- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਟਿਆਰ ਅਨੁਸਾਰ, ਕੁਝ ਸਮੇਂ ਬਾਅਦ ਮੁਲਜ਼ਮ ਢਕੋਲੀ ਦਾ ਕਿਰਾਏ ਦਾ ਮਕਾਨ ਛੱਡ ਕੇ ਬਿਹਾਰ ਚਲਾ ਗਿਆ। ਉਸ ਨੇ ਮਕਾਨ ਮਾਲਕ ਨੂੰ ਵੀ ਕਮਰਾ ਖਾਲੀ ਕਰਵਾਉਣ ਲਈ ਕਿਹਾ। ਜਦੋਂ ਮੁਟਿਆਰ ਨੇ ਫੋਨ 'ਤੇ ਸੰਪਰਕ ਕੀਤਾ ਤਾਂ ਮੁਲਜ਼ਮ ਨੇ ਉਸ ਨੂੰ ਨਾਲ ਰੱਖਣ ਤੋਂ ਸਾਫ਼ ਇਨਕਾਰ ਕਰ ਦਿੱਤਾ।

ਸੰਵਾਦ ਸਹਿਯੋਗੀ, ਜ਼ੀਰਕਪੁਰ (ਮੁਹਾਲੀ): ਪੰਜਾਬ 'ਚ ਲਵ ਜੇਹਾਦ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ੀਰਕਪੁਰ ਦੇ ਢਕੋਲੀ 'ਚ ਰਹਿ ਰਹੀ ਬਿਹਾਰ ਨਿਵਾਸੀ ਹਿੰਦੂ ਮੁਟਿਆਰ ਨੇ ਮੁਹਾਲੀ ਦੇ ਐੱਸਐੱਸਪੀ ਨੂੰ ਸ਼ਿਕਾਇਤ ਦਿੱਤੀ ਹੈ। ਮੁਟਿਆਰ ਨੇ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ, ਨਿਕਾਹ ਕਰਵਾ ਕੇ ਜਬਰਨ ਧਰਮ ਪਰਿਵਰਤਨ ਕਰਵਾਉਣ ਅਤੇ ਤੰਗ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਇਸ ਮਾਮਲੇ 'ਚ ਜ਼ੀਰਕਪੁਰ ਮਹਿਲਾ ਥਾਣਾ ਪੁਲਿਸ 'ਤੇ ਵੀ ਸਵਾਲ ਉੱਠੇ ਹਨ।
ਪੀੜਤ ਦਾ ਕਹਿਣਾ ਹੈ ਕਿ ਉਹ ਮੂਲ ਰੂਪ 'ਚ ਬਿਹਾਰ ਦੇ ਰਾਜਪੂਤ ਪਰਿਵਾਰ ਤੋਂ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਢਕੋਲੀ ਖੇਤਰ 'ਚ ਰਹਿ ਕੇ ਮਜ਼ਦੂਰੀ ਕਰਦੀ ਸੀ। ਇਸੇ ਦੌਰਾਨ ਉਸ ਦੀ ਮੁਲਾਕਾਤ ਬਿਹਾਰ ਦੇ ਅਰਰੀਆ ਜ਼ਿਲ੍ਹੇ ਦੇ ਰਹਿਣ ਵਾਲੇ ਮੀਰ ਅਰਫਾਕ ਅਲੀ ਨਾਲ ਹੋਈ, ਜੋ ਜ਼ੀਰਕਪੁਰ 'ਚ ਹੀ ਉਸਾਰੀ ਕਾਰਜਾਂ (ਕੰਸਟ੍ਰਕਸ਼ਨ) 'ਚ ਠੇਕੇਦਾਰੀ ਕਰਦਾ ਸੀ।
