- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੌਨਸੂਨ ਇਜਲਾਸ ਤੋਂ ਬਾਅਦ ਹੋਣ ਵਾਲੇ ਇਸ ਸੈਸ਼ਨ ’ਚ ਵਿਰੋਧੀ ਧਿਰ ਨੇ ਅਮਨ ਕਾਨੂੰਨ, ਭ੍ਰਿਸ਼ਟਾਚਾਰ, ਨਸ਼ਿਆਂ ਕਾਰਨ ਹੋਈਆਂ ਮੌਤਾਂ ਦੇ ਮੁੱਦੇ ਦੇ ਨਾਲ-ਨਾਲ ਹੁਸ਼ਿਆਰਪੁਰ ’ਚ ਗ਼ੈਰ-ਕਾਨੂੰਨੀ ਮਾਈਨਿੰਗ ਦੀ ਸੀਬੀਆਈ ਜਾਂਚ, ਮੁੱਖ ਮੰਤਰੀ ਦੇ ਓਐੱਸਡੀ ਦੇ ਕਥਿਤ ਭ੍ਰਿਸ਼ਟਾਚਾਰ ਮਾਮਲੇ ’ਚ ਸੀਬੀਆਈ ਵੱਲੋਂ ਕੇਸ ਦਰਜ ਤੇ ਪਰਵਿੰਦਰ ਝੋਟਾ ਦੇ ਕਤਲ ਦੇ ਮਾਮਲੇ ’ਚ ਸਰਕਾਰ ਨੂੰ ਘੇਰਨ ਦੀ ਰਣਨੀਤੀ ਬਣਾਈ ਹੈ।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ : ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ ਵੀਰਵਾਰ ਨੂੰ ਸ਼ੁਰੂ ਹੋਣ ਜਾ ਰਿਹਾ ਹੈ। ਪੰਜਾਬ ਦੇ ਮੌਜੂਦਾ ਹਾਲਾਤ ਤੇ ਅਗਾਮੀ ਚੋਣਾਂ ਦੇ ਮੱਦੇਨਜ਼ਰ ਇਹ ਇਜਲਾਸ ਭਖ਼ਦਾ ਰਹਿਣ ਦੇ ਆਸਾਰ ਹਨ। ਇਕ ਪਾਸੇ ਜਿੱਥੇ ਵਿਰੋਧੀ ਧਿਰ ਦਾ ਰੁਖ਼ ਹਮਲਾਵਰ ਹੋਵੇਗਾ ਉੱਥੇ ਹੀ ਹੁਕਮਰਾਨ ਧਿਰ ਵੀ ਵਿਰੋਧੀਆਂ ਨੂੰ ਜਵਾਬ ਦੇਣ ਦੀ ਪੂਰੀ ਤਿਆਰੀ ’ਚ ਹੈ। ਦੋਵਾਂ ਧਿਰਾਂ ਨੇ ਆਪੋ-ਆਪਣੀ ਰਣਨੀਤੀ ਬਣਾ ਲਈ ਹੈ।
ਮੌਨਸੂਨ ਇਜਲਾਸ ਤੋਂ ਬਾਅਦ ਹੋਣ ਵਾਲੇ ਇਸ ਸੈਸ਼ਨ ’ਚ ਵਿਰੋਧੀ ਧਿਰ ਨੇ ਅਮਨ ਕਾਨੂੰਨ, ਭ੍ਰਿਸ਼ਟਾਚਾਰ, ਨਸ਼ਿਆਂ ਕਾਰਨ ਹੋਈਆਂ ਮੌਤਾਂ ਦੇ ਮੁੱਦੇ ਦੇ ਨਾਲ-ਨਾਲ ਹੁਸ਼ਿਆਰਪੁਰ ’ਚ ਗ਼ੈਰ-ਕਾਨੂੰਨੀ ਮਾਈਨਿੰਗ ਦੀ ਸੀਬੀਆਈ ਜਾਂਚ, ਮੁੱਖ ਮੰਤਰੀ ਦੇ ਓਐੱਸਡੀ ਦੇ ਕਥਿਤ ਭ੍ਰਿਸ਼ਟਾਚਾਰ ਮਾਮਲੇ ’ਚ ਸੀਬੀਆਈ ਵੱਲੋਂ ਕੇਸ ਦਰਜ ਤੇ ਪਰਵਿੰਦਰ ਝੋਟਾ ਦੇ ਕਤਲ ਦੇ ਮਾਮਲੇ ’ਚ ਸਰਕਾਰ ਨੂੰ ਘੇਰਨ ਦੀ ਰਣਨੀਤੀ ਬਣਾਈ ਹੈ। ਵਿਰੋਧ ਧਿਰ ਇਨ੍ਹਾਂ ਮੁੱਦਿਆਂ ਰਾਹੀਂ ਮੁੱਖ ਮੰਤਰੀ ਦਾ ਅਸਤੀਫ਼ਾ ਮੰਗਣ ਲਈ ਦਬਾਅ ਬਣਾਏਗੀ।
ਦੱਸਿਆ ਜਾਂਦਾ ਹੈ ਕਿ ਜਿੱਥੇ ਵਿਰੋਧੀ ਧਿਰ ਪਿਛਲੇ ਪੰਦਰਾਂ ਦਿਨਾਂ ਤੋ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਸਰਕਾਰ ਦੇ ਘਿਰੇ ਹੋਣ ਦਾ ਫ਼ਾਇਦਾ ਉਠਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉੱਥੇ ਹੀ ਆਮ ਆਦਮੀ ਪਾਰਟੀ ਨੇ ਆਪਣੇ ਵਿਧਾਇਕਾਂ ਨੂੰ ਹਰੇਕ ਨੁਕਤੇ ਦਾ ਜਵਾਬ ਦੇਣ ਲਈ ਅੰਕੜਿਆਂ ਨਾਲ ਲੈੱਸ ਕੀਤਾ ਹੈ। ਜਾਣਕਾਰੀ ਮੁਤਾਬਕ ਸਰਕਾਰ ਨੇ ਆਪ ਵਿਧਾਇਕਾਂ ਨੂੰ ਯੁੱਧ ਨਸ਼ਿਆਂ ਵਿਰੁੱਧ, ਗੈਂਗਸਟਰਾਂ ’ਤੇ ਵਾਰ ਤੇ ਸੂਬੇ ’ਚ ਚੱਲ ਰਹੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦਾ ਡਾਟਾ ਪ੍ਰਦਾਨ ਕੀਤਾ ਹੈ ਤਾਂ ਜੋ ਵਿਰੋਧੀਆਂ ਨੂੰ ਜਵਾਬ ਦਿੱਤਾ ਜਾ ਸਕੇ। ਇਹ ਵੀ ਪਤਾ ਲੱਗਿਆ ਹੈ ਕਿ ਉੱਚੀ ਸੁਰ ਰੱਖਣ ਵਾਲੇ ਮੰਤਰੀਆਂ, ਵਿਧਾਇਕਾਂ ਨੂੰ ਸੀਬੀਆਈ ਤੇ ਈਡੀ ਵੱਲੋਂ ਦਾਖ਼ਲ ਕੀਤੇ ਗਏ ਕਥਿਤ ਝੂਠੇ ਮਾਮਲਿਆਂ ਦੇ ਵੇਰਵੇ ਪ੍ਰਦਾਨ ਕੀਤੇ ਗਏ ਹਨ ਤਾਂ ਜੋ ਸਦਨ ’ਚ ਵਿਰੋਧੀਆਂ ਨੂੰ ਚਿੱਤ ਕੀਤਾ ਜਾ ਸਕੇ।
