- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
CBI ਨੇ ਅਦਾਲਤ ਨੂੰ ਦੱਸਿਆ ਕਿ ਜਾਂਚ ਵਿਚ ਪੰਕਜ ਅਗਰਵਾਲ ਅਤੇ ਰਿਭਵ ਰਿਸ਼ੀ ਵਿਚਕਾਰ ਇਸ ਪੂਰੇ ਘਟਨਾਕ੍ਰਮ ਨਾਲ ਜੁੜੀ ਪੁਰਾਣੀ ਗੱਲਬਾਤ ਦੇ ਸਬੂਤ ਮਿਲੇ ਹਨ। ਏਜੰਸੀ ਦਾ ਦਾਅਵਾ ਹੈ ਕਿ ਅਗਰਵਾਲ ਨੂੰ ਇਹ ਜਾਣਕਾਰੀ ਸੀ ਕਿ ਰਿਭਵ ਰਿਸ਼ੀ ਨੂੰ ਬੈਂਕ ਦੇ ਅਹੁਦੇ ਤੋਂ ਹਟਾਇਆ ਜਾ ਚੁੱਕਾ ਸੀ, ਇਸ ਦੇ ਬਾਵਜੂਦ ਦੋਵਾਂ ਵਿਚਕਾਰ ਲਗਾਤਾਰ ਸੰਪਰਕ ਬਣਿਆ ਰਿਹਾ।

ਜਾਗਰਣ, ਸੰਵਾਦਦਾਤਾ, ਪੰਚਕੂਲਾ : ਹਰਿਆਣਾ ਦੇ ਚਰਚਿਤ ਆਈਡੀਐੱਫਸੀ ਫਰਸਟ ਬੈਂਕ (IDFC First Bank) ਨਾਲ ਜੁੜੇ 657 ਕਰੋੜ ਰੁਪਏ ਦੇ ਘੁਟਾਲੇ ਦੇ ਮਾਮਲੇ 'ਚ ਗ੍ਰਿਫ਼ਤਾਰ ਸੀਨੀਅਰ ਆਈਏਐੱਸ ਅਧਿਕਾਰੀ ਪੰਕਜ ਅਗਰਵਾਲ ਦੀਆਂ ਮੁਸ਼ਕਲਾਂ ਵਧ ਗਈਆਂ ਹਨ।
ਪੰਕਜ ਅਗਰਵਾਲ ਦੀ ਜ਼ਮਾਨਤ ਅਰਜ਼ੀ 'ਤੇ ਪੰਚਕੂਲਾ ਸਥਿਤ ਸੀਬੀਆਈ (CBI) ਦੀ ਵਿਸ਼ੇਸ਼ ਅਦਾਲਤ 'ਚ ਸੁਣਵਾਈ ਹੋਈ। ਸੀਬੀਆਈ ਨੇ ਪੰਕਜ ਅਗਰਵਾਲ ਦੀ ਰੈਗੂਲਰ ਜ਼ਮਾਨਤ ਅਰਜ਼ੀ ਦਾ ਵਿਰੋਧ ਕੀਤਾ।
ਜਾਂਚ ਏਜੰਸੀ ਨੇ ਅਦਾਲਤ 'ਚ ਦਾਇਰ ਜਵਾਬ 'ਚ ਦੋਸ਼ ਲਗਾਇਆ ਕਿ ਪੰਕਜ ਅਗਰਵਾਲ ਘੁਟਾਲੇ ਦੇ ਮਾਸਟਰਮਾਈਂਡ ਤੇ ਚੰਡੀਗੜ੍ਹ ਸੈਕਟਰ-32 ਸਥਿਤ ਆਈਡੀਐੱਫਸੀ ਫਰਸਟ ਬੈਂਕ ਦੇ ਸਾਬਕਾ ਅਧਿਕਾਰੀ ਰਿਭਵ ਰਿਸ਼ੀ ਦੇ ਕਰੀਬੀ ਸਹਿਯੋਗੀ ਸਨ ਤੇ ਉਨ੍ਹਾਂ ਤੋਂ ਆਰਥਿਕ ਅਤੇ ਹੋਰ ਅਣਉਚਿਤ ਲਾਭ ਪ੍ਰਾਪਤ ਕਰਦੇ ਰਹੇ।
ਸੀਬੀਆਈ ਅਨੁਸਾਰ, 10 ਦਸੰਬਰ 2024 ਤੋਂ 16 ਜੂਨ 2025 ਤਕ ਸਕੂਲ ਸਿੱਖਿਆ ਵਿਭਾਗ ਦੇ ਪ੍ਰਧਾਨ ਸਕੱਤਰ ਰਹਿੰਦਿਆਂ ਅਗਰਵਾਲ ਨੇ 17 ਦਸੰਬਰ 2024 ਨੂੰ ਆਈਡੀਐੱਫਸੀ ਫਰਸਟ ਬੈਂਕ ਵੱਲੋਂ ਭੇਜੇ ਗਏ ਹਰਿਆਣਾ ਸਕੂਲ ਸਿੱਖਿਆ ਯੋਜਨਾ ਪ੍ਰੀਸ਼ਦ (HSSPP) ਦਾ ਖਾਤਾ ਖੋਲ੍ਹਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ।