ਮੁਟਿਆਰ ਅਨੁਸਾਰ, ਪਹਿਲਾਂ ਮੁਲਜ਼ਮ ਨੇ ਵਿਆਹ ਦਾ ਭਰੋਸਾ ਦਿਵਾ ਕੇ ਉਸ ਨਾਲ ਨੇੜਤਾ ਵਧਾਈ ਅਤੇ ਫਿਰ ਲਗਪਗ 5 ਸਾਲਾਂ ਤਕ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਬੰਧ ਬਣਾਏ। ਜਦੋਂ ਵੀ ਉਹ ਵਿਆਹ ਦੀ ਗੱਲ ਕਰਦੀ, ਮੁਲਜ਼ਮ ਕੋਈ ਨਾ ਕੋਈ ਬਹਾਨਾ ਬਣਾ ਕੇ ਗੱਲ ਟਾਲ ਦਿੰਦਾ ਸੀ।
ਪੀੜਤਾ ਦਾ ਦੋਸ਼ ਹੈ ਕਿ ਜਦੋਂ ਉਸ ਨੂੰ ਲੱਗਿਆ ਕਿ ਮੁਲਜ਼ਮ ਸਿਰਫ਼ ਬਹਾਨੇ ਬਣਾ ਰਿਹਾ ਹੈ ਤਾਂ ਉਸ ਨੇ ਮਾਰਚ 2026 'ਚ ਮਹਿਲਾ ਥਾਣੇ 'ਚ ਸ਼ਿਕਾਇਤ ਦਿੱਤੀ। ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਦੋਵਾਂ ਧਿਰਾਂ ਨੂੰ ਬੁਲਾਇਆ। ਪੀੜਤਾ ਦਾ ਦਾਅਵਾ ਹੈ ਕਿ ਉਹ ਮੁਲਜ਼ਮ ਖ਼ਿਲਾਫ਼ ਕਾਨੂੰਨੀ ਕਾਰਵਾਈ ਚਾਹੁੰਦੀ ਸੀ, ਪਰ ਪੁਲਿਸ ਨੇ ਐੱਫਆਈਆਰ ਦਰਜ ਕਰਨ ਦੀ ਬਜਾਏ ਸਮਝੌਤੇ ਦਾ ਦਬਾਅ ਬਣਾਇਆ। ਬਾਅਦ 'ਚ ਦੋਵਾਂ ਦਾ ਨਿਕਾਹ ਕਰਵਾ ਦਿੱਤਾ ਗਿਆ। ਮੁਟਿਆਰ ਦਾ ਦੋਸ਼ ਹੈ ਕਿ ਉਸ ਨੂੰ ਕਿਹਾ ਗਿਆ ਕਿ ਜੇਕਰ ਮਾਮਲਾ ਅੱਗੇ ਵਧਾਇਆ ਤਾਂ ਉਸ ਦੇ ਖ਼ਿਲਾਫ਼ ਵੀ ਕਾਰਵਾਈ ਹੋ ਸਕਦੀ ਹੈ।
ਪੀੜਤਾ ਅਨੁਸਾਰ, ਵਿਆਹ ਦੇ ਅਗਲੇ ਹੀ ਦਿਨ ਦੋਸ਼ੀ ਨੇ ਕਥਿਤ ਤੌਰ 'ਤੇ ਕਿਹਾ ਕਿ ਉਸ ਨੇ ਸਿਰਫ਼ ਪੁਲਿਸ ਕੇਸ ਤੋਂ ਬਚਣ ਲਈ ਵਿਆਹ ਕੀਤਾ ਹੈ। ਇਸ ਤੋਂ ਬਾਅਦ ਉਸ ਦਾ ਵਤੀਰਾ ਪੂਰੀ ਤਰ੍ਹਾਂ ਬਦਲ ਗਿਆ। ਮੁਟਿਆਰ ਦਾ ਕਹਿਣਾ ਹੈ ਕਿ ਉਸ ਨੂੰ ਲਗਾਤਾਰ ਧਮਕਾਇਆ ਗਿਆ ਕਿ ਉਸ ਦੀ ਪੂਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਜਾਵੇਗੀ ਅਤੇ ਉਹ ਕਿਤੇ ਵੀ ਸ਼ਿਕਾਇਤ ਨਹੀਂ ਕਰ ਸਕੇਗੀ।