ਵਿਧਾਨ ਸਭਾ ਦੇ ਨਿਯਮਾਂ ਮੁਤਾਬਕ ਵੀਰਵਾਰ ਨੂੰ ਗ਼ੈਰ ਸਰਕਾਰੀ ਕੰਮਕਾਜ ਹੁੰਦਾ ਹੈ। ਰਿਪੋਰਟਾਂ ਮੁਤਾਬਕ ਸੈਸ਼ਨ ਦੇ ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕਰਨ, ਤਿੰਨ ਧਿਆਨ ਦਿਵਾਊ ਮਤੇ ਤੇ ਵੱਖ-ਵੱਖ ਵਿਭਾਗਾਂ ਦੀਆਂ ਸਾਲਾਨਾ ਰਿਪੋਰਟਾਂ ਸਦਨ ’ਚ ਪੇਸ਼ ਹੋ ਸਕਦੀਆਂ ਹਨ।
ਐੱਸਆਈਆਰ ਖ਼ਿਲਾਫ਼ ਪੇਸ਼ ਕੀਤਾ ਜਾ ਸਕਦੈ ਮਤਾ
ਵੀਰਵਾਰ ਨੂੰ ਗ਼ੈਰ ਸਰਕਾਰੀ ਕੰਮਕਾਜ ਹੋਣ ਕਰਕੇ ਸੈਸ਼ਨ ਦੇ ਪਹਿਲੇ ਦਿਨ ਕੁੱਝ ਵਿਧਾਇਕਾਂ ਵੱਲੋਂ ਕੁੱਝ ਮਤੇ ਪੇਸ਼ ਕੀਤੇ ਜਾਣ ਦੀ ਖ਼ਬਰ ਹੈ। ਸੂਤਰਾਂ ਮੁਤਾਬਕ ਇੱਕ ਸੀਨੀਅਰ ਵਿਧਾਇਕ ਸੂਬੇ ’ਚ ਵੋਟਾਂ ਕੱਟੇ ਜਾਣ ਖ਼ਿਲਾਫ਼, ਪੁਰਾਣੀ ਵੋਟਰ ਸੂਚੀ ਮੁਤਾਬਕ ਹੀ ਵਿਧਾਨ ਸਭਾ ਵੋਟਾਂ ਹੋਣ ਬਾਰੇ ਮਤਾ ਲਿਆਉਣ ਦੀ ਤਿਆਰੀ ’ਚ ਹੈ। ਸਦਨ ’ਚ ਮਤਾ ਪਾਸ ਹੋਵੇਗਾ ਜਾਂ ਨਹੀ ਇਹ ਵਿਧਾਨ ਸਭਾ ’ਤੇ ਨਿਰਭਰ ਕਰਦਾ ਹੈ, ਪਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਐੱਸਆਈਆਰ ਤੋਂ ਪਹਿਲਾਂ ਮੌਜੂਦ ਵੋਟਰ ਸੂਚੀਆਂ ਮੁਤਾਬਕ ਕਰਵਾਈਆਂ ਜਾਣ, ਕਿਉਂਕਿ ਐੱਸਆਈਆਰ ਦੇ ਨਾਮ ’ਤੇ ਲੱਖਾਂ ਵੋਟਾਂ ਹਟਾ ਦਿੱਤੀਆਂ ਗਈਆਂ ਹਨ। ਇਹ ਮਤਾ ਇੱਕ ਵਿਰੋਧੀ ਧਿਰ ਦੇ ਵਿਧਾਇਕ ਵੱਲੋਂ ਪੇਸ਼ ਕੀਤੇ ਜਾਣ ਦੀ ਸੰਭਾਵਨਾਂ ਹੈ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਹੁਕਮਰਾਨ ਧਿਰ ਸਮਰਥਨ ਕਰੇਗੀ ਜਾਂ ਨਹੀ ਜਦਕਿ ਵਿਸ਼ਾ ਵਸਤੂ ਅਜਿਹਾ ਹੈ ਕਿ ਜਿਸਨੂੰ ਲੈ ਕੇ ਆਪ ਲੀਡਰਸ਼ਿਪ ਪਹਿਲਾਂ ਹੀ ਵਿਰੋਧ ਕਰ ਰਹੀ ਹੈ।