- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਜਸੀ ਹਲਕਿਆਂ ’ਚ ਬੇਬਾਕੀ ਨਾਲ ਸਿੱਧੀ ਤੇ ਸਪਸ਼ਟ ਗੱਲ ਕਹਿਣ ਲਈ ਜਾਣੇ ਜਾਂਦੇ ਹਨ। ਚਾਰ ਸਾਲਾਂ ਤੋਂ ਚੁੱਪ ਬੈਠੇ ਕੈਪਟਨ ਨੇ ਆਪਣੇ ਭੱਤੇ ’ਚੋਂ ਅਜਿਹੇ ਤੀਰ ਕੱਢ ਕੇ ਮਾਰੇ ਕਿ ਨਸ਼ਿਆਂ ਦਾ ਟੀਕਾ ਲਾ ਰਹੀ ਭਾਜਪਾ ਨੂੰ ਬੇਹੋਸ਼ੀ ਦੇ ਆਲਮ ’ਚ ਧਕੇਲ ਦਿੱਤਾ।

ਜੈ ਸਿੰਘ ਛਿੱਬਰ, ਚੰਡੀਗੜ੍ਹ:
...ਤੇ ਬੀਬੀ ਨੇ ਡਾਕਟਰ ਦੇ ਟੀਕਾ ਲਾ ’ਤਾ
ਇਕ ਔਰਤ ਦੇ ਮੱਕੜਜਾਲ ’ਚ ਫਸਿਆ ਚਾਵਲਾ ਅਜੇ ਨਿਕਲ ਨਹੀਂ ਸਕਿਆ ਕਿ ਉਧਰ ਇਕ ਬੀਬੀ ਨੇ ਦੁਆਬੀਏ ਨੇਤਾ ਨੂੰ ਘੇਰਦੇ-ਘੇਰਦੇ ਉੱਚੇ-ਲੰਬੇ ਮਲਵਈ ਨੇਤਾ ਨੂੰ ਹੀ ਕੱਖੋਂ ਹੌਲਾ ਕਰ ਦਿੱਤਾ। ਹੁਣ ਤਕ ਲੋਕਾਂ ਨੂੰ ਘਰੇਲੂ ਕਲੇਸ਼ ਕਾਰਨ ਨੇਤਾ ਜੀ ਨੂੰ ਸਜ਼ਾ ਹੋਣ ਦੀ ਗੱਲ ਹੀ ਪਤਾ ਸੀ ਪਰ ਬੀਬੀ ਨੇ ਕੋਠੀ ਵਾਲਾ ਪਰਦਾ ਚੁੱਕ ਕੇ ਡਾਕਟਰ ਸਾਹਿਬ ਨੂੰ ਵੀ ਟੀਕਾ ਲਾ ਦਿੱਤਾ। ਫਨੀਅਰ ਨਾਗਾਂ ਨਾਲ ਕਲੋਲਾਂ ਕਰਨ ਵਾਲੇ ਦੁਆਬੀਏ ਨੇਤਾ ਨੇ ਅਜਿਹੀ ਬੀਨ ਵਜਾਈ ਕਿ ਬੀਬੀ ਜੀ ਉਸ ਦੇ ਟ੍ਰੈਪ ’ਚ ਫਸ ਗਈ। ਸੱਤਾ ਦੇ ਗਲਿਆਰਿਆਂ ’ਚ ਹੁਣ ਤਕ ਤਿੰਨ-ਚਾਰ ਕੋਠੀਆਂ ’ਚ ਦਿੱਲੀ ਵਾਲੇ ਵੱਡੇ ਲੋਕਾਂ ਦੇ ਰਹਿਣ ਦੀ ਚਰਚਾ ਸੀ ਪਰ ਬੀਬੀ ਨੇ ਮਿੱਠੜੇ ਬੋਲਾਂ ਨਾਲ ਡਾਕਟਰ ਵਾਲਾ ਪਰਦਾ ਵੀ ਚੁੱਕ ਦਿੱਤਾ। ਭਾਵੇਂ ਬਿੱਲੀ ਥੈਲਿਓਂ ਬਾਹਰ ਆ ਗਈ ਤੇ ਸਾਰੀਆਂ ਕੋਠੀਆਂ ਦੇ ਨੰਬਰ ਜਨਤਕ ਹੋ ਗਏ ਹਨ ਪਰ ਕਹਿੰਦੇ ਹਨ ਕਿ ਦੁਆਬੇ ਦਾ ਮਿੱਠੀ ਮਿਸ਼ਰੀ ਵਰਗੇ ਬੋਲ ਬੋਲਣ ਵਾਲਾ ਨੇਤਾ ਵੀ ਪ੍ਰੇਸ਼ਾਨ ਹੈ। ਡਰ ਇਹ ਹੈ ਕਿ ਦੋਵਾਂ ਕੋਠੀਆਂ ਵਿਚਕਾਰ ਉਸ ਦੀ ਕੋਠੀ ’ਚ ਰਹਿਣ ਵਾਲੇ ਦਾ ਨਾਂ ਵੀ ਕਿਤੇ ਜਨਤਕ ਨਾ ਹੋ ਜਾਵੇ।
ਫਲੈਟ ਖੋਹਿਆ ਤੇ ਟਿਕਟ ਕੱਟੀ
ਪਾਰਟੀ ਦੀਆਂ ਗਤੀਵਿਧੀਆਂ ਚਲਾਉਣ ਲਈ ਇਕ ਕੌਮੀ ਪਾਰਟੀ ਨੇ ਇਕ ਹੋਰ ਸਰਕਾਰੀ ਫਲੈਟ ਮੱਲ ਲਿਆ ਹੈ। ਸਕੱਤਰੇਤ ਦੇ ਨੇੜੇ ਫਲੈਟ ਹੋਣ ਕਾਰਨ ਪੱਤਰਕਾਰ ਭਾਈਚਾਰਾ ਖੁਸ਼ ਹੈ ਕਿ ਦੂਰ ਕੋਠੀ ’ਚ ਜਾਣ ਤੋਂ ਬਚਾਅ ਹੋ ਗਿਆ। ਪਰ ਵਿਧਾਇਕ ਸਾਹਿਬ ਡਾਹਢੇ ਪ੍ਰੇਸ਼ਾਨ ਦੱਸੇ ਜਾਂਦੇ ਹਨ। ਫਲੈਟ ਤਾਂ ਖਾਲੀ ਕਰਵਾ ਲਿਆ ਗਿਆ ਹੈ ਤੇ ਟਿਕਟ ’ਤੇ ਵੀ ਖ਼ਤਰੇ ਦੇ ਬੱਦਲ ਮੰਡਰਾਉਣ ਲੱਗੇ ਹਨ। ਸੱਤਾ ਦੇ ਗਲਿਆਰਿਆਂ ’ਚ ਚਰਚਾ ਹੈ ਕਿ ਵਿਧਾਇਕ ਸਾਹਿਬ ਦਾ ਫਲੈਟ ਤਾਂ ਖੋਹ ਲਿਆ ਗਿਆ ਹੈ ਤੇ ਅਗਾਮੀ ਚੋਣਾਂ ’ਚ ਟਿਕਟ ਤੋਂ ਵੀ ਹੱਥ ਧੋਣਾ ਪੈ ਸਕਦਾ ਹੈ। ਪਾਰਟੀ ਹਾਈਕਮਾਂਡ ’ਤੇ ਭਾਵੇਂ ਉਨ੍ਹਾਂ ਦਾ ਕੋਈ ਜ਼ੋਰ ਨਹੀਂ ਚੱਲ ਰਿਹਾ ਪਰ ਇਸ ਸਾਜ਼ਿਸ਼ ਪਿੱਛੇ ਇਕ ਖ਼ਾਸ ਨੇਤਾ ’ਤੇ ਸ਼ੱਕ ਜ਼ਰੂਰ ਹੈ। ਐੱਮਐੱਲਏ ਸਾਹਿਬ ਦਾ ਕਹਿਣਾ ਹੈ, ‘‘ਸਾਰਾ ਪਿੰਡ ਲੰਬੜਦਾਰ ਬਣ ਜਾਵੇਗਾ ਪਰ ਤੂੰ ਲੰਬੜਦਾਰ ਨਹੀਂ ਬਣ ਸਕਦਾ।’’
ਮਜੀਠੀਆ ਬਨਾਮ ਪੱਤਰਕਾਰ
ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਅਕਸਰ ਚਰਚਾ ’ਚ ਰਹਿੰਦੇ ਹਨ। ਭਾਵੇਂ ਮਜੀਠੀਆ ਕਈਆਂ ਦੀਆਂ ਅੱਖਾਂ ’ਚ ਰੜਕਦੇ ਹਨ ਪਰ ਪੱਤਰਕਾਰ ਉਨ੍ਹਾਂ ਤੋਂ ਖੁਸ਼ ਹਨ, ਕਿਉਂਕਿ ਉਨ੍ਹਾਂ ਨੇ ਪੱਤਰਕਾਰਾਂ ਦਾ ਕੰਮ ਸੌਖਾ ਕਰ ਦਿੱਤਾ ਹੈ। ਇਹ ਗੱਲ ਵੱਖਰੀ ਹੈ ਕਿ ਬਹੁਤ ਸਾਰੇ ਪੱਤਰਕਾਰ ਜਾਂ ਅਦਾਰੇ ਮਜੀਠੀਆ ਦੀ ਖ਼ਬਰ ਨਸ਼ਰ ਨਹੀਂ ਕਰਦੇ ਪਰ ਜਿਸ ਢੰਗ ਨਾਲ ਉਹ ਤੱਥਾਂ ਸਮੇਤ ਈਡੀ ਦੀ ਕਾਰਵਾਈ ਜਾਂ ਸਰਕਾਰ ਦੀ ਅੰਦਰਲੀ ਜਾਣਕਾਰੀ ਜਨਤਕ ਕਰਦੇ ਹਨ, ਉਸ ਨਾਲ ਪੱਤਰਕਾਰਾਂ ਦਾ ਕੰਮ ਆਸਾਨ ਹੋ ਜਾਂਦਾ ਹੈ। ਇਕ ਤਾਂ ਈਡੀ ਦੀ ਅੰਦਰਲੀ ਖ਼ਬਰ ਮਿਲ ਜਾਂਦੀ ਹੈ, ਦੂਜਾ ਈਡੀ ਦੇ ਬਹਾਨੇ ਅਦਾਰਿਆਂ ਜਾਂ ਪੱਤਰਕਾਰਾਂ ਲਈ ਮਜੀਠੀਆ ਦੀ ਖ਼ਬਰ ਲਾਉਣ ਦਾ ਰਾਹ ਵੀ ਪੱਧਰਾ ਹੋ ਜਾਂਦਾ ਹੈ। ਸੱਤਾ ਦੇ ਗਲਿਆਰਿਆਂ ’ਚ ਚਰਚਾ ਹੈ ਕਿ ਮਜੀਠੀਆ ਅੱਜਕੱਲ੍ਹ ਲੀਡਰੀ ਘੱਟ ਤੇ ਪੱਤਰਕਾਰੀ ਵੱਧ ਕਰ ਰਹੇ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਤੇ ਪੱਤਰਕਾਰਾਂ ਦੀ ਨਜ਼ਰ ਵੀ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ’ਤੇ ਰਹਿੰਦੀ ਹੈ ਕਿ ਪਤਾ ਨਹੀਂ ਕਦੋਂ ਈਡੀ ਦੇ ਆਉਣ ਦੀ ਖ਼ਬਰ ਆ ਜਾਵੇ।