ਮੁਟਿਆਰ ਨੇ ਦੋਸ਼ ਲਗਾਇਆ ਕਿ ਵਿਆਹ ਦੌਰਾਨ ਉਸ ਤੋਂ ਕਈ ਦਸਤਾਵੇਜ਼ਾਂ 'ਤੇ ਦਸਤਖਤ ਕਰਵਾਏ ਗਏ। ਉਸ ਨੂੰ ਦੱਸਿਆ ਗਿਆ ਕਿ ਇਹ ਨਿਕਾਹ ਦੀ ਆਮ ਪ੍ਰਕਿਰਿਆ ਹੈ, ਪਰ ਬਾਅਦ 'ਚ ਦੋਸ਼ੀ ਨੇ ਕਿਹਾ ਕਿ ਉਨ੍ਹਾਂ ਹੀ ਦਸਤਾਵੇਜ਼ਾਂ ਜ਼ਰੀਏ ਉਸ ਦਾ ਧਰਮ ਪਰਿਵਰਤਨ ਕਰਵਾ ਦਿੱਤਾ ਗਿਆ ਹੈ।
ਪੀੜਤਾ ਦਾ ਕਹਿਣਾ ਹੈ ਕਿ ਉਹ ਬਹੁਤੀ ਪੜ੍ਹੀ-ਲਿਖੀ ਨਹੀਂ ਹੈ ਤੇ ਦਸਤਾਵੇਜ਼ਾਂ ਦੀ ਜਾਣਕਾਰੀ ਨਾ ਹੋਣ ਕਾਰਨ ਉਸ ਨੇ ਬਿਨਾਂ ਪੜ੍ਹੇ ਦਸਤਖ਼ਤ ਕਰ ਦਿੱਤੇ। ਵਿਆਹ ਤੋਂ ਬਾਅਦ ਵੀ ਮੁਲਜ਼ਮ ਵਾਰ-ਵਾਰ ਨਵੇਂ ਕਾਗਜ਼ਾਤ ਲਿਆ ਕੇ ਦਸਤਖਤ ਕਰਨ ਦਾ ਦਬਾਅ ਬਣਾਉਂਦਾ ਰਿਹਾ।
ਪੀੜਤਾ ਨੇ ਸ਼ਿਕਾਇਤ 'ਚ ਦੋਸ਼ ਲਗਾਇਆ ਹੈ ਕਿ ਮੁਲਜ਼ਮ ਨਸ਼ੇ ਦਾ ਆਦੀ ਸੀ ਅਤੇ ਗਾਂਜਾ ਸਮੇਤ ਹੋਰ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦਾ ਸੀ। ਨਸ਼ੇ ਦੀ ਹਾਲਤ 'ਚ ਉਹ ਆਏ ਦਿਨ ਉਸ ਨਾਲ ਮਾਰਕੁੱਟ ਕਰਦਾ ਸੀ।
ਮੁਟਿਆਰ ਦਾ ਦਾਅਵਾ ਹੈ ਕਿ ਕਈ ਵਾਰ ਉਸ ਨੂੰ ਨਿਰਵਸਤਰ ਕਰ ਕੇ ਕੁੱਟਿਆ ਗਿਆ ਅਤੇ ਸਿਗਰਟ ਨਾਲ ਸਰੀਰ ਤੇ ਨਿੱਜੀ ਅੰਗਾਂ ਨੂੰ ਦਾਗਿਆ ਗਿਆ, ਜਿਨ੍ਹਾਂ ਦੇ ਨਿਸ਼ਾਨ ਅੱਜ ਵੀ ਉਸ ਦੇ ਸਰੀਰ 'ਤੇ ਮੌਜੂਦ ਹਨ। ਉਸ ਨੇ ਦੋਸ਼ ਲਗਾਇਆ ਕਿ ਮੁਲਜ਼ਮ ਦੋਸਤਾਂ ਸਾਹਮਣੇ ਵੀ ਉਸ ਦਾ ਅਪਮਾਨ ਕਰਦਾ ਸੀ ਅਤੇ ਉਨ੍ਹਾਂ ਦੇ ਜਾਣ ਤੋਂ ਬਾਅਦ ਉਸ ਨਾਲ ਮਾਰਕੁੱਟ ਕਰਦਾ ਸੀ।
