- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਜਕੱਲ੍ਹ ਹਰ ਥਾਂ ਤਿੰਨ ਬੀਬੀਆਂ ਦੀ ਬਹੁਤ ਚਰਚਾ ਹੋ ਰਹੀ ਹੈ। ਇਕ ਬੀਬੀ ਤਾਂ ਸੁਖਪਾਲ ਖਹਿਰਾ ਦੇ ਟਰੈਕ ਵਿਚ ਅਜਿਹੀ ਫਸੀ ਕਿ ਸੋਸ਼ਲ ਮੀਡੀਆ ’ਚ ਹਮਦਰਦੀ ਮਿਲਣ ਦੀ ਬਜਾਏ ਤੋਹਮਤਾਂ ਦੇ ਗੋਲੇ ਚੱਲ ਪਏ। ਸਿਆਸੀ ਦਬਾਅ ਹੇਠ ਕਈਆਂ ਨੇ ਬੀਬੀ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਿਆ ਤਾਂ ਉਹਨਾਂ ਦੇ ਪੱਲੇ ਵੀ ਬਦਨਾਮੀ ਤੇ ਪ੍ਰੇਸ਼ਾਨੀ ਹੀ ਪਈ।

ਜੈ ਸਿੰਘ ਛਿੱਬਰ, ਚੰਡੀਗੜ੍ਹ: ਜਿਉਂ-ਜਿਉਂ ਚੋਣਾਂ ਨੇੜੇ ਆ ਰਹੀਆਂ ਹਨ, ਤਿਉਂ-ਤਿਉਂ ਪੰਜਾਬ ਦੇ ਸਿਆਸੀ ਤੇ ਪ੍ਰਸ਼ਾਸਨਿਕ ਗਲਿਆਰਿਆਂ ਵਿੱਚ ਹਲਚਲ ਵੀ ਤੇਜ਼ ਹੋ ਰਹੀ ਹੈ। ਸਕੱਤਰੇਤ ਦੇ ਬਦਲਦੇ ਮਾਹੌਲ ਤੋਂ ਲੈ ਕੇ ਅਫ਼ਸਰਾਂ ਅਤੇ ਸਿਆਸੀ ਆਗੂਆਂ ਵਿਚਕਾਰ ਬਦਲਦੇ ਸਮੀਕਰਨਾਂ, ਈਡੀ ਦੀਆਂ ਕਾਰਵਾਈਆਂ ਅਤੇ ਚਰਚਾ ਵਿੱਚ ਆਈਆਂ ਤਿੰਨ ਬੀਬੀਆਂ ਤੱਕ ਕਈ ਮਾਮਲੇ ਸੱਤਾ ਦੇ ਗਲਿਆਰਿਆਂ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ।
---
ਤੁਸੀਂ ਨਾ ਆਇਆ ਕਰੋ
ਜਿਉਂ-ਜਿਉਂ ਚੋਣਾਂ ਨੇੜੇ ਆ ਰਹੀਆਂ ਹਨ, ਤਿਉਂ-ਤਿਉਂ ਸਿਵਲ ਸਕੱਤਰੇਤ ਦੇ ਗਲਿਆਰਿਆ ਦੇ ਰੰਗ ਵੀ ਬਦਲਣ ਲੱਗੇ ਹਨ। ਸੰਵਿਧਾਨ ਹਰੇਕ ਵਿਅਕਤੀ ਨੂੰ ਅਧਿਕਾਰ ਦਿੰਦਾ ਕਿ ਉਹ ਆਪਣੀ ਸਮੱਸਿਆ ਜਾਂ ਮੰਗ ਬਾਰੇ ਕਦੇ ਵੀ ਕਿਸੇ ਰਾਜਸੀ ਨੇਤਾ ਜਾਂ ਸਬੰਧਤ ਅਫ਼ਸਰ ਨੂੰ ਬਿਨਾਂ ਕਿਸੇ ਰੋਕ ਟੋਕ ਮਿਲ ਸਕਦਾ ਹੈ। ਆਜ਼ਾਦੀ ਮਗਰੋਂ ਪਹਿਲੀ ਵਾਰ ਸਕੱਤਰੇਤ ’ਚ ਬਦਲਾਅ ਦੇਖਣ ਨੂੰ ਮਿਲ ਰਿਹਾ ਕਿ ਕਈ ਟੌਪ ਦੇ ਅਫ਼ਸਰਾਂ ਨੇ ਪੱਤਰਕਾਰਾਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਦਫ਼ਤਰ ਨਾ ਆਇਆ ਕਰੋ। ਅਫ਼ਸਰਾਂ ’ਤੇ ਇਕ ਤਾਂ ਈਡੀ ਦਾ ਡਰ ਮੰਡਰਾ ਰਿਹਾ ਹੈ ਦੂਜਾ ਸਰਕਾਰ ਚਲਾਉਣ ਵਾਲੇ ਟੌਪ ਦੇ ਲੋਕਾਂ ਨੂੰ ਅਫਸਰਾਂ ’ਤੇ ਸ਼ੱਕ ਹੈ ਕਿ ਉਹ ਅੰਦਰਲੀ ਖ਼ਬਰ ਪੱਤਰਕਾਰਾਂ ਨੂੰ ਦੇ ਰਹੇ ਹਨ। ਸੱਤਾ ਦੇ ਗਲਿਆਰਿਆ ਵਿਚ ਚਰਚਾ ਹੈ ਕਿ ਕੁੱਝ ਕੁ ਪੱਤਰਕਾਰ ਹੀ ਪੱਤਰਕਾਰੀ ਦੀਆਂ ਜੜ੍ਹਾਂ ਵਿਚ ਤੇਲ੍ਹ ਦੇਣ ਲੱਗੇ ਹੋਏ ਹਨ ਜਿਹੜੇ ਇਕੱਲੀ-ਇਕੱਲੀ ਗੱਲ ਸਿਆਸੀ ਅਕਾਵਾਂ ਦੇ ਕੰਨਾਂ ਵਿਚ ਚੌਂਦੇ ਹਨ। ਭਾਵੇਂ ਨੌਕਰਸ਼ਾਹ ਨਿਰਪੱਖ ਚੱਲਣ ਵਾਲੇ ਪੱਤਰਕਾਰਾਂ ਨੂੰ ਦਫ਼ਤਰਾਂ ਵਿਚ ਆਉਣ ਤੋਂ ਰੋਕ ਰਹੇ ਹਨ ਪਰ ਕੁੱਝ "ਚੁਗਲਖੋਰ ਪੱਤਰਕਾਰਾਂ" ਤੋਂ ਬਚਣ ਦੀ ਸਲਾਹ ਵੀ ਦੇਂਦੇ ਹਨ।
ਸਮੇਂ ਦਾ ਗੇੜ
