ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦੀ 21 ਮਾਰਚ 2026 ਨੂੰ ਹੋਈ ਖ਼ੁਦਕੁਸ਼ੀ ਤੋਂ ਬਾਅਦ ਹੀ ਭੁੱਲਰ 'ਤੇ ਗੰਭੀਰ ਦੋਸ਼ ਲੱਗ ਰਹੇ ਸਨ। ਮ੍ਰਿਤਕ ਵੱਲੋਂ ਬਣਾਈ ਗਈ ਵੀਡੀਓ ਅਤੇ ਪਰਿਵਾਰ ਦੀ ਸ਼ਿਕਾਇਤ ਦੇ ਅਧਾਰ 'ਤੇ ਉਨ੍ਹਾਂ ਖ਼ਿਲਾਫ਼ ਮਾਨਸਿਕ ਦਬਾਅ, ਤਸੀਹੇ ਅਤੇ ਧਮਕੀਆਂ ਦੇਣ ਦੇ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਗਿਆ ਸੀ।

ਸਟੇਟ ਬਿਊਰੋ, ਚੰਡੀਗੜ੍ਹ : Laljit Singh Bhullar Arrested : ਪੰਜਾਬ ਦੇ ਬਹੁ-ਚਰਚਿਤ ਰੰਧਾਵਾ ਖ਼ੁਦਕੁਸ਼ੀ ਮਾਮਲੇ 'ਚ ਵੱਡਾ ਘਟਨਾਕ੍ਰਮ ਸਾਹਮਣੇ ਆਇਆ ਹੈ। ਪੁਲਿਸ ਨੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੂਚਨਾ ਅਨੁਸਾਰ ਇਹ ਗ੍ਰਿਫ਼ਤਾਰੀ ਮੰਡੀ ਗੋਬਿੰਦਗੜ੍ਹ ਤੋਂ ਹੋਈ ਹੈ। ਇਸ ਗ੍ਰਿਫ਼ਤਾਰੀ ਤੋਂ ਪਹਿਲਾਂ ਭੁੱਲਰ ਨੇ ਇੰਟਰਨੈੱਟ ਮੀਡੀਆ 'ਤੇ ਪੋਸਟ ਸਾਂਝੀ ਕਰ ਕੇ ਸਰੰਡਰ ਕਰਨ ਦੀ ਗੱਲ ਕਹੀ ਹੈ।
ਸਾਬਕਾ ਮੰਤਰੀ ਭੁੱਲਰ ਫਿਲਹਾਲ ਮੰਡੀ ਗੋਬਿੰਦਗੜ੍ਹ ਦੇ ਥਾਣਾ-5 'ਚ ਮੌਜੂਦ ਹਨ। ਉਨ੍ਹਾਂ ਸਰੰਡਰ ਕਰਨ ਤੋਂ ਪਹਿਲਾਂ ਇੰਟਰਨੈੱਟ ਮੀਡੀਆ 'ਤੇ ਪੋਸਟ ਸਾਂਝੀ ਕਰਦਿਆਂ ਲਿਖਿਆ- "ਵਾਹਿਗੁਰੂ ਜੀ। ਮੈਂ ਹਰ ਵਾਰ ਦੀ ਤਰ੍ਹਾਂ ਇਸ ਮੁਸ਼ਕਲ ਸਮੇਂ ਨੂੰ ਵੀ ਹਿੰਮਤ ਅਤੇ ਸਬਰ ਨਾਲ ਸਹਿਣ ਕਰਾਂਗਾ। ਮੇਰੇ ਲਈ ਮੇਰੇ ਲੋਕਾਂ ਦਾ ਸਾਥ ਹੀ ਸਭ ਤੋਂ ਵੱਡੀ ਤਾਕਤ ਰਿਹਾ ਹੈ, ਉਨ੍ਹਾਂ ਦੇ ਵਿਸ਼ਵਾਸ 'ਤੇ ਹੀ ਮੈਂ ਹਮੇਸ਼ਾ ਮਜ਼ਬੂਤੀ ਨਾਲ ਖੜ੍ਹਾ ਰਿਹਾ ਹਾਂ। ਮੇਰੀ ਜ਼ਿੰਦਗੀ ਦਾ ਹਰ ਫੈਸਲਾ ਲੋਕਾਂ ਦੀ ਭਲਾਈ ਅਤੇ ਸੱਚਾਈ ਦੇ ਰਸਤੇ 'ਤੇ ਚੱਲਣ ਲਈ ਹੀ ਰਿਹਾ ਹੈ। ਲੇਕਿਨ ਅੱਜ ਕੁਝ ਝੂਠੇ ਦੋਸ਼ ਲਗਾਏ ਜਾ ਰਹੇ ਹਨ, ਜਿਨ੍ਹਾਂ ਤੋਂ ਮੈਂ ਬਹੁਤ ਆਹਤ ਹਾਂ… ਇਹ ਸੱਚ ਨਹੀਂ ਹੈ। ਮੈਂ ਕਦੇ ਵੀ ਸੱਚ ਅਤੇ ਇਮਾਨਦਾਰੀ ਨਾਲ ਸਮਝੌਤਾ ਨਹੀਂ ਕੀਤਾ। ਮੈਨੂੰ ਦੇਸ਼ ਦੇ ਕਾਨੂੰਨ 'ਤੇ ਪੂਰਾ ਭਰੋਸਾ ਹੈ ਅਤੇ ਨਿਆਂ ਵਿਵਸਥਾ 'ਤੇ ਵੀ ਵਿਸ਼ਵਾਸ ਹੈ। ਮੈਂ ਕੁਝ ਵੀ ਗਲਤ ਨਹੀਂ ਕੀਤਾ, ਮੈਂ ਆਪਣੇ ਪੰਜਾਬ ਦੇ ਲੋਕਾਂ ਦੇ ਨਾਲ ਖੜ੍ਹਾ ਹਾਂ। ਸੱਚਾਈ ਅਤੇ ਇਮਾਨਦਾਰੀ ਨਾਲ ਡਟਿਆ ਰਹਾਂਗਾ ਅਤੇ ਪੂਰੇ ਵਿਸ਼ਵਾਸ ਨਾਲ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ।"

ਜਾਣਕਾਰੀ ਅਨੁਸਾਰ, ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦੀ 21 ਮਾਰਚ 2026 ਨੂੰ ਹੋਈ ਖ਼ੁਦਕੁਸ਼ੀ ਤੋਂ ਬਾਅਦ ਹੀ ਭੁੱਲਰ 'ਤੇ ਗੰਭੀਰ ਦੋਸ਼ ਲੱਗ ਰਹੇ ਸਨ। ਮ੍ਰਿਤਕ ਵੱਲੋਂ ਬਣਾਈ ਗਈ ਵੀਡੀਓ ਅਤੇ ਪਰਿਵਾਰ ਦੀ ਸ਼ਿਕਾਇਤ ਦੇ ਅਧਾਰ 'ਤੇ ਉਨ੍ਹਾਂ ਖ਼ਿਲਾਫ਼ ਮਾਨਸਿਕ ਦਬਾਅ, ਤਸੀਹੇ ਅਤੇ ਧਮਕੀਆਂ ਦੇਣ ਦੇ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਗਿਆ ਸੀ।
ਦੱਸਿਆ ਜਾ ਰਿਹਾ ਹੈ ਕਿ ਮਾਮਲੇ ਵਿੱਚ ਪਹਿਲਾਂ ਹੀ ਐਫਆਈਆਰ (FIR) ਦਰਜ ਹੋ ਚੁੱਕੀ ਸੀ। ਦੂਜੇ ਪਾਸੇ, ਮ੍ਰਿਤਕ ਰੰਧਾਵਾ ਦਾ ਪਰਿਵਾਰ ਵਾਰ-ਵਾਰ ਭੁੱਲਰ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਿਹਾ ਸੀ। ਅੱਜ ਸਵੇਰੇ ਹੀ ਪਰਿਵਾਰ ਨੇ 24 ਘੰਟੇ ਦਾ ਅਲਟੀਮੇਟਮ ਦਿੰਦਿਆਂ ਸੜਕ 'ਤੇ ਧਰਨਾ ਦੇਣ ਦੀ ਗੱਲ ਕਹੀ ਸੀ।
ਇਸ ਤੋਂ ਪਹਿਲਾਂ ਮ੍ਰਿਤਕ ਗਗਨਦੀਪ ਸਿੰਘ ਰੰਧਾਵਾ ਦੀ ਪਤਨੀ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦੇ ਪਤੀ 'ਤੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ, ਉਨ੍ਹਾਂ ਦੇ ਪਿਤਾ ਅਤੇ ਸਾਥੀਆਂ ਵੱਲੋਂ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਟੈਂਡਰ ਪ੍ਰਕਿਰਿਆ 'ਚ ਦਖ਼ਲਅੰਦਾਜ਼ੀ ਲਈ ਜ਼ਬਰਦਸਤੀ ਕੀਤੀ ਜਾ ਰਹੀ ਸੀ ਅਤੇ ਮਨ੍ਹਾ ਕਰਨ 'ਤੇ ਧਮਕੀਆਂ ਦਿੱਤੀਆਂ ਗਈਆਂ। ਪਰਿਵਾਰ ਦਾ ਕਹਿਣਾ ਹੈ ਕਿ ਪਹਿਲਾਂ ਸ਼ਿਕਾਇਤਾਂ ਦੇਣ ਦੇ ਬਾਵਜੂਦ ਪ੍ਰਸ਼ਾਸਨ ਨੇ ਕੋਈ ਠੋਸ ਕਾਰਵਾਈ ਨਹੀਂ ਕੀਤੀ ਸੀ।
ਪੰਜਾਬ ਦੇ ਇਸ ਚਰਚਿਤ ਮਾਮਲੇ ਨੂੰ ਲੈ ਕੇ ਅੱਜ ਸੰਸਦ 'ਚ ਵੀ ਹਲਚਲ ਦੇਖਣ ਨੂੰ ਮਿਲੀ। ਕਾਂਗਰਸੀ ਐੱਮਪੀ ਗੁਰਜੀਤ ਸਿੰਘ ਔਜਲਾ ਨੇ ਇਹ ਮੁੱਦਾ ਉਠਾਉਂਦਿਆਂ ਨਿਰਪੱਖ ਜਾਂਚ ਦੀ ਮੰਗ ਕੀਤੀ। ਇਸ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਦਨ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਇਸ ਮਾਮਲੇ ਦੀ ਜਾਂਚ ਕੇਂਦਰੀ ਪੱਧਰ 'ਤੇ ਕਰਵਾਉਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਜੇਕਰ ਰਸਮੀ ਬੇਨਤੀ ਪ੍ਰਾਪਤ ਹੁੰਦੀ ਹੈ ਤਾਂ ਜਾਂਚ ਕੇਂਦਰੀ ਏਜੰਸੀ ਨੂੰ ਸੌਂਪੀ ਜਾ ਸਕਦੀ ਹੈ। ਇਸ ਤੋਂ ਬਾਅਦ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਨੇ ਗ੍ਰਹਿ ਮੰਤਰੀ ਨੂੰ ਪੱਤਰ ਲਿਖ ਕੇ ਮਾਮਲੇ ਦੀ ਜਾਂਚ CBI ਤੋਂ ਕਰਵਾਉਣ ਦੀ ਮੰਗ ਕੀਤੀ ਹੈ।
Punjab: Former minister Laljit Singh Bhullar has been arrested by Fatehgarh Sahib police. The action was taken following the orders of Chief Minister Bhagwant Mann. Further investigation is underway.
(Source: AAP PRO) pic.twitter.com/XKbpJo7VIe
— IANS (@ians_india) March 23, 2026