ਸ਼ਿਕਾਇਤ 'ਚ ਮੁਲਜ਼ਮ ਦੇ ਚਾਚਾ ਸਮੇਤ ਹੋਰ ਪਰਿਵਾਰਕ ਮੈਂਬਰਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਪੀੜਤਾ ਦਾ ਦੋਸ਼ ਹੈ ਕਿ ਵਿਆਹ ਤੋਂ ਬਾਅਦ ਉਸ 'ਤੇ ਦਾਜ ਲਿਆਉਣ ਦਾ ਦਬਾਅ ਬਣਾਇਆ ਗਿਆ। ਵਿਰੋਧ ਕਰਨ 'ਤੇ ਉਸ ਨੂੰ ਦੂਜੇ ਧਰਮ ਦੀ ਹੋਣ ਦਾ ਤਾਅਨਾ ਦੇ ਕੇ ਘਰੋਂ ਕੱਢਣ ਦੀ ਧਮਕੀ ਦਿੱਤੀ ਗਈ। ਨਾਲ ਹੀ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਸਨ।
ਮੁਟਿਆਰ ਅਨੁਸਾਰ, ਕੁਝ ਸਮੇਂ ਬਾਅਦ ਮੁਲਜ਼ਮ ਢਕੋਲੀ ਦਾ ਕਿਰਾਏ ਦਾ ਮਕਾਨ ਛੱਡ ਕੇ ਬਿਹਾਰ ਚਲਾ ਗਿਆ। ਉਸ ਨੇ ਮਕਾਨ ਮਾਲਕ ਨੂੰ ਵੀ ਕਮਰਾ ਖਾਲੀ ਕਰਵਾਉਣ ਲਈ ਕਿਹਾ। ਜਦੋਂ ਮੁਟਿਆਰ ਨੇ ਫੋਨ 'ਤੇ ਸੰਪਰਕ ਕੀਤਾ ਤਾਂ ਮੁਲਜ਼ਮ ਨੇ ਉਸ ਨੂੰ ਨਾਲ ਰੱਖਣ ਤੋਂ ਸਾਫ਼ ਇਨਕਾਰ ਕਰ ਦਿੱਤਾ।
ਇਸ ਤੋਂ ਬਾਅਦ ਪੀੜਤਾ ਨੇ ਦੁਬਾਰਾ ਐੱਸਐੱਸਪੀ ਦਫ਼ਤਰ ਪਹੁੰਚ ਕੇ ਮੁਲਜ਼ਮ ਤੇ ਉਸ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਦੂਜੇ ਪਾਸੇ, ਜ਼ੀਰਕਪੁਰ ਦੀ ਏਐੱਸਪੀ ਗਜ਼ਲਪ੍ਰੀਤ ਕੌਰ ਨੇ ਕਿਹਾ ਕਿ ਫਿਲਹਾਲ ਉਨ੍ਹਾਂ ਦੇ ਦਫ਼ਤਰ 'ਚ ਇਹ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਸਾਰੇ ਤੱਥਾਂ ਦੀ ਨਿਰਪੱਖ ਜਾਂਚ ਕਰਕੇ ਕਾਨੂੰਨ ਅਨੁਸਾਰ ਯੋਗ ਕਾਰਵਾਈ ਕੀਤੀ ਜਾਵੇਗੀ।