ਸਮਾਂ ਕਦੋਂ ਬਦਲ ਜਾਵੇ ਪਤਾ ਨਹੀਂ ਲੱਗਦਾ। ਸਿਆਸਤ ਵਿਚ ਤਾਂ ਚੜ੍ਹਦੇ ਸੂਰਜ ਨੂੰ ਸਲਾਮਾਂ ਹਨ। ਇਕ ਪਾਰਟੀ ਦਾ ਹਲਕਾ ਇੰਚਾਰਜ ਇਕ ਸੀਨੀਅਰ ਆਈ.ਏ.ਐੱਸ. ਅਧਿਕਾਰੀ ਨੂੰ ਮਿਲਣ ਗਿਆ ਅਤੇ ਆਪਣੇ ਹਲਕੇ ਦੇ ਕੰਮਾਂ ਦੀ ਪੋਟਲੀ ਖੋਲ੍ਹਦੇ ਹੋਏ ਅਧਿਕਾਰੀ ਨੂੰ ਸਮਝਾਉਣ ਲੱਗ ਪਿਆ। ਸੱਤਾ ਦੇ ਗਲਿਆਰਿਆ ਵਿਚ ਚਰਚਾ ਹੈ ਕਿ ਸੇਵਾ ਮੁਕਤ ਪੀ.ਸੀ.ਐੱਸ. ਤੋਂ ਸਿਆਸਤਦਾਨ ਬਣਿਆ ਉਕਤ ਨੇਤਾ ਪਹਿਲਾਂ ਆਈ.ਏ.ਐੱਸ. ਅਧਿਕਾਰੀ ਨੂੰ ਸਮਾਂ ਲੈ ਕੇ ਮਿਲਣ ਜਾਂਦਾ ਰਿਹੈ। ਤਾਂ ਹੀ ਤਾਂ ਕਹਿੰਦੇ ਹਨ ਕਿ ਸਮਾਂ ਬਹੁਤ ਬਲਵਾਨ ਹੈ ਪਤਾ ਨਹੀਂ ਚਲਦਾ ਕਦੋਂ ਕੌਣ ਕਿਸ ਨੂੰ ਜਵਾਬਦੇਣ ਬਣ ਜਾਵੇ। ਜਿਹੜਾ ਪੀ.ਸੀ.ਐੱਸ. ਅਧਿਕਾਰੀ ਪਹਿਲਾਂ ਸਾਹਮਣੇ ਬੈਠਦਾ ਰਿਹੈ ਤੇ ਜਾਣਕਾਰੀ ਦਿੰਦਾ ਰਿਹੈ, ਅੱਜ ਉਹੀ ਉਲਟ ਦਿਸ਼ਾ ’ਚ ਬੈਠਾ ਆਈ.ਏ.ਐੱਸ. ਨੂੰ ਸਮਝਾ ਰਿਹੈ।
ਸੋਨਾ ਦੇਣਾ ਪਿਆ ਮਹਿੰਗਾ
ਈਡੀ ਤੋਂ ਪੰਜਾਬ ਦੇ ਪ੍ਰਸ਼ਾਸਨਿਕ ਅਧਿਕਾਰੀ, ਬਿਡਲਰ ਤੇ ਹੋਰ ਕਾਰੋਬਾਰੀ ਕਾਫ਼ੀ ਡਰੇ ਹੋਏ ਹਨ। ਅਧਿਕਾਰੀ ਤੇ ਕਾਰੋਬਾਰੀ ਸਹਿਮ ਦੇ ਸਾਏ ਹੇਠ ਦਿਨ ਕੱਟ ਰਹੇ ਕਿ ਪਤਾ ਨਹੀਂ ਕਦੋਂ ਈਡੀ ਆ ਜਾਵੇ ਜਾਂ ਬੁਲਾ ਲਵੇ। ਕਹਿੰਦੇ ਸੋਨੇ ਦਾ ਇਕ ਵੱਡਾ ਕਾਰੋਬਾਰੀ ਵੀ ਅੱਜਕੱਲ੍ਹ ਕਾਫ਼ੀ ਪਰੇਸ਼ਾਨ ਹੈ। ਈਡੀ ਨੇ ਪਿਛਲੇ ਦਿਨ ਰਾਜਧਾਨੀ ’ਚ ਛਾਪਾ ਮਾਰ ਕੇ ਮਸ਼ਹੂਰ ਜਿਊਲਅਰਜ਼ ਦੀ ਦੂਰ-ਦੂਰ ਤੱਕ ਮਸ਼ਹੂਰੀ ਕਰ ਦਿੱਤੀ। ਸੱਤਾ ਦੇ ਗਲਿਆਰਿਆ ਵਿਚ ਚਰਚਾ ਹੈ ਕਿ ਜਿਊਲਅਰਜ਼ ’ਤੇ ਰੇਡ ਪੈਣ ਨਾਲ ਟੌਪ ਦੇ ਸਿਆਸੀ ਨੇਤਾ ਦੀਆਂ ਪਰਿਵਾਰਕ ਔਰਤਾਂ ਨੂੰ ਕਿੱਲੋਆਂ ਦੇ ਭਾਅ ਨਾਲ ਸੋਨਾ ਦੇਣ ਦਾ ਭੇਤ ਵੀ ਖੁੱਲ੍ਹ ਗਿਆ। ਚਰਚਾ ਹੈ ਕਿ ਸੋਨੇ ਦਾ ਵਪਾਰੀ ਬਹੁਤ ਪਰੇਸ਼ਾਨ ਹੈ ਕਿ ਉਸ ਨੂੰ ਤਾਂ ਸੋਨਾ ਦੇਣਾ ਮਹਿੰਗਾ ਪੈ ਗਿਆ ਹੈ।
ਸੱਥ ਵਿਚ ਜਾਓ
ਸਰਕਾਰੀ ਕੋਠੀਆਂ ਦਾ ਭੇਤ ਖੁੱਲ੍ਹਣ ਬਾਅਦ ਸੈਕਟਰ 39 ’ਚ ਪੁਲਿਸ ਦਾ ਪਹਿਰਾ ਲਾ ਦਿੱਤਾ ਗਿਆ ਹੈ। ਕੰਪਲੈਕਸ ਦੇ ਅੰਦਰ ਜਾਣ ਲਈ ਹਰੇਕ ਵਿਅਕਤੀ ’ਤੇ ਰੋਕ ਲੱਗ ਗਈ ਹੈ। ਪੱਤਰਕਾਰ ਤੇ ਦੋਧੀਆਂ ਤੱਕ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਅਫ਼ਸਰ ਤੇ ਮੰਤਰੀ ਵੀ ਪਰੇਸ਼ਾਨ ਹਨ ਪਰ ਉਹਨਾਂ ਤੋਂ ਵੱਧ ਉਹਨਾਂ ਦੇ ਨੌਕਰ ਕਾਫ਼ੀ ਪ੍ਰੇਸ਼ਾਨ ਹਨ ਕਿਉਂਕਿ ਦੁੱਧ ਤੇ ਹੋਰ ਖਾਣ ਪੀਣ ਦਾ ਮੰਗਵਾਇਆ ਸਾਮਾਨ ਹੁਣ ਬਾਹਰ ਗੇਟ ਤੋਂ ਪ੍ਰਾਪਤ ਕਰਨਾ ਪੈ ਰਿਹਾ ਹੈ। ਬੀਤੇ ਕੱਲ੍ਹ ਕੁੱਝ ਪ੍ਰਦਰਸ਼ਨਕਾਰੀ ਧਰਨਾ ਦੇਣ ਆ ਗਏ ਜਿਹਨਾਂ ਦੀ ਪੁਲਿਸ ਨਾਲ ਝੜਪ ਹੋਈ। ਚਰਚਾ ਹੈ ਕਿ ਵਾਰ-ਵਾਰ ਅੰਦਰ ਜਾਣ ਲਈ ਧੱਕਾ-ਮੁੱਕੀ ਕਰ ਰਹੇ ਇਕ ਪ੍ਰਦਰਸ਼ਨਕਾਰੀ ਨੂੰ ਪੁਲਿਸ ਅਧਿਕਾਰੀ ਨੇ ਮੇਹਣਾ ਮਾਰਦੇ ਹੋਏ ਕਿਹਾ ਕਿ ਸੱਥ ਵਿਚ ਜਾਓ, ਸਰਕਾਰ ਸੱਥਾਂ ’ਚੋਂ ਚੱਲਦੀ ਹੈ, ਇੱਥੇ ਕੋਈ ਨਹੀਂ। ਪੁਲਿਸ ਅਧਿਕਾਰੀ ਦੀ ਗੱਲ ਦਾ ਪ੍ਰਦਰਸ਼ਨਕਾਰੀ ਨੂੰ ਕੋਈ ਜਵਾਬ ਨਾ ਆਇਆ।
