ਲੁਟੇਰੀ PCS ਦੁਲਹਨ ! 'ਆਪ' ਨੇਤਾ ਨੂੰ ਪ੍ਰੇਮਜਾਲ 'ਚ ਫਸਾਇਆ, ਵਿਆਹ ਤੋਂ ਬਾਅਦ ਗਹਿਣੇ ਲੈ ਕੇ ਹੋਈ ਗ਼ਾਇਬ
ਵਿਆਹ ਸਮਾਗਮ 'ਚ ਆਮ ਆਦਮੀ ਪਾਰਟੀ ਦੇ ਕਈ ਵੱਡੇ ਆਗੂ ਪਹੁੰਚੇ ਸਨ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਸਮੇਤ ਕਈ ਸਿਆਸੀ ਸ਼ਖ਼ਸੀਅਤਾਂ ਦੀ ਮੌਜੂਦਗੀ ਰਹੀ। ਸਮਾਗਮ ਦੀਆਂ ਤਸਵੀਰਾਂ ਅਤੇ ਵੀਡੀਓ 'ਚ ਆਗੂ ਵਿਆਹ ਦੀਆਂ ਖੁਸ਼ੀਆਂ 'ਚ ਸ਼ਾਮਲ ਹੁੰਦੇ ਅਤੇ ਭੰਗੜਾ ਪਾਉਂਦੇ ਨਜ਼ਰ ਆਏ।
Publish Date: Tue, 06 Oct 2026 02:56 PM (IST)
Updated Date: Tue, 06 Oct 2026 04:59 PM (IST)
ਰੋਹਿਤ ਕੁਮਾਰ, ਚੰਡੀਗੜ੍ਹ : PCS ਅਧਿਕਾਰੀ ਹੋਣ ਦਾ ਰੁਤਬਾ ਦਿਖਾਇਆ, ਖੁਦ ਨੂੰ ਕੁਆਰੀ ਦੱਸਿਆ ਤੇ ਆਮ ਆਦਮੀ ਪਾਰਟੀ ਦੇ ਆਗੂ ਅਮਰਿੰਦਰ ਸਿੰਘ ਮੰਡੋਫਲ ਨਾਲ ਵਿਆਹ ਕਰਵਾ ਲਿਆ। ਵਿਆਹ ਵੀ ਅਜਿਹਾ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਤੋਂ ਲੈ ਕੇ ਕੈਬਨਿਟ ਮੰਤਰੀ ਤਕ ਮਹਿਮਾਨ ਬਣੇ। ਪਰ ਵਿਆਹ ਦੇ ਕੁਝ ਦਿਨਾਂ ਬਾਅਦ ਹੀ ਦੁਲਹਨ ਗਹਿਣੇ ਤੇ ਕੀਮਤੀ ਸਾਮਾਨ ਲੈ ਕੇ ਘਰੋਂ ਚਲੀ ਗਈ। ਇਸ ਤੋਂ ਬਾਅਦ ਜਦੋਂ ਅਮਰਿੰਦਰ ਸਿੰਘ ਨੇ ਦੁਲਹਨ ਬਾਰੇ ਜਾਣਕਾਰੀ ਹਾਸਲ ਕੀਤੀ ਤਾਂ ਇਕ ਤੋਂ ਬਾਅਦ ਇਕ ਅਜਿਹੇ ਰਾp] ਸਾਹਮਣੇ ਆਏ ਜਿਨ੍ਹਾਂ ਨੂੰ ਸੁਣ ਕੇ ਉਹ ਵੀ ਹੈਰਾਨ ਰਹਿ ਗਏ। ਦੋਸ਼ ਹੈ ਕਿ ਔਰਤਪਹਿਲਾਂ ਤੋਂ ਵਿਆਹੀ ਹੋਈ ਸੀ, ਉਸ ਦਾ ਤਲਾਕ ਹੋ ਚੁੱਕਾ ਸੀ ਤੇ ਉਸ ਦਾ ਕਰੀਬ 18 ਸਾਲ ਦਾ ਪੁੱਤਰ ਵੀ ਹੈ। ਹੁਣ ਇਸ ਪੂਰੇ ਮਾਮਲੇ 'ਚ ਪੁਲਿਸ ਨੇ ਮਹਿਲਾ ਸਮੇਤ ਛੇ ਲੋਕਾਂ ਖ਼ਿਲਾਫ਼ ਧੋਖਾਧੜੀ ਅਤੇ ਜਾਅਲਸਾਜ਼ੀ ਦਾ ਮਾਮਲਾ ਦਰਜ ਕੀਤਾ ਹੈ।
PCS ਅਧਿਕਾਰੀ ਦੱਸ ਕੇ ਕਰਵਾਇਆ ਵਿਆਹ
ਅਮਰਿੰਦਰ ਸਿੰਘ ਮੰਡੋਫਲ ਆਮ ਆਦਮੀ ਪਾਰਟੀ ਦੇ ਸੰਯੁਕਤ ਸਕੱਤਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਸਰਹਿੰਦ ਦੀ ਮੰਡੀ ਕਮੇਟੀ ਦੇ ਚੇਅਰਮੈਨ ਹਨ। ਉਨ੍ਹਾਂ ਮੁਤਾਬਕ ਵਿਆਹ ਤੋਂ ਪਹਿਲਾਂ ਮਹਿਲਾ ਅਤੇ ਉਸ ਦੇ ਪਰਿਵਾਰ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਹ PCS ਅਧਿਕਾਰੀ ਹੈ ਤੇ ਅਣਵਿਆਹੀ ਹੈ। ਉਸ ਦੀ ਉਮਰ ਵੀ ਘੱਟ ਦੱਸੀ ਗਈ। ਇਨ੍ਹਾਂ ਗੱਲਾਂ 'ਤੇ ਭਰੋਸਾ ਕਰਕੇ ਫਰਵਰੀ 2026 'ਚ ਦੋਵਾਂ ਦਾ ਵਿਆਹ ਹੋਇਆ।
ਵਿਆਹ ਸਮਾਗਮ 'ਚ ਆਮ ਆਦਮੀ ਪਾਰਟੀ ਦੇ ਕਈ ਵੱਡੇ ਆਗੂ ਪਹੁੰਚੇ ਸਨ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਸਮੇਤ ਕਈ ਸਿਆਸੀ ਸ਼ਖ਼ਸੀਅਤਾਂ ਦੀ ਮੌਜੂਦਗੀ ਰਹੀ। ਸਮਾਗਮ ਦੀਆਂ ਤਸਵੀਰਾਂ ਅਤੇ ਵੀਡੀਓ 'ਚ ਆਗੂ ਵਿਆਹ ਦੀਆਂ ਖੁਸ਼ੀਆਂ 'ਚ ਸ਼ਾਮਲ ਹੁੰਦੇ ਅਤੇ ਭੰਗੜਾ ਪਾਉਂਦੇ ਨਜ਼ਰ ਆਏ।
ਦੁਲਹਨ ਦੇ ਘਰੋਂ ਜਾਂਦੇ ਹੀ ਖੁੱਲ੍ਹਣ ਲੱਗੇ ਰਾਜ਼
ਅਮਰਿੰਦਰ ਸਿੰਘ ਮੁਤਾਬਕ ਵਿਆਹ ਦੇ ਕੁਝ ਦਿਨਾਂ ਬਾਅਦ ਮਹਿਲਾ ਘਰੋਂ ਸੋਨੇ-ਚਾਂਦੀ ਦੇ ਗਹਿਣੇ ਅਤੇ ਹੋਰ ਸਾਮਾਨ ਲੈ ਕੇ ਚਲੀ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਔਰਤ ਬਾਰੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕੀਤੀ। ਇੱਥੋਂ ਹੀ ਵਿਆਹ ਦੀ ਕਹਾਣੀ 'ਚ ਨਵਾਂ ਮੋੜ ਆ ਗਿਆ। ਉਨ੍ਹਾਂ ਦਾ ਦਾਅਵਾ ਹੈ ਕਿ ਔਰਤ ਪਹਿਲਾਂ ਤੋਂ ਵਿਆਹੀ ਹੋਈ ਸੀ ਅਤੇ ਉਸ ਦਾ ਤਲਾਕ ਹੋ ਚੁੱਕਾ ਸੀ। ਇੰਨਾ ਹੀ ਨਹੀਂ, ਉਸ ਦਾ ਕਰੀਬ 18 ਸਾਲ ਦਾ ਪੁੱਤਰ ਵੀ ਹੈ। ਦੋਸ਼ ਹੈ ਕਿ ਵਿਆਹ ਤੋਂ ਪਹਿਲਾਂ ਇਹ ਜਾਣਕਾਰੀ ਜਾਣਬੁੱਝ ਕੇ ਲੁਕਾਈ ਗਈ।
