- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਬੀਆਈ ਨੇ ਪਿਛਲੇ ਦਿਨ ਸੰਗਰੂਰ ਜਿਲ੍ਹੇ ਦੇ ਪਿੰਡ ਘਰਾਚੋ ਵਿਚ ਛਾਪੇਮਾਰੀ ਕੀਤੀ ਤਾਂ ਕੁੱਝ ਨੌਜਵਾਨਾਂ ਨੇ ਸੀਬੀਆਈ ਦੀ ਗੱਡੀ ’ਤੇ ਫੁੱਲ ਵਰਸਾ ਦਿੱਤੇ ਅਤੇ ਢੋਲ ਵਜਾਇਆ। ਫੁੱਲ ਵਰਸਾਉਣ ਵਾਲੀ ਘਟਨਾ ਦੀ ਵੀਡਿਓ ਮਿੰਟਾਂ-ਸਕਿੰਟਾਂ ਵਿਚ ਵਾਇਰਲ ਹੋ ਗਈ ਤਾਂ ਦੁਨੀਆਂ ਭਰ ਵਿਚ ਇਸ ਦੀ ਚਰਚਾ ਹੋਣ ਲੱਗੀ।

ਜੈ ਸਿੰਘ ਛਿੱਬਰ: ਪੰਜਾਬ ਦੀ ਸਿਆਸਤ ਵਿੱਚ ਇਨ੍ਹੀਂ ਦਿਨੀਂ ਸੀਬੀਆਈ ਦੀਆਂ ਛਾਪੇਮਾਰੀਆਂ, ਬਿਕਰਮ ਸਿੰਘ ਮਜੀਠੀਆ ਦੀ ਹਾਜ਼ਰ-ਜਵਾਬੀ ਅਤੇ ਸੰਗਰੂਰ ਦੇ ਪਿੰਡ ਘਰਾਚੋ ਵਿੱਚ ਸੀਬੀਆਈ ਦੀ ਗੱਡੀ ’ਤੇ ਫੁੱਲ ਵਰਸਾਉਣ ਦੀ ਘਟਨਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉੱਧਰ, ਸਾਹਿਤਕ ਸਮਾਗਮ ਵਿੱਚ ਮੁੱਖ ਮਹਿਮਾਨ ਦੀ ਆਮਦ ਅਤੇ ਪ੍ਰਬੰਧਕਾਂ ਦੀ ਉਡੀਕ ਨੇ ਵੀ ਨਵੀਆਂ ਚਰਚਾਵਾਂ ਛੇੜ ਦਿੱਤੀਆਂ ਹਨ। ਸੱਤਾ ਦੇ ਗਲਿਆਰਿਆਂ ਵਿੱਚ ਚੱਲ ਰਹੀਆਂ ਇਨ੍ਹਾਂ ਦਿਲਚਸਪ ਗੱਲਾਂ ਨੂੰ ਪੜ੍ਹੋ ਵਿਸ਼ੇਸ਼ ਸਿਆਸੀ ਟਿੱਪਣੀ ‘ਅੰਦਰਲੀ ਗੱਲ’ ਵਿੱਚ-
ਲਾਲਾ-ਲਾਲਾ ਹੋਗੀ
ਇੱਕ ਪੰਜਾਬੀ ਗੀਤ ਦਾ ਮੁੱਖੜਾ ਹੈ "ਨੱਚੀ ਮੈਂ ਲੁਧਿਆਣੇ ਤੇ ਮੇਰੀ ਧਮਕ ਜਲੰਧਰ ਪੈਂਦੀ"। ਸੀਬੀਆਈ ਨੇ ਸੈਕਟਰ ਦੋ ਵਿਚ ਮੁੱਖ ਮੰਤਰੀ ਕੈਂਪਸ ਛਾਪੇਮਾਰੀ ਕੀਤੀ ਤਾਂ ਤਾਰਾਂ ਦੂਰ ਤੱਕ ਖੜਕ ਪਈਆਂ। ਕਹਿੰਦੇ ਕਿ ਇੱਧਰ ਸੀਬੀਆਈ ਦੀ ਛਾਪੇਮਾਰੀ ਚੱਲ ਰਹੀ ਸੀ ਤਾਂ ਉਧਰ ਸੈਕਟਰ 39 ਵਿਖੇ ਭੱਜ ਦੌੜ ਪੈ ਗਈ। ਚੰਡੀਗੜ੍ਹ ਪੁਲਿਸ ਨੇ ਜਿਉਂ ਹੀ ਇੱਕ ਗੇੜਾ ਮਾਰਿਆ ਤਾਂ ਸਰਕਾਰੀ ਕੋਠੀਆਂ ਵਿਚ ਰਹਿਣ ਵਾਲੇ ਬਾਹਰਲਿਆਂ ਨੂੰ ਭਾਜੜਾ ਪੈ ਗਈਆਂ। ਦੱਸਿਆ ਜਾਂਦਾ ਹੈ ਕਿ ਸੀਬੀਆਈ ਦਾ ਐਨਾਂ ਖੌਫ ਪੈ ਗਿਆ ਕਿ ਇੱਥੇ ਰਹਿਣ ਵਾਲਿਆਂ ਨੂੰ ਆਪਣਾ ਸਾਮਾਨ ਇਕੱਠਾ ਕਰਨ ਲਈ ਬੈਗ ਨਾ ਮਿਲੇ ਤਾਂ ਉਹ ਲੈਪਟਾਪ ਸਮੇਤ ਹੋਰ ਸਾਮਾਨ ਇਕ ਬੋਰੇ ਵਿਚ ਪਾ ਕੇ ਨੌ ਦੋ ਗਿਆਰਾਂ ਹੋ ਗਏ। ਸੱਤਾ ਦੇ ਗਲਿਆਰਿਆਂ ਵਿਚ ਚਰਚਾ ਹੈ ਕਿ ਸੀਬੀਆਈ ਨੇ ਸੂਬੇ ਵਿਚ ਥਾਂ-ਥਾਂ ਲੱਗੇ ਇਮਾਨਦਾਰੀ ਵਾਲੇ ਬੋਰਡਾਂ ’ਤੇ ਧੂੜ ਪਾ ਦਿੱਤੀ ਅਤੇ ਸਿਆਸੀ ਸ਼ਰੀਕਾਂ ਨੂੰ ਲੰਬੀ ਹੇਕ ਲਾ ਕੇ ਤਾਹਨਾ ਮਾਰਨ ਲਈ ਮੁੱਦਾ ਦੇ ਦਿੱਤਾ।
ਮਜੀਠੀਆ ਦੀ ਹਾਜ਼ਰ ਜਵਾਬੀ
ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਬੇਬਾਕੀ ਨਾਲ ਗੱਲ ਕਰਦੇ ਹਨ। ਉਹਨਾਂ ਕੋਲ ਸਰਕਾਰ ਦੀਆਂ ਅੰਦਰਲੀਆਂ ਐਨੀਆਂ ਖ਼ਬਰਾਂ ਹੁੰਦੀਆਂ ਹਨ ਕਿ ਅਜਿਹੀ ਜਾਣਕਾਰੀ ਜ਼ਿਆਦਾਤਰ ਪੱਤਰਕਾਰਾਂ ਕੋਲ ਵੀ ਨਹੀਂ ਹੁੰਦੀ। ਮਜੀਠੀਆ ਨੇ ਅਕਾਲੀ ਦਲ ਦੇ ਦਫ਼ਤਰ ਵਿਖੇ ਪ੍ਰੈੱਸ ਕਾਨਫਰੰਸ ਬੁਲਾਈ ਤਾਂ ਇਕ ਪੱਤਰਕਾਰ ਨੇ ਮਜੀਠੀਆ ਨੂੰ ਕਿਹਾ ਕਿ ਤੁਸੀ ਤਾਂ ਪੱਤਰਕਾਰ ਬਣ ਗਏ। ਮਜੀਠੀਆ ਨੇ ਅੱਗੋ ਹੱਸਦਿਆਂ ਜਵਾਬ ਦਿੰਦਿਆਂ ਕਿਹਾ "ਕਈਆਂ (ਪੱਤਰਕਾਰਾਂ) ਨੇ ਹਥਿਆਰ ਸੁੱਟ ਦਿੱਤੇ ਹਨ, ਜਿਸ ਕਰਕੇ ਸਾਨੂੰ ਤਾਂ ਮਜਬੂਰੀ ਵਿਚ ਚੁੱਕਣੇ ਪਏ ਹਨ। " ਦਰਅਸਲ ਮਜੀਠੀਆ ਸੂਬਾ ਸਰਕਾਰ, ਈਡੀ ਤੇ ਸੀਬੀਆਈ ਦੇ ਛਾਪਿਆਂ ਸਬੰਧੀ ਜਾਣਕਾਰੀ ਆਪਣੇ ਐਕਸ ਤੇ ਹੋਰ ਸੋਸ਼ਲ ਮੀਡੀਆ ਅਕਾਊਟ ’ਤੇ ਸ਼ੇਅਰ ਕਰ ਦਿੰਦੇ ਹਨ, ਜਿਸ ਨਾਲ ਪੱਤਰਕਾਰਾਂ ਦਾ ਕੰਮ ਸੌਖਾ ਹੋ ਜਾਂਦਾ ਹੈ। ਸੱਤਾ ਦੇ ਗਲਿਆਰਿਆ ਵਿਚ ਚਰਚਾ ਹੈ ਕਿ ਬਿਕਰਮ ਮਜੀਠੀਆ ਵੱਲੋਂ ਜਨਤਕ ਕੀਤੀ ਜਾਂਦੀ ਜਾਣਕਾਰੀ ਨਾਲ ਸਰਕਾਰ, ਅਫ਼ਸਰਸਾਹੀ ਅਤੇ ਖਾਸ ਪਾਰਟੀ ਦੇ ਆਗੂ ਕਾਫ਼ੀ ਪ੍ਰੇਸ਼ਾਨ ਹਨ।
ਸੱਜਣਾਂ ਨੇ ਫੁੱਲ ਮਾਰਿਆ
ਸੀਬੀਆਈ ਨੇ ਪਿਛਲੇ ਦਿਨ ਸੰਗਰੂਰ ਜਿਲ੍ਹੇ ਦੇ ਪਿੰਡ ਘਰਾਚੋ ਵਿਚ ਛਾਪੇਮਾਰੀ ਕੀਤੀ ਤਾਂ ਕੁੱਝ ਨੌਜਵਾਨਾਂ ਨੇ ਸੀਬੀਆਈ ਦੀ ਗੱਡੀ ’ਤੇ ਫੁੱਲ ਵਰਸਾ ਦਿੱਤੇ ਅਤੇ ਢੋਲ ਵਜਾਇਆ। ਫੁੱਲ ਵਰਸਾਉਣ ਵਾਲੀ ਘਟਨਾ ਦੀ ਵੀਡਿਓ ਮਿੰਟਾਂ-ਸਕਿੰਟਾਂ ਵਿਚ ਵਾਇਰਲ ਹੋ ਗਈ ਤਾਂ ਦੁਨੀਆਂ ਭਰ ਵਿਚ ਇਸ ਦੀ ਚਰਚਾ ਹੋਣ ਲੱਗੀ। ਸੱਤਾ ਦੇ ਗਲਿਆਰਿਆਂ ਵਿਚ ਚਰਚਾ ਹੈ ਕਿ ਖਾਸ ਪਾਰਟੀ ਨੂੰ ''ਸੱਜਣਾਂ ਨੇ ਫੁੱਲ੍ਹ ਮਾਰਿਆ ਸਾਡੀ ਰੂਹ ਅੰਬਰਾਂ ਤੱਕ ਰੋਈ '' ਗੀਤ ਵਾਂਗ ਸੀਬੀਆਈ ਦੇ ਛਾਪੇਮਾਰੀ ਦਾ ਐਨਾਂ ਦੁੱਖ ਨਹੀਂ ਲੱਗਿਆ ਜਿੰਨਾਂ ਸੀਬੀਆਈ ਦੇ ਅਫ਼ਸਰਾਂ ਦੀ ਕਾਰ ’ਤੇ ਫੁੱਲ ਵਰਸਾਉਣ ਦਾ ਲੱਗਿਆ ਹੈ। ਪੁਲਿਸ ਨੇ ਦੂਜੇ ਦਿਨ ਫੁੱਲ ਵਰਸਾਉਣ ਵਾਲੇ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਇਕ ਥਾਣੇਦਾਰ ਨੂੰ ਮੁਅੱਤਲ ਕਰ ਦਿੱਤਾ। ਬਸ! ਫਿਰ ਸੋਸ਼ਲ ਮੀਡੀਆ ’ਤੇ ਲੋਕਾਂ ਨੇ ਖਾਸ ਪਾਰਟੀ ਨੂੰ ਸਵਾਲ ਖੜ੍ਹੇ ਕਰ ਦਿੱਤੇ ਕਿ ਜਿਹਨਾਂ ਗਮਾਡਾ ਦੇ ਦਫ਼ਤਰ ਵਿਚ ਸ਼ੀਸੇ ਤੋੜੇ, ਗੱਡੀ ਭੰਨੀ ਉਹਨਾਂ ਨੂੰ ਕਦੋਂ ਹਿਰਾਸਤ ਵਿਚ ਲਿਆ ਜਾਵੇਗਾ ਅਤੇ ਮੂਕ ਦਰਸ਼ਕ ਬਣਨ ਵਾਲੇ ਪੁਲਿਸ ਅਫ਼ਸਰਾਂ ’ਤੇ ਕਦੋਂ ਕਾਰਵਾਈ ਹੋਵੇਗੀ। ਇਸ ਤਰ੍ਹਾਂ ਸਰਕਾਰ ਫਿਰ ਵਿਵਾਦ ਵਿਚ ਫਸ ਗਈ।
ਨ੍ਹਤੀ-ਧੋਤੀ ਰਹਿ ਗਈ
ਪੰਜਾਬ ਦੇ ਵੱਡੇ ਲੇਖਕਾਂ ਨੇ ਸੂਬੇ ਦੀ ਰਾਜਧਾਨੀ ਵਿਚ ਇਕ ਪ੍ਰੋਗਰਾਮ ਕੀਤਾ ਅਤੇ ਮੁੱਖ ਮਹਿਮਾਨ ਵਜੋਂ ਸੂਬੇ ਦੇ ਸਭ ਤੋਂ ਪ੍ਰਮੁੱਖ ਆਗੂ ਨੂੰ ਬੁਲਾਇਆ। ਚਰਚਾ ਹੈ ਕਿ ਪ੍ਰਬੰਧਕਾਂ ਅਤੇ ਦਰਸ਼ਕਾਂ ਦੀਆਂ ਮੁੱਖ ਮਹਿਮਾਨ ਨੂੰ ਉਡੀਕਦੀਆਂ ਅੱਖਾਂ ਪੱਕ ਗਈਆਂ। ਇਕ ਵਾਰ ਤਾਂ ਪ੍ਰਬੰਧਕਾਂ ਨੇ ਮੁੱਖ ਮਹਿਮਾਨ ਦੇ ਆਉਣ ਦੀ ਉਮੀਦ ਛੱਡ ਹੀ ਦਿੱਤੀ ਸੀ ਪਰ ਅਚਾਨਕ ਫੋਨ ਆਇਆ ਕਿ ਨੇਤਾ ਜੀ ਨੇ ਅੰਬਰਸਰੋਂ ਉਡਾਣ ਭਰ ਲਈ ਹੈ। ਨੇਤਾ ਜੀ ਪੁੱਜ ਗਏ ਤੇ ਕਾਟੋ ਫੁੱਲਾਂ 'ਤੇ ਖੇਡ ਰਹੀ ਸੀ। ਨੇਤਾ ਜੀ ਨੇ ਵੀ ਸਾਹਿਤਕ ਮਹਿਫਲ 'ਚ ਖੂਬ ਰੰਗ ਬੰਨੇ। ਦੱਸਿਆ ਜਾਂਦਾ ਕਿ ਨੇਤਾ ਜੀ ਨੇ ਬੁੱਕ ਸਟਾਲ ਅਤੇ ਇਕ ਗੈਲਰੀ ਦਾ ਉਦਘਾਟਨ ਕਰਨਾ ਸੀ। ਪ੍ਰਬੰਧਕਾਂ ਵਿੱਚੋਂ ਇੱਕ ਆਗੂ ਅਤੇ ਉਸ ਦੀ ਪਤਨੀ ਬੁੱਕ ਸਟਾਲ 'ਤੇ ਬੈਠੇ ਨੇਤਾ ਜੀ ਦਾ ਇੰਤਜ਼ਾਰ ਕਰਦੇ ਰਹੇ ਪਰ ਨੇਤਾ ਜੀ ਬਾਹਰੋਂ ਬਾਹਰ ਚਲੇ ਗਏ। ਪ੍ਰਬੰਧਕਾਂ ਵਿਚ ਹੋਈ ਘੁਸਰ-ਮੁਸਰ ਦੀ ਸਾਹਿਤਕ ਹਲਕਿਆਂ ਵਿਚ ਕਾਫੀ ਚਰਚਾ ਹੈ।