ਤਿੰਨ ਬੀਬੀਆਂ ਦੀ ਚਰਚਾ
ਅੱਜਕੱਲ੍ਹ ਹਰ ਥਾਂ ਤਿੰਨ ਬੀਬੀਆਂ ਦੀ ਬਹੁਤ ਚਰਚਾ ਹੋ ਰਹੀ ਹੈ। ਇਕ ਬੀਬੀ ਤਾਂ ਸੁਖਪਾਲ ਖਹਿਰਾ ਦੇ ਟਰੈਕ ਵਿਚ ਅਜਿਹੀ ਫਸੀ ਕਿ ਸੋਸ਼ਲ ਮੀਡੀਆ ’ਚ ਹਮਦਰਦੀ ਮਿਲਣ ਦੀ ਬਜਾਏ ਤੋਹਮਤਾਂ ਦੇ ਗੋਲੇ ਚੱਲ ਪਏ। ਸਿਆਸੀ ਦਬਾਅ ਹੇਠ ਕਈਆਂ ਨੇ ਬੀਬੀ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਿਆ ਤਾਂ ਉਹਨਾਂ ਦੇ ਪੱਲੇ ਵੀ ਬਦਨਾਮੀ ਤੇ ਪ੍ਰੇਸ਼ਾਨੀ ਹੀ ਪਈ। ਦੂਜੀ ਬਹਿਰੀਨ ਵਾਲੀ ਬੀਬੀ ਜਿਸ ਨੇ ਚਾਵਲਾ ਨੂੰ ਅਜਿਹੇ ਚੁਰਾਸੀ ਦੇ ਚੱਕਰ ਵਿਚ ਪਾਇਆ ਕਿ ਉਸ ਨੇ ਚਾਵਲਾ, ਅਕਾਲੀ ਦਲ ਦੀ ਲੀਡਰਸ਼ਿਪ ਤੇ ਸ਼੍ਰੋਮਣੀ ਕਮੇਟੀ ਨੂੰ ਧਰਮ ਸੰਕਟ ਵਿਚ ਫਸਾ ਦਿੱਤਾ। ਚਾਵਲਾ ਤੇ ਪਾਰਟੀ ਪ੍ਰਧਾਨ ਚੁੱਪ ਹਨ ਅਤੇ ਹੁਕਮਰਾਨ ਚੁੱਪੀ ਦਾ ਕਾਰਨ ਪੁੱਛ ਰਹੇ ਹਨ। ਤੀਜੀ ਬੀਬੀ ਰਿਸ਼ਵਤ ਲੈਂਦੀ ਫੜੀ ਗਈ। ਪੁਲਿਸ ਹਿਰਾਸਤ ’ਚ ਉਸ ਨੇ ਬੜੇ ਚਾਵਾਂ ਨਾਲ ਆਲ ਇਜ਼ ਵੈੱਲ ਕਹਿ ਦਿੱਤਾ। ਸੱਤਾ ਦੇ ਗਲਿਆਰਿਆਂ ਵਿਚ ਚਰਚਾ ਹੈ ਕਿ ਬੀਬੀ ਦੇ ਆਲ ਇਜ਼ ਵੈਲ ਨੇ ਸਰਕਾਰ ਤੇ ਪੁਲਿਸ ਦੇ ਉਚ ਅਧਿਕਾਰੀਆਂ ਨੂੰ ਚੱਕਰ ਵਿਚ ਫਸਾ ਦਿੱਤਾ ਅਤੇ ਦੂਜੇ ਦਿਨ ਬੀਬੀ ਦੀ ਭੁਗਤ ਸੁਆਰੀ ਹੋਣ, ਸਿਰ ਮੂੰਹ ਸੱਭ ਢੱਕਿਆ ਹੋਣ ਕਰ ਕੇ ਬੀਬੀ ਜੀ ਚੰਗੇ ਨਹੀਂ ਦਿਖ ਰਹੇ ਸਨ।