- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਜੀਠੀਆ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ 2018 ਵਿੱਚ ਨਸ਼ਿਆਂ ਸਬੰਧੀ ਦੋਸ਼ ਲਾਉਣ ਤੋਂ ਬਾਅਦ ਮੁਆਫ਼ੀ ਮੰਗੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਨੂੰ ਦੋਸ਼ ਸਾਬਤ ਕਰਨ ਲਈ 18 ਮਾਰਚ 2025 ਤੱਕ ਦਾ ਸਮਾਂ ਮਿਲਣ ਦੇ ਬਾਵਜੂਦ ਠੋਸ ਸਬੂਤ ਪੇਸ਼ ਨਹੀਂ ਕੀਤੇ ਗਏ। ਉਨ੍ਹਾਂ ਦੇ ਵਕੀਲ ਡੀਐੱਸ ਸੋਬਤੀ ਨੇ ਕਿਹਾ ਕਿ ਮਜੀਠੀਆ ਦਾ ਡਰੱਗ ਮਾਮਲੇ ਨਾਲ ਸਿੱਧਾ ਜਾਂ ਅਸਿੱਧਾ ਸਬੰਧ ਸਾਬਤ ਨਹੀਂ ਹੋਇਆ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਉਨ੍ਹਾਂ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਨੂੰ ‘ਡਰੱਗ ਕੇਸ’ ਵਜੋਂ ਪੇਸ਼ ਕਰਕੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਇਸ ਰਾਹੀਂ ਸਰਕਾਰ ਪੰਜਾਬ ਦੇ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਮਜੀਠੀਆ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ 2018 ਵਿੱਚ ਨਸ਼ਿਆਂ ਸਬੰਧੀ ਦੋਸ਼ ਲਾਉਣ ਤੋਂ ਬਾਅਦ ਮੁਆਫ਼ੀ ਮੰਗੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਨੂੰ ਦੋਸ਼ ਸਾਬਤ ਕਰਨ ਲਈ 18 ਮਾਰਚ 2025 ਤੱਕ ਦਾ ਸਮਾਂ ਮਿਲਣ ਦੇ ਬਾਵਜੂਦ ਠੋਸ ਸਬੂਤ ਪੇਸ਼ ਨਹੀਂ ਕੀਤੇ ਗਏ। ਉਨ੍ਹਾਂ ਦੇ ਵਕੀਲ ਡੀਐੱਸ ਸੋਬਤੀ ਨੇ ਕਿਹਾ ਕਿ ਮਜੀਠੀਆ ਦਾ ਡਰੱਗ ਮਾਮਲੇ ਨਾਲ ਸਿੱਧਾ ਜਾਂ ਅਸਿੱਧਾ ਸਬੰਧ ਸਾਬਤ ਨਹੀਂ ਹੋਇਆ।
ਮਜੀਠੀਆ ਨੇ ਦਾਅਵਾ ਕੀਤਾ ਕਿ ਸਰਕਾਰ 736 ਕਰੋੜ ਰੁਪਏ ਦੀ ਡਰੱਗ ਮਨੀ ਨਾਲ ਉਨ੍ਹਾਂ ਦਾ ਸਬੰਧ ਜਾਂ ਨਸ਼ਾ ਤਸਕਰੀ ਦੇ ਮੁਲਜ਼ਮਾਂ ਨੂੰ ਗੱਡੀਆਂ ਰਾਹੀਂ ਲਿਜਾਣ ਦੇ ਦੋਸ਼ ਸਾਬਤ ਕਰਨ ਲਈ ਠੋਸ ਸਬੂਤ ਨਹੀਂ ਦੇ ਸਕੀ। ਉਨ੍ਹਾਂ ਕਿਹਾ ਕਿ ਚਾਰ ਵਿਸ਼ੇਸ਼ ਜਾਂਚ ਟੀਮਾਂ ਬਣਾਉਣ ਦੇ ਬਾਵਜੂਦ ਦੋਸ਼ ਸਾਬਤ ਨਹੀਂ ਹੋਏ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਆਪਣੇ ਦਾਅਵਿਆਂ ਦੇ ਸਬੂਤ ਅਦਾਲਤ ਵਿੱਚ ਪੇਸ਼ ਕਰੇ।
ਸੋਬਤੀ ਨੇ ਕਿਹਾ ਕਿ ਡਰੱਗ ਕੇਸ ਅਤੇ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਵੱਖ-ਵੱਖ ਹਨ ਅਤੇ ਇਨ੍ਹਾਂ ਨੂੰ ਇੱਕੋ ਰੂਪ ਵਿੱਚ ਪੇਸ਼ ਕਰਨਾ ਕਾਨੂੰਨੀ ਤੌਰ ’ਤੇ ਠੀਕ ਨਹੀਂ। ਉਨ੍ਹਾਂ ਵਿੱਤੀ ਲੈਣ-ਦੇਣ ਸਬੰਧੀ ਦਾਅਵਿਆਂ ਨੂੰ ਅਦਾਲਤੀ ਰਿਕਾਰਡ ਦੇ ਆਧਾਰ ’ਤੇ ਪਰਖਣ ਦੀ ਗੱਲ ਕਹੀ ਅਤੇ ਐਨਡੀਪੀਐੱਸ ਐਕਟ ਦੀ ਧਾਰਾ 37 ਸਮੇਤ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਹੁਕਮਾਂ ਦਾ ਹਵਾਲਾ ਦਿੱਤਾ।
ਮਜੀਠੀਆ ਨੇ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ’ਤੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਉਸ ਨੂੰ ਨਸ਼ਿਆਂ ਦੇ ਖ਼ਾਤਮੇ ਲਈ ਚੁੱਕੇ ਕਦਮਾਂ ਬਾਰੇ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਦਲਜੀਤ ਸਿੰਘ ਦੀ ਮੌਤ ਤੋਂ ਬਾਅਦ ਮ੍ਰਿਤਕ ਦੇਹ ਲਿਜਾਣ ਅਤੇ ਸਸਕਾਰ ਸਬੰਧੀ ਵੀਡੀਓ ਦਿਖਾ ਕੇ ਪੁਲਿਸ ਕਾਰਵਾਈ ’ਤੇ ਸਵਾਲ ਚੁੱਕੇ। ਉਨ੍ਹਾਂ ਸਿੱਖ ਨੌਜਵਾਨਾਂ ਨਾਲ ਧੱਕੇਸ਼ਾਹੀ ਅਤੇ ਮ੍ਰਿਤਕ ਦੇਹ ਦੀ ਬੇਅਦਬੀ ਦੇ ਦੋਸ਼ ਵੀ ਲਾਏ। ਮਜੀਠੀਆ ਨੇ ਕਿਹਾ ਕਿ ਉਹ ਜਾਂਚ ਅਤੇ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਹਨ ਅਤੇ ‘ਆਪ’ ਨੂੰ ਆਪਣੇ ਦਾਅਵੇ ਅਦਾਲਤ ਵਿੱਚ ਸਬੂਤਾਂ ਨਾਲ ਸਾਬਤ ਕਰਨੇ ਚਾਹੀਦੇ ਹਨ।