ਪੰਜਾਬ ’ਚ ਸ਼ਰਾਬ ਹੋਵੇਗੀ ਮਹਿੰਗੀ, ਸਿੰਗਲ ਮਾਲਟ ਵ੍ਹਿਸਕੀ ਬਣਾਉਣ ਦੀ ਇਜਾਜ਼ਤ ਵੀ ਦੇਵੇਗੀ ਸਰਕਾਰ, ਬੀਅਰ ਦੀ ਦੁਕਾਨ ਦੀ ਫੀਸ ’ਚ ਵਾਧਾ
ਸਿੰਗਲ ਮਾਲਟ ਇਕ ਪ੍ਰੀਮੀਅਮ ਸ਼ਰਾਬ ਹੈ। ਸਰਕਾਰ ਨੇ ਬੀਅਰ ਦੀਆਂ ਦੁਕਾਨਾਂ ਲਈ ਲਾਇਸੈਂਸ ਫੀਸ ਵਧਾ ਦਿੱਤੀ ਹੈ। ਪਿਛਲੇ ਸਾਲ ਇਸ ਨੂੰ ਦੋ ਲੱਖ ਰੁਪਏ ਪ੍ਰਤੀ ਦੁਕਾਨ ਤੋਂ ਘਟਾ ਕੇ 25 ਹਜ਼ਾਰ ਰੁਪਏ ਪ੍ਰਤੀ ਦੁਕਾਨ ਕਰ ਦਿੱਤਾ ਗਿਆ ਸੀ। ਹੁਣ ਇਸ ਨੂੰ 30 ਹਜ਼ਾਰ ਰੁਪਏ ਪ੍ਰਤੀ ਦੁਕਾਨ ਕਰ ਦਿੱਤਾ ਗਿਆ ਹੈ।
Publish Date: Tue, 24 Feb 2026 08:59 AM (IST)
Updated Date: Tue, 24 Feb 2026 09:02 AM (IST)
ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਸੋਮਵਾਰ ਨੂੰ ਹੋਈ ਪੰਜਾਬ ਕੈਬਨਿਟ ਦੀ ਬੈਠਕ ’ਚ 2026-27 ਲਈ ਐਕਸਾਈਜ਼ ਪਾਲਿਸੀ ਨੂੰ ਮਨਜ਼ੂਰੀ ਦੇ ਦਿੱਤੀ ਗਈ। ਨਵੀਂ ਨੀਤੀ ਦੇ ਮੁਤਾਬਕ, ਭਾਰਤ ’ਚ ਬਣੀ ਵਿਦੇਸ਼ੀ ਸ਼ਰਾਬ (ਆਈਐੱਸਐੱਫਐੱਲ) ਤੇ ਇੰਪੋਰਟਿਡ ਵਿਦੇਸ਼ੀ ਸ਼ਰਾਬ (ਆਈਐੱਫਐੱਲ) ਪ੍ਰਤੀ ਬੋਤਲ 20 ਤੋਂ 30 ਰੁਪਏ ਮਹਿੰਗੀ ਹੋ ਜਾਏਗੀ। ਦੇਸੀ ਸ਼ਰਾਬ ਦੀ ਕੀਮਤ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ, ਪਰ ਕੋਟਾ ਵਧਾ ਕੇ 8.79 ਕਰੋੜ ਪਰੂਫ ਲੀਟਰ ਕਰ ਦਿੱਤਾ ਗਿਆ ਹੈ। ਪਿਛਲੇ ਸਾਲ ਇਹ 8.53 ਕਰੋੜ ਪਰੂਫ ਲੀਟਰ ਸੀ। ਬੀਅਰ ਦੀ ਦੁਕਾਨ ਦੀ ਫੀਸ ’ਚ ਵੀ 5000 ਰੁਪਏ ਦਾ ਵਾਧਾ ਕੀਤਾ ਗਿਆ ਹੈ।
