਹਨ।
ਮਜੀਠੀਆ ਦੇ ਬਾਹਰ ਆਉਣ ਨਾਲ ਨਾ ਸਿਰਫ ਅਕਾਲੀ ਦਲ ਦੀ ਸਿਆਸਤ ਨੂੰ ਮੋੜਾ ਪਵੇਗਾ ਬਲਕਿ ਸੂਬੇ ਦੇ ਸਿਆਸੀ ਸਮੀਕਰਨ ਬਦਲਣ ਦੀਆਂ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਜੇਕਰ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤਾਂ ਹੁਣ ਤੱਕ ਮਨੁੱਖੀ ਅਧਿਕਾਰਾਂ, ਅਮਨ ਕਾਨੂੰਨ ਦੀ ਸਥਿਤੀ ਅਤੇ ਪੰਜਾਬ ਦੇ ਵੱਖ-ਵੱਖ ਮੁੱਦਿਆਂ ’ਤੇ ਬਾਕੀ ਆਗੂਆਂ ਦੇ ਮੁਕਾਬਲੇ ਕਾਂਗਰਸੀ ਆਗੂ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਪ੍ਰਗਟ ਸਿੰਘ ਹੀ ਬੇਬਾਕੀ ਨਾਲ ਸਿੱਧੇ ਤੌਰ ’ਤੇ ਸਰਕਾਰ ਲਈ ਚੁਣੌਤੀ ਬਣੇ ਹੋਏ ਹਨ ਉਹ ਲਗਾਤਾਰ ਸਰਕਾਰ ਨੂੰ ਸਵਾਲ ਕਰਦੇ ਆ ਰਹੇ ਹਨ।
ਇਨ੍ਹਾਂ ਸਥਿਤੀਆਂ ਵਿਚ ਬਿਕਰਮ ਮਜੀਠੀਆ ਦੇ ਬਾਹਰ ਆਉਣ ਨਾਲ ਪੰਜਾਬ ਦੀ ਸਿਆਸਤ ਇਕਦਮ ਮੋੜਾ ਕੱਟ ਲਵੇਗੀ ਕਿਉਂਕਿ ਮਜੀਠੀਆ ਲਗਾਤਾਰ ਜੇਲ੍ਹ ਵਿਚ ਜਾਣ ਤੋਂ ਪਹਿਲਾਂ ਤੱਕ ਪੰਜਾਬ ਸਰਕਾਰ, ਮੁੱਖ ਮੰਤਰੀ ਅਤੇ ਖਾਸ ਕਰ ਕੇ ਆਮ ਆਦਮੀ ਪਾਰਟੀ ਦੇ ਕਨਵੀਨਰ ਨੂੰ ਸਿੱਧੀ ਚੁਣੌਤੀ ਦਿੰਦੇ ਆ ਰਹੇ ਸਨ। ਅਗਲੇ ਵਰ੍ਹੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਅਤੇ ਇਸ ਸਾਲ ਨਗਰ ਕੌਂਸਲ ਦੀਆਂ ਚੋਣਾਂ ਹੋਣੀਆਂ ਹਨ। ਇਸ ਕਰ ਕੇ ਇਹ ਵਰ੍ਹਾ ਸਿਆਸੀ ਸਰਗਰਮੀਆਂ ਵਾਲਾ ਸਾਲ ਰਹੇਗਾ।
ਸਾਰੀਆਂ ਧਿਰਾਂ ਆਪਣੀਆਂ ਸਿਆਸੀ ਸਰਗਰਮੀਆਂ ਨੂੰ ਵਧਾਉਣਗੀਆਂ। ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਬਿਕਰਮ ਸਿੰਘ ਮਜੀਠੀਆ ਪਹਿਲਾਂ ਦੀ ਤਰ੍ਹਾਂ ਸਰਕਾਰ ’ਤੇ ਹਮਲਾਵਰ ਰੁਖ਼ ਰੱਖਣਗੇ ਜਾਂ ਫਿਰ ਉਹ ਬਚ-ਬਚ ਕੇ ਚੱਲਣ ਵਾਲੀ ਨੀਤੀ ਨੂੰ ਅਪਣਾਉਣਗੇ। ਸਿਆਸੀ ਜਾਣਕਾਰਾਂ ਦਾ ਕਹਿਣਾ ਹੈ ਕਿ ਬਿਕਰਮ ਮਜੀਠੀਆ ਅੱਗੇ ਨਾਲੋਂ ਵੀ ਵੱਧ ਕੇ ਸਰਕਾਰ ਨੂੰ ਘੇਰੇਗਾ ਕਿਉਂਕਿ ਅਗਲੇ ਵਰ੍ਹੇ ਪੰਜਾਬ ਦੀਆਂ ਚੋਣਾਂ ਹਨ।
ਪਾਰਟੀ ਲੀਡਰਸ਼ਿਪ, ਨੌਜਵਾਨਾਂ ਨੂੰ ਲਾਮਬੰਦ ਕਰਨ ਲਈ ਆਗੂ ਦਾ ਹਮਲਾਵਰ ਹੋਣਾ ਵਰਕਰਾਂ, ਲੋਕਾਂ ਵਿਚ ਖਾਸ ਊਰਜਾ ਪੈਦਾ ਕਰਦਾ ਹੈ। ਦੂਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਾਰਟੀ ਆਗੂਆਂ ਅਤੇ ਵਰਕਰਾਂ ਦੀ ਸੁਖਬੀਰ ਸਿੰਘ ਬਾਦਲ ਦੇ ਮੁਕਾਬਲੇ ਬਿਕਰਮ ਸਿੰਘ ਮਜੀਠੀਆ ਤੱਕ ਪਹੁੰਚ ਸੌਖੀ ਹੋ ਜਾਂਦੀ ਹੈ। ਹੁਣ ਆਉਣ ਵਾਲਾ ਸਮਾਂ ਦੱਸੇਗਾ ਕੀ ਮਜੀਠੀਆ ਅਕਾਲੀ ਸਿਆਸਤ ਸਿਆਸਤ ਦਾ ਰੁਖ ਬਦਲਣ ਵਿਚ ਕਾਮਯਾਬ ਹੋਣਗੇ ਜਾਂ ਨਹੀਂ।