ਉਮਰ ਘੱਟ ਦਿਖਾਉਣ ਲਈ ਦਸਤਾਵੇਜ਼ਾਂ ਨਾਲ ਛੇੜਛਾੜ ਦਾ ਦੋਸ਼
ਅਮਰਿੰਦਰ ਸਿੰਘ ਨੇ ਦੋਸ਼ ਲਾਇਆ ਕਿ ਔਰਤ ਦੀ ਉਮਰ ਘੱਟ ਦਿਖਾਉਣ ਲਈ ਦਸਤਾਵੇਜ਼ਾਂ 'ਚ ਵੀ ਛੇੜਛਾੜ ਕੀਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਗਲਤ ਜਾਣਕਾਰੀ ਅਤੇ ਕਥਿਤ ਤੌਰ 'ਤੇ ਬਦਲੇ ਗਏ ਦਸਤਾਵੇਜ਼ਾਂ ਦੇ ਆਧਾਰ 'ਤੇ ਉਨ੍ਹਾਂ ਨੂੰ ਵਿਆਹ ਲਈ ਤਿਆਰ ਕੀਤਾ ਗਿਆ।
ਛੇ ਲੋਕਾਂ ਖ਼ਿਲਾਫ਼ ਮਾਮਲਾ, ਸਾਰੇ ਇਕੋ ਪਿੰਡ ਦੇ
ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਮਨਵਿੰਦਰ ਕੌਰ ਤੋਂ ਇਲਾਵਾ ਉਸ ਦੇ ਭਰਾ ਤਰਲੋਚਨ ਸਿੰਘ, ਮਾਂ ਵਰਿੰਦਰਜੀਤ ਕੌਰ, ਤਾਏ ਦੇ ਪੁੱਤਰ ਨਰਿੰਦਰ ਸਿੰਘ ਗੋਲਡੀ, ਭਾਬੀ ਰੁਪਿੰਦਰ ਕੌਰ ਅਤੇ ਪਿੰਡ ਦੇ ਸਾਬਕਾ ਸਰਪੰਚ ਸੁਰਿੰਦਰ ਸਿੰਘ ਰਾਣਾ ਨੂੰ ਨਾਮਜ਼ਦ ਕੀਤਾ ਹੈ। ਪੁਲਿਸ ਮੁਤਾਬਕ ਸਾਰੇ ਮੁਲਜ਼ਮ ਤਰਨਤਾਰਨ ਜ਼ਿਲ੍ਹੇ ਦੇ ਭਿੱਖੀਵਿੰਡ ਥਾਣਾ ਖੇਤਰ ਦੇ ਪਿੰਡ ਸੁਰਸਿੰਘ ਦੇ ਰਹਿਣ ਵਾਲੇ ਹਨ। ਪੁਲਿਸ ਨੇ ਧੋਖਾਧੜੀ ਅਤੇ ਜਾਅਲਸਾਜ਼ੀ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨਾਮਜ਼ਦ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਫਰਵਰੀ 'ਚ ਜਿਸ ਵਿਆਹ ਨੂੰ ਵੱਡੇ ਆਗੂਆਂ ਦੀ ਮੌਜੂਦਗੀ ਨੇ ਖ਼ਾਸ ਬਣਾਇਆ ਸੀ, ਉਹੀ ਵਿਆਹ ਹੁਣ ਕਥਿਤ ‘ਲੁਟੇਰੀ PCS ਦੁਲਹਨ’ ਦੇ ਦੋਸ਼ਾਂ ਕਾਰਨ ਚਰਚਾ 'ਚ ਹੈ। ਮਹਿਲਾ ਅਤੇ ਹੋਰ ਮੁਲਜ਼ਮਾਂ ਦਾ ਪੱਖ ਸਾਹਮਣੇ ਆਉਣ ਤੋਂ ਬਾਅਦ ਹੀ ਮਾਮਲੇ ਦੀ ਪੂਰੀ ਤਸਵੀਰ ਸਾਫ਼ ਹੋਵੇਗੀ।