ਚੰਡੀਗੜ੍ਹ 'ਚ 90 ਸਾਲਾ ਬਜ਼ੁਰਗ ਦੀ ਜ਼ਮੀਨ ਹੜੱਪੀ; SSP ਤਕ ਪੁੱਜਾ ਮਾਮਲਾ, ਪਟਵਾਰੀ ਤੇ ਨੰਬਰਦਾਰ ਸਮੇਤ ਤਿੰਨ ਖਿਲਾਫ਼ FIR ਦਰਜ
SSP ਕੋਲ ਸ਼ਿਕਾਇਤ ਪਹੁੰਚਣ ਤੋਂ ਬਾਅਦ ਸਾਰੰਗਪੁਰ ਥਾਣਾ ਪੁਲਿਸ ਨੇ ਧਨਾਸ ਦੇ ਰਹਿਣ ਵਾਲੇ ਕਾਲਾ ਸਿੰਘ, ਪਟਵਾਰੀ ਮਿਠਨ ਲਾਲ ਅਤੇ ਨੰਬਰਦਾਰ ਫਕੀਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
Publish Date: Fri, 03 Apr 2026 03:18 PM (IST)
Updated Date: Fri, 03 Apr 2026 03:28 PM (IST)
ਜਾਗਰਣ ਸੰਵਾਦਦਾਤਾ, ਚੰਡੀਗੜ੍ਹ: ਸ਼ਹਿਰ 'ਚ 90 ਸਾਲਾ ਇਕ ਬਜ਼ੁਰਗ ਦੀ ਜ਼ਮੀਨ ਹੜੱਪਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਸ਼ਿਕਾਇਤ ਐੱਸਐੱਸਪੀ ਤਕ ਪਹੁੰਚੀ ਹੈ। SSP ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਗਿਆ ਕਿ ਉਨ੍ਹਾਂ ਦੇ ਰਿਸ਼ਤੇਦਾਰ ਨੇ ਜਾਅਲੀ ਹਲਫ਼ਨਾਮਾ ਪੇਸ਼ ਕਰ ਕੇ ਜਾਇਦਾਦ ਆਪਣੇ ਨਾਂ ਕਰਵਾ ਲਈ ਅਤੇ ਬਾਅਦ ਵਿੱਚ ਉਸ ਨੂੰ ਵੇਚ ਦਿੱਤਾ।
SSP ਕੋਲ ਸ਼ਿਕਾਇਤ ਪਹੁੰਚਣ ਤੋਂ ਬਾਅਦ ਸਾਰੰਗਪੁਰ ਥਾਣਾ ਪੁਲਿਸ ਨੇ ਧਨਾਸ ਦੇ ਰਹਿਣ ਵਾਲੇ ਕਾਲਾ ਸਿੰਘ, ਪਟਵਾਰੀ ਮਿਠਨ ਲਾਲ ਅਤੇ ਨੰਬਰਦਾਰ ਫਕੀਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਸ਼ਿਕਾਇਤਕਰਤਾ ਧਨਾਸ ਨਿਵਾਸੀ ਸੁੱਚਾ ਸਿੰਘ ਨੇ ਦੱਸਿਆ ਕਿ ਉਹ ਤੇ ਉਸ ਦਾ ਭਰਾ ਗੁਰਦੇਵ ਸਿੰਘ ਆਪਣੇ ਪਿਤਾ ਦਲੀਪ ਸਿੰਘ ਦੀ ਜਾਇਦਾਦ 'ਚ ਹਿੱਸੇਦਾਰ ਹਨ। ਉਨ੍ਹਾਂ ਦੇ ਪਿਤਾ ਦਾ 1986 'ਚ ਦੇਹਾਂਤ ਹੋ ਗਿਆ ਸੀ ਅਤੇ 20 ਜੂਨ 1999 ਨੂੰ ਗੁਰਦੇਵ ਸਿੰਘ ਦਾ ਵੀ ਦੇਹਾਂਤ ਹੋ ਗਿਆ। ਗੁਰਦੇਵ ਸਿੰਘ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਪੁੱਤਰ ਕਾਲਾ ਸਿੰਘ ਤੇ ਚਾਰ ਧੀਆਂ ਵਾਰਸ ਬਣੇ। ਦੋਸ਼ ਹੈ ਕਿ ਕਾਲਾ ਸਿੰਘ ਨੇ ਤਹਿਸੀਲਦਾਰ-ਮਾਲ ਦਫ਼ਤਰ 'ਚ ਅਰਜ਼ੀ ਦੇ ਕੇ ਇਹ ਦਿਖਾਇਆ ਕਿ ਜਾਇਦਾਦ ਦਾ ਕੋਈ ਹੋਰ ਕਾਨੂੰਨੀ ਵਾਰਸ ਨਹੀਂ ਹੈ।
ਸੁੱਚਾ ਸਿੰਘ ਅਨੁਸਾਰ ਕਾਲਾ ਸਿੰਘ ਨੇ ਗਲਤ ਜਾਣਕਾਰੀ ਦੇ ਕੇ ਅਤੇ ਆਪਣੀਆਂ ਭੈਣਾਂ ਦੇ ਦਸਤਖ਼ਤਾਂ ਤੋਂ ਬਿਨਾਂ ਵਾਲਾ ਹਲਫ਼ਨਾਮਾ ਪੇਸ਼ ਕਰ ਕੇ ਜਾਇਦਾਦ ਦਾ ਇੰਤਕਾਲ ਆਪਣੇ ਨਾਂ ਕਰਵਾ ਲਿਆ। ਸ਼ਿਕਾਇਤ 'ਚ ਇਹ ਵੀ ਕਿਹਾ ਗਿਆ ਹੈ ਕਿ ਬਾਅਦ 'ਚ ਉਕਤ ਜਾਇਦਾਦ ਨੂੰ 'ਗਿਫਟ ਡੀਡ' ਰਾਹੀਂ ਬਹਾਦਰ ਸਿੰਘ ਨਾਮਕ ਵਿਅਕਤੀ ਨੂੰ ਵੇਚ ਦਿੱਤਾ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।