ਕੈਪਟਨ ਦੀ ਗੁਗਲੀ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਜਸੀ ਹਲਕਿਆਂ ’ਚ ਬੇਬਾਕੀ ਨਾਲ ਸਿੱਧੀ ਤੇ ਸਪਸ਼ਟ ਗੱਲ ਕਹਿਣ ਲਈ ਜਾਣੇ ਜਾਂਦੇ ਹਨ। ਚਾਰ ਸਾਲਾਂ ਤੋਂ ਚੁੱਪ ਬੈਠੇ ਕੈਪਟਨ ਨੇ ਆਪਣੇ ਭੱਤੇ ’ਚੋਂ ਅਜਿਹੇ ਤੀਰ ਕੱਢ ਕੇ ਮਾਰੇ ਕਿ ਨਸ਼ਿਆਂ ਦਾ ਟੀਕਾ ਲਾ ਰਹੀ ਭਾਜਪਾ ਨੂੰ ਬੇਹੋਸ਼ੀ ਦੇ ਆਲਮ ’ਚ ਧਕੇਲ ਦਿੱਤਾ। ਸੱਤਾ ਦੇ ਗਲਿਆਰਿਆਂ ’ਚ ਚਰਚਾ ਹੈ ਕਿ ਕੈਪਟਨ ਨੇ ਇਕ ਵਾਰ ਮੁੜ ਪੰਥਕ ਮੁੱਦਾ ਚੁੱਕ ਕੇ ਇਕ ਨਿਸ਼ਾਨੇ ਨਾਲ ਕਈ ਨਿਸ਼ਾਨੇ ਫੁੰਡੇ ਹਨ।
ਅਖ਼ਬਾਰ ਦੀ ਭਰੋਸੇਯੋਗਤਾ
ਮੀਡੀਆ ਦੇ ਖੇਤਰ ’ਚ ਵੱਡਾ ਬਦਲਾਅ ਆਇਆ ਹੈ। ਲੋਕਾਂ ’ਚ ਪੜ੍ਹਨ ਦੀ ਬਜਾਏ ਦੇਖਣ ਦਾ ਰੁਝਾਨ ਵਧਿਆ ਹੈ। ਕਈ ਨੇਤਾ ਅੱਜਕੱਲ੍ਹ ਕਹਿੰਦੇ ਹਨ ਕਿ ਉਨ੍ਹਾਂ ਨੇ ਅਖ਼ਬਾਰ ਪੜ੍ਹਨਾ ਛੱਡ ਦਿੱਤਾ ਹੈ ਪਰ ਜਦੋਂ ਅਖ਼ਬਾਰ ’ਚ ਖ਼ਬਰ ਛਪਦੀ ਹੈ ਤਾਂ ਉਹ ਮੂੰਹ ਮੋਟਾ ਕਰ ਲੈਂਦੇ ਹਨ। ਸੱਤਾ ਦੇ ਗਲਿਆਰਿਆਂ ’ਚ ਚਰਚਾ ਹੈ ਕਿ ਭਾਵੇਂ ਬਿਜਲਈ ਤੇ ਸੋਸ਼ਲ ਮੀਡੀਆ ਦਾ ਦੁਨੀਆ ’ਚ ਤੇਜ਼ੀ ਨਾਲ ਫੈਲਾਅ ਹੋਇਆ ਹੈ ਪਰ ਬੱਖੀਆਂ ਤਾਂ ਅਖ਼ਬਾਰ ਦੀ ਖ਼ਬਰ ਹੀ ਉਧੇੜਦੀ ਹੈ। ਪਿਛਲੇ ਦਿਨਾਂ ’ਚ ਦੋ ਅਖ਼ਬਾਰਾਂ ਦੀਆਂ ਖ਼ਬਰਾਂ ਨੇ ਦੇਸ਼ ਦੀ ਰਾਜਨੀਤੀ ’ਚ ਭੂਚਾਲ ਲਿਆ ਦਿੱਤਾ। ਅੰਦਰਲੀ ਗੱਲ ਇਹ ਹੈ ਕਿ ਜਿਹੜੇ ਨੇਤਾ ਅਖ਼ਬਾਰ ਨਾ ਪੜ੍ਹਨ ਦੀ ਗੱਲ ਕਰਦੇ ਸਨ, ਉਹੀ ਦੋ ਦਿਨਾਂ ਤੋਂ ਅਖ਼ਬਾਰਾਂ ਦੀ ਗੱਲ ਕਰ ਰਹੇ ਹਨ ਅਤੇ ਇਲੈਕਟ੍ਰਾਨਿਕ ਮੀਡੀਆ ਵਾਲੇ ਵੀ ਇਨ੍ਹਾਂ ਨੂੰ ਮੁੱਦਾ ਬਣਾ ਕੇ ਚਰਚਾ ਕਰ ਰਹੇ ਹਨ।