ਐਕਸਾਈਜ਼ ਤੇ ਟੈਕਸੇਸ਼ਨ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਚਾਲੂ ਵਿੱਤੀ ਸਾਲ ’ਚ ਸਰਕਾਰ ਨੇ 11,020 ਕਰੋੜ ਰੁਪਏ ਦਾ ਟੀਚਾ ਤੈਅ ਕੀਤਾ ਸੀ, ਜਿਹੜਾ ਪੂਰਾ ਹੋ ਗਿਆ ਹੈ। ਅਗਲੇ ਵਿੱਤੀ ਸਾਲ ’ਚ ਇਹ ਟੀਚਾ 12,800 ਕਰੋੜ ਰੁਪਏ ਰੱਖਿਆ ਗਿਆ ਹੈ। ਇਸ ਤਰ੍ਹਾਂ ਮਾਲੀਏ ’ਚ 1780 ਕਰੋੜ ਰੁਪਏ ਦਾ ਵਾਧੇ ਦਾ ਟੀਚਾ ਹੈ।ਇਸ ਨਾਲ ਮਾਰਚ ਮਹੀਨੇ ’ਚ ਸਰਕਾਰੀ ਖਜ਼ਾਨੇ ’ਚ ਜ਼ਿਆਦਾ ਪੈਸੇ ਆਉਣਗੇ। ਅਨੁਮਾਨ ਹੈ ਕਿ ਇਸ ਵਾਰ ਐਕਸਾਈਜ਼ ਤੋਂ 11,600 ਕਰੋੜ ਰੁਪਏ ਦਾ ਮਾਲੀਆ ਮਿਲ ਸਕਦਾ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਨਵੀਂ ਪਾਲਿਸੀ ਦੇ ਤਹਿਤ ਸਰਕਾਰ ਮੈਨੂਫੈਕਚਰਿੰਗ ਯੂਨਿਟਾਂ ਨੂੰ ਅਗਲੇ ਵਿੱਤੀ ਸਾਲ ’ਚ ਸਿੰਗਲ ਮਾਲਟ (ਇਕ ਹੀ ਅਨਾਜ ਜੌਂ ਤੋਂ ਬਣੀ ਸ਼ਰਾਬ) ਵ੍ਹਿਸਕੀ ਬਣਾਉਣ ਦੀ ਵੀ ਇਜਾਜ਼ਤ ਦੇਵੇਗੀ।
ਸਿੰਗਲ ਮਾਲਟ ਇਕ ਪ੍ਰੀਮੀਅਮ ਸ਼ਰਾਬ ਹੈ। ਸਰਕਾਰ ਨੇ ਬੀਅਰ ਦੀਆਂ ਦੁਕਾਨਾਂ ਲਈ ਲਾਇਸੈਂਸ ਫੀਸ ਵਧਾ ਦਿੱਤੀ ਹੈ। ਪਿਛਲੇ ਸਾਲ ਇਸ ਨੂੰ ਦੋ ਲੱਖ ਰੁਪਏ ਪ੍ਰਤੀ ਦੁਕਾਨ ਤੋਂ ਘਟਾ ਕੇ 25 ਹਜ਼ਾਰ ਰੁਪਏ ਪ੍ਰਤੀ ਦੁਕਾਨ ਕਰ ਦਿੱਤਾ ਗਿਆ ਸੀ। ਹੁਣ ਇਸ ਨੂੰ 30 ਹਜ਼ਾਰ ਰੁਪਏ ਪ੍ਰਤੀ ਦੁਕਾਨ ਕਰ ਦਿੱਤਾ ਗਿਆ ਹੈ। ਹਾਲਾਂਕਿ ਪਿਛਲੇ ਸਾਲ ਦੇ ਮੁਕਾਬਲੇ ਗਰੁੱਪਾਂ ਦੀ ਗਿਣਤੀ ’ਚ ਕੋਈ ਵਾਧਾ ਨਹੀਂ ਹੋਇਆ। ਇਸ ਵਾਰ ਵੀ ਗਰੁੱਪਾਂ ਦੀ ਗਿਣਤੀ 207 ਹੀ ਰਹੇਗੀ। ਸਰਕਾਰ ਡਿਸਟਿਲਰੀ ਦੀ ਡਿਸਪੈਚ ਤੇ ਆਪ੍ਰੇਟਿੰਗ ਘੰਟੇ ਵਧਾਉਣ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ’ਤੇ ਵੀ ਸਹਿਮਤ ਹੋ ਗਈ ਹੈ। ਇਸ ਨੂੰ ਸ਼ਾਮ 5 ਵਜੇ ਤੱਕ ਕਰ ਦਿੱਤਾ ਗਿਆ ਹੈ। ਕੁਝ ਦੂਜੇ ਸੂਬੇ ਰਾਤ 10 ਵਜੇ ਤੱਕ ਇਸ ਦੀ ਇਜਾਜ਼ਤ ਦਿੰਦੇ ਹਨ।