- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵਲੋਂ ਉੱਚ ਅਫ਼ਸਰਾਂ ਨੂੰ ਭੇਜੇ ਜਾ ਰਹੇ ਸੰਮਨ ਅਤੇ ਨੇੜੇ ਆ ਰਹੀਆਂ ਵੋਟਾਂ ਕਾਰਨ ਅਫ਼ਸਰਾਂ ਦੀ ਪਰੇਸ਼ਾਨੀ ਵੱਧਣ ਲੱਗੀ ਹੈ। ਕਹਿੰਦੇ ਨੇ ਕਿ ਅਫਸਰਾਂ ’ਤੇ ਫਾਈਲਾਂ ’ਤੇ ਘੁੱਗੀ ਮਾਰਨ, ਭਾਵ ਦਸਤਖ਼ਤ ਕਰਨ ਦਾ ਦਬਾਅ ਵੱਧਣ ਲੱਗਿਆ ਹੈ।

ਜੈ ਸਿੰਘ ਛਿੱਬਰ, ਚੰਡੀਗੜ੍ਹ:
ਵਾਅਦਾ ਮਾਫ਼ ਗਵਾਹ
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵਲੋਂ ਉੱਚ ਅਫ਼ਸਰਾਂ ਨੂੰ ਭੇਜੇ ਜਾ ਰਹੇ ਸੰਮਨ ਅਤੇ ਨੇੜੇ ਆ ਰਹੀਆਂ ਵੋਟਾਂ ਕਾਰਨ ਅਫ਼ਸਰਾਂ ਦੀ ਪਰੇਸ਼ਾਨੀ ਵੱਧਣ ਲੱਗੀ ਹੈ। ਕਹਿੰਦੇ ਨੇ ਕਿ ਅਫਸਰਾਂ ’ਤੇ ਫਾਈਲਾਂ ’ਤੇ ਘੁੱਗੀ ਮਾਰਨ, ਭਾਵ ਦਸਤਖ਼ਤ ਕਰਨ ਦਾ ਦਬਾਅ ਵੱਧਣ ਲੱਗਿਆ ਹੈ। ਸਕੱਤਰੇਤ ਦੇ ਗਲਿਆਰਿਆਂ ਵਿਚ ਚਰਚਾ ਹੈ ਕਿ ਇਕ ਅਫ਼ਸਰ ਨੇ ਆਪਣੇ ਅਧੀਨ ਅਫ਼ਸਰ ਨੂੰ ਛੁੱਟੀ ਵਾਲੇ ਦਿਨ ਬੁਲਾਕੇ ਫਾਈਲ ਕੱਢਣ ਦੀ ਹਦਾਇਤ ਕੀਤੀ। ਪਰੇਸ਼ਾਨੀ ਦੇ ਦੌਰ ਵਿਚ ਗੁਜਰ ਰਿਹਾ ਅਫ਼ਸਰ ਆਪਣੀ ਸ਼ਾਖ਼ਾ ਵਿਚ ਪੁੱਜਿਆ ਤਾਂ ਉਸਦੇ ਅੱਗੇ ਕਈ ਮਹੀਨਿਆਂ ਦੀ ਪੁਰਾਣੀ ਫਾਈਲ ਦਸਤਖ਼ਤ ਕਰਨ ਨੂੰ ਰੱਖ ਦਿੱਤੀ ਗਈ। ਡਰਦੀ ਰੱਬ-ਰੱਬ ਕਰਦੀ ਵਾਲੀ ਕਹਾਵਤ ਅਨੁਸਾਰ ਅਫ਼ਸਰ ਨੇ ਦਸਤਖ਼ਤ ਤਾਂ ਕਰ ਦਿੱਤੇ ਅਤੇ ਮੂੰਹ ’ਚ ਗੁਣਗੁਣ ਕਰਨ ਲੱਗ ਪਿਐ। ਵੱਡੇ ਸਾਹਿਬ ਨੂੰ ਆਇਆ ਗੁੱਸਾ ਤੇ ਉਸਨੇ ਮੂੰਹ ’ਚ ਗੁਣਗੁਣ ਕਰਨ ਬਾਰੇ ਸਵਾਲ ਕੀਤਾ ਤਾਂ ਅੱਗੇ ਛੋਟੇ ਸਾਹਬ ਨੇ ਝੱਟਪੱਟ ਜਵਾਬ ਦੇ ਦਿੱਤਾ ਕਿ ਸਾਹਿਬ ਆਪਾਂ ਤਾਂ ਪਹਿਲੀ ਵਾਰ ’ਚ ਹੀ ਵਾਅਦਾ ਮਾਫ਼ ਗਵਾਹ ਬਣ ਜਾਣਾ ਸਾਥੋਂ--- ਨੀ ਕੁਟਾਏ ਜਾਣੇ।
ਨੌਕਰਸ਼ਾਹ ਦਾ ਝੋਰਾ
ਇਕ ਆਈਏਐੱਸ ਅਫਸਰ ਇੱਸ ਗੱਲੋ ਪਰੇਸ਼ਾਨ ਹੈ ਕਿ ਉਸਨੂੰ ਸੇਵਾਮੁਕਤ ਅਧਿਕਾਰੀ ਕਿਹਾ ਜਾ ਰਿਹੈ। ਕਹਿੰਦੇ ਇਕ ਦਿਨ ਸੇਵਾ ਮੁਕਤ ਤੇ ਮੌਜੂਦਾ ਪ੍ਰਸ਼ਾਸਨਿਕ ਅਧਿਕਾਰੀ, ਵਕੀਲ, ਡਾਕਟਰ, ਪੱਤਰਕਾਰ ਅਤੇ ਹੋਰ ਲੋਕ ਖੇਡ ਰਹੇ ਸਨ ਤਾਂ ਉਸ ਅਧਿਕਾਰੀ ਦਾ ਅੰਦਰੂਨੀ ਦਰਦ ਬਾਹਰ ਆ ਗਿਆ। ਅਧਿਕਾਰੀ ਕਹਿਣ ਲੱਗਿਆ ਕਿ ਵਕੀਲ, ਡਾਕਟਰ ਤੇ ਪੱਤਰਕਾਰ ਭਾਵੇਂ ਬੁੱਢੇ ਹੋ ਜਾਣ ਪਰ ਉਹ ਕਦੇ ਸੇਵਾਮੁਕਤ ਨਹੀਂ ਹੁੰਦੇ ਭਾਵ ਉਹਨਾਂ ਦੇ ਨਾਮ ਨਾਲ ਕਦੇ ਸੇਵਾਮੁਕਤ ਨਹੀਂ ਲੱਗਦਾ ਪਰ ਉਨ੍ਹਾਂ ਨੂੰ ਸਿਰਮੌਰ ਅਹੁੱਦਿਆਂ ’ਤੇ ਰਹਿਣ ’ਤੇ ਵੀ ਸੇਵਾਮੁਕਤ ਕਿਹਾ ਜਾਂਦਾ ਹੈ। ਸਾਬਕਾ ਅਧਿਕਾਰੀ ਦੀ ਪ੍ਰੇਸ਼ਾਨੀ ਦੇਖਕੇ ਪੰਜਾਬ ਸਰਕਾਰ ਦੇ ਸੱਭ ਤੋਂ ਟੌਪ ਦੇ ਅਹੁਦੇ ਤੋਂ ਸੇਵਾਮੁਕਤ ਉਚ ਅਧਿਕਾਰੀ ਨੇ ਆਪਣੇ ਸਾਥੀ ਅਧਿਕਾਰੀ ਨੂੰ ਸਮਝਾਇਆ ਕਿ ਪ੍ਰੇਸ਼ਾਨ ਨਾ ਹੋਵੋ , ਬਲਬ ਦਸ ਵਾਟ ਦਾ ਹੋਵੇ ਭਾਵੇਂ ਸੌ ਵਾਟ ਦਾ , ਫਿਊਜ ਹੋਣ ਮਗਰੋੰ ਇਕੋ ਤਰ੍ਹਾਂ ਦੇ ਹੁੰਦੇ। ਵੱਡੇ ਸਾਹਿਬ ਦੀ ਗੱਲ ਸੁਣਕੇ ਛੋਟੋ ਸਾਹਿਬ ਨੇ ਸਟਿੱਕ ਖਿੱਚਕੇ ਬਾਲ ’ਤੇ ਮਾਰੀ ਅਤੇ ਛੋਟਾ ਤੇ ਵੱਡਾ ਸਾਹਿਬ ਅੱਗੇ ਤੁਰ ਪਏ।
ਪਹਿਲਾਂ ਤੋਲੋ, ਫਿਰ ਬੋਲੋ
ਸਿਆਸੀ ਆਗੂਆਂ ਦੀਆਂ ਕੀਤੀਆਂ ਗਲਤੀਆਂ ਦਾ ਹਰਜਾਨਾ ਕਈ ਵਾਰ ਮੁਲਾਜਮਾ, ਅਫ਼ਸਰਾਂ ਨੂੰ ਭਗਤਣਾ ਪੈ ਜਾਂਦਾ ਹੈ। ਅੱਜਕੱਲ ਸੂਬੇ ਦੇ ਉਚ ਅਧਿਕਾਰੀ ਕਾਫ਼ੀ ਪਰੇਸ਼ਾਨ ਦਿਖ ਰਹੇ ਹਨ। ਸੱਤਾ ਦੇ ਗਲਿਆਰਿਆਂ ਵਿਚ ਚਰਚਾ ਹੈ ਕਿ ਸਿਆਸੀ ਨੇਤਾਵਾਂ ਵਲੋਂ ਜੁਡੀਸ਼ੀਅਲ ਅਧਿਕਾਰੀਆਂ ਖਿਲਾਫ਼ ਕੀਤੀਆਂ ਟਿੱਪਣੀਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਪ੍ਰੇਸ਼ਾਨੀ ਵਧਾਈ ਹੋਈ ਹੈ। ਪ੍ਰਸ਼ਾਸਨਿਕ ਅਧਿਕਾਰੀ ਦਾ ਕਹਿਣਾ ਹੈ ਕਿ ਸਰਕਾਰ ’ਚ ਕਈ ਤਰ੍ਹਾਂ ਦੀਆਂ ਲਿਟੀਗੇਸ਼ਨਾਂ ਹੁੰਦੀਆਂ ਹਨ ਅਤੇ ਅਦਾਲਤਾਂ ਵਿਚ ਸੁਣਵਾਈ ਦੌਰਾਨ ਉਚ ਅਧਿਕਾਰੀ ਆਪਣੇ ਅਧੀਨ ਮੁਲਾਜਮਾਂ ਜਾਂ ਅਧਿਕਾਰੀਆਂ ਨੂੰ ਕੇਸਾਂ ਦੀ ਸੁਣਵਾਈ ’ਤੇ ਭੇਜ ਦਿੰਦੇ ਹਨ। ਹੁਣ ਸੀਨੀਅਰ ਅਧਿਕਾਰੀਆਂ ਨੂੰ ਡਰ ਹੈ ਕਿ ਕਿਤੇ ਸਿਆਸੀ ਲੋਕਾਂ ਨੂੰ ਸਬਕ ਸਿਖਾਉਣ ਲਈ ਜੱਜ ਉਨ੍ਹਾਂ ਨੂੰ ਅਦਾਲਤ ਵਿਚ ਨਾ ਬਲਾਉਣ ਲੱਗ ਜਾਣ। ਤਾਂ ਹੀ ਤਾਂ ਕਹਿੰਦੇ ਹਨ ਕਿ ਪਹਿਲਾਂ ਤੋਲੋ ਫਿਰ ਬੋਲੋ।
ਰੀਲਾਂ ਨੇ ਵਧਾਈ ਪੱਤਰਕਾਰ ਦੀ ਚਿੰਤਾ
ਮੌਜੂਦਾ ਦੌਰ ’ਚ ਪੱਤਰਕਾਰੀ ਦੇ ਖਿੱਤੇ ’ਚ ਢੇਰ ਸਾਰਾ ਬਦਲਾਅ ਆ ਗਿਆ ਹੈ। ਸਿਆਸੀ ਵਿਰੋਧੀਆਂ ਅਤੇ ਆਲੋਚਕਾਂ ਨੂੰ ਘੇਰਨ ਲਈ ਸਿਆਸੀ ਪਾਰਟੀਆਂ ਦੀਆਂ ਸੋਸ਼ਲ ਮੀਡੀਆਂ ਟੀਮਾਂ ਵਲੋਂ ਅਜਿਹੀਆਂ ਰੀਲ੍ਹਾਂ , ਮੀਮ ਬਣਾਏ ਜਾ ਰਹੇ ਹਨ ਕਿ ਲੋਕ ਇਕ ਵਾਰ ਤਾਂ ਦੰਦਾਂ ਥੱਲ੍ਹੇ ਜੀਭ ਲੈ ਲੈਂਦੇ ਹਨ। ਪਿਛਲੇ ਕੁੱਝ ਮਹੀਨਿਆਂ ਤੋਂ ਕੁੱਝ ਚੁਣੀਂਦਾ ਪੱਤਰਕਾਰਾਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਰੀਲ੍ਹਾਂ ਬਣਾਕੇ ਉਨ੍ਹਾਂ ਨੂੰ ਨਿਸ਼ਾਨੇ ’ਤੇ ਲਿਆ ਜਾ ਰਿਹੈ। ਸੀਨੀਅਰ ਪੱਤਰਕਾਰਾਂ ਦੀ ਇਕ ਸੰਸਥਾਂ ਨੇ ਬੀਤੇ ਦਿਨ ਸ਼ਹਿਰ ਵਿਚ ਇਕ ਸਮਾਗਮ ਕਰਵਾਇਆ ਤਾਂ ਸੀਨੀਅਰ ਪੱਤਰਕਾਰ ਨੇ ਸਾਥੀ ਪੱਤਰਕਾਰਾਂ ਨੂੰ ਹਲੂਣਾ ਦਿੰਦਿਆਂ ਕਿਹਾ ਕਿ ਪੱਤਰਾਕਾਰਾਂ ਨੂੰ ਨਿਸ਼ਾਨੇ ’ਤੇ ਲਿਆ ਜਾ ਰਿਹੈ- ਪੱਤਰਕਾਰਾਂ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਪਰ ਕੋਈ ਮੀਡੀਆ ਅਦਾਰਾ ਜਾਂ ਕੋਈ ਸੰਸਥਾਂ ਬੋਲਦੀ ਨਹੀਂ। ਪੱਤਰਕਾਰਾਂ ਦਾ ਕੰਮ ਬੋਲਣਾ ਹੁੰਦਾ, ਸੈਮੀਨਾਰ ਕਰਵਾਉਣੇ ਜਾਂ ਅਜਿਹੇ ਸਮਾਗਮ ਕਰਵਾਉਣਾ ਨਹੀਂ। ਐਨਾਂ ਕਹਿ ਪੱਤਰਕਾਰ ਮੰਚ ਤੋਂ ਹੇਠਾ ਆ ਗਿਆ ਅਤੇ ਸੀਨੀਅਰ, ਜੂਨੀਅਰ ਪੱਤਰਕਾਰ, ਸੰਪਾਦਕ ਸਭ ਸੁਣਦੇ ਰਹੇ ਪਰ ਕਿਸੇ ਨੇ ਹਾਅ ਦਾ ਨਾਅਰਾ ਨਹੀਂ ਮਾਰਿਆ ਅਤੇ ਪੱਤਰਕਾਰ ਆਪਣਾ ਦਰਦ ਲੈ ਕੇ ਘਰ ਤੁਰ ਗਿਐ।
ਲੱਡੂ ਤੇ ਆਂਡੇ
ਲੱਡੂ ਤੇ ਆਂਡਿਆਂ ਦੀ ਅੱਜਕੱਲ੍ਹ ਸਿਆਸੀ ਹਲਕਿਆਂ ਵਿਚ ਖੂਬ ਚਰਚਾ ਹੈ। ਕਹਾਵਤ ਹੈ ਕਿ ਜਿਸਨੇ ਖਾਧਾ ਉਹ ਵੀ ਪਛਤਾਵੇ ਜਿਸਨੇ ਨਾ ਖਾਧਾ ਉਹ ਵੀ ਪਛਤਾਵੇ। ਮੁਲਾਜ਼ਮ ਨੇਤਾ ਸੁਖਚੈਨ ਸਿੰਘ ਖਹਿਰਾ ਇਸ ਗੱਲੋ ਪਰੇਸ਼ਾਨ ਹੈ ਕਿ ਉਸਦੀ ਲੱਡੂ ਖਾਂਦੇ ਅਤੇ ਖਿਲਾਉੰਦੇ ਦੀ ਫੋਟੋ ਵਾਇਰਲ ਕੀਤੀ ਜਾ ਰਹੀ ਹੈ। ਦੂਜੇ ਪਾਸੇ ਰਾਜ ਸਭਾ ਮੈਂਬਰ ਰਵਨੀਤ ਬਿੱਟੂ ਦੇ ਕਾਫ਼ਲੇ ’ਤੇ ਆਂਡਿਆਂ ਦੀ ਬਰਸਾਤ ਕੀਤੀ ਗਈ। ਬਿੱਟੂ ਦਾ ਦੋਸ਼ ਹੈ ਕਿ ਇਕ ਖਾਸ ਪਾਰਟੀ ਦੇ ਵਰਕਰਾਂ ਨੇ ਕਾਫ਼ਲੇ ’ਤੇ ਅੰਡੇ ਵਰ੍ਹਾਏ ਹਨ। ਸੱਤਾ ਦੇ ਗਲਿਆਰਿਆਂ ਵਿਚ ਚਰਚਾ ਹੈ ਕਿ ਦੋਵਾਂ ਹੱਥਾਂ ’ਚ ਲੱਡੂ ਤੇ ਆਂਡੇ ਹੋਣ ਕਰਕੇ ਇਕ ਪਾਰਟੀ ਵਾਹਵਾ ਖੁਸ਼ ਹੈ , ਪਰ ਕਈ ਅਧਿਕਾਰੀਆਂ ਨੂੰ ਆਮਲੇਟ ਬਣਨ ਦਾ ਡਰ ਸਤਾ ਰਿਹੈ ਹੈ ਕਿ ਜੈੱਡ ਸ੍ਰੇਣੀ ਸੁਰੱਖਿਆ ਵਾਲੇ ਨੇਤਾਵਾਂ ਦਾ ਰੂਟ ਪਲਾਨ ਲੀਕ ਕਿਵੇਂ ਹੋ ਗਿਆ।