31 ਦਸੰਬਰ 2024 ਨੂੰ ਉਨ੍ਹਾਂ ਨੇ ਕੋਟਕ ਮਹਿੰਦਰਾ ਬੈਂਕ ਤੋਂ 100 ਕਰੋੜ ਰੁਪਏ ਇਸ ਖਾਤੇ 'ਚ ਟ੍ਰਾਂਸਫਰ ਕਰਨ ਦੀ ਪ੍ਰਵਾਨਗੀ ਵੀ ਦਿੱਤੀ। ਏਜੰਸੀ ਦਾ ਦਾਅਵਾ ਹੈ ਕਿ ਇਹ ਫੈਸਲਾ ਵਿੱਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਦੇ ਉਲਟ ਸੀ।
ਨਾ ਤਾਂ ਸੂਚੀਬੱਧ ਬੈਂਕਾਂ ਤੋਂ ਮੁਕਾਬਲੇਬਾਜ਼ੀ ਵਾਲੇ ਪ੍ਰਸਤਾਵ ਮੰਗਵਾਏ ਗਏ ਤੇ ਨਾ ਹੀ ਵਿਆਜ ਦਰਾਂ ਦੀ ਤੁਲਨਾ ਕੀਤੀ ਗਈ। ਬੈਂਕ ਦੀ ਨਿਵੇਸ਼ ਹੱਦ 50 ਕਰੋੜ ਰੁਪਏ ਹੋਣ ਦੇ ਬਾਵਜੂਦ 100 ਕਰੋੜ ਰੁਪਏ ਟ੍ਰਾਂਸਫਰ ਕੀਤੇ ਗਏ। ਇਸੇ ਖਾਤੇ 'ਚ ਬਾਅਦ 'ਚ 101 ਫਰਜ਼ੀ ਡੈਬਿਟ ਤੇ 33 ਫਰਜ਼ੀ ਕ੍ਰੈਡਿਟ ਲੈਣ-ਦੇਣ ਰਾਹੀਂ 50.54 ਕਰੋੜ ਰੁਪਏ ਦੇ ਗਬਨ ਦਾ ਦੋਸ਼ ਹੈ।
ਸੀਬੀਆਈ ਨੇ ਇਹ ਵੀ ਦੋਸ਼ ਲਗਾਇਆ ਕਿ ਅਗਰਵਾਲ ਨੇ ਅਧੀਨ ਅਧਿਕਾਰੀਆਂ 'ਤੇ ਫਾਈਲ ਅਤੇ ਨੋਟਸ਼ੀਟ ਆਪਣੇ ਪੱਖ 'ਚ ਬਦਲਣ ਦਾ ਦਬਾਅ ਬਣਾਇਆ। 20 ਜੂਨ 2025 ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਪ੍ਰਧਾਨ ਸਕੱਤਰ ਅਤੇ ਹਰਿਆਣਾ ਰਾਜ ਖੇਤੀਬਾੜੀ ਮਾਰਕੀਟਿੰਗ ਬੋਰਡ (HSAMB) ਦੇ ਚੇਅਰਮੈਨ ਬਣਨ ਤੋਂ ਬਾਅਦ ਉਨ੍ਹਾਂ ਨੇ ਆਈਡੀਐੱਫਸੀ ਫਰਸਟ ਬੈਂਕ 'ਚ ਇਕ ਹੋਰ ਖਾਤਾ ਖੁਲ੍ਹਵਾਉਣ 'ਚ ਦਖਲਅੰਦਾਜ਼ੀ ਕੀਤੀ।
ਜਾਂਚ ਏਜੰਸੀ ਅਨੁਸਾਰ, ਪਹਿਲਾਂ ਲੰਬਿਤ ਪਏ ਪ੍ਰਸਤਾਵ ਨੂੰ ਉਨ੍ਹਾਂ ਦੀ ਦਖਲਅੰਦਾਜ਼ੀ ਤੋਂ ਬਾਅਦ ਇੱਕੋ ਦਿਨ ਵਿਚ ਮਨਜ਼ੂਰੀ ਮਿਲੀ ਅਤੇ 10 ਜੁਲਾਈ 2025 ਨੂੰ ਹਰਿਆਣਾ ਮਾਰਕੀਟਿੰਗ ਡਿਵੈਲਪਮੈਂਟ ਫੰਡ ਦੇ ਨਾਂ 'ਤੇ ਖਾਤਾ ਖੋਲ੍ਹ ਦਿੱਤਾ ਗਿਆ। ਬਾਅਦ 'ਚ ਇਸੇ ਖਾਤੇ ਤੋਂ 14 ਜਨਵਰੀ 2026 ਨੂੰ ਰੱਦ ਚੈੱਕ ਦੀ ਦੁਰਵਰਤੋਂ ਕਰਕੇ 10 ਕਰੋੜ ਰੁਪਏ ਫਰਜ਼ੀ ਤਰੀਕੇ ਨਾਲ ਕੱਢਵਾ ਲਏ ਗਏ।
ਸੀਬੀਆਈ ਨੇ ਅਦਾਲਤ ਨੂੰ ਦੱਸਿਆ ਕਿ ਜਾਂਚ ਵਿਚ ਪੰਕਜ ਅਗਰਵਾਲ ਅਤੇ ਰਿਭਵ ਰਿਸ਼ੀ ਵਿਚਕਾਰ ਇਸ ਪੂਰੇ ਘਟਨਾਕ੍ਰਮ ਨਾਲ ਜੁੜੀ ਪੁਰਾਣੀ ਗੱਲਬਾਤ ਦੇ ਸਬੂਤ ਮਿਲੇ ਹਨ। ਏਜੰਸੀ ਦਾ ਦਾਅਵਾ ਹੈ ਕਿ ਅਗਰਵਾਲ ਨੂੰ ਇਹ ਜਾਣਕਾਰੀ ਸੀ ਕਿ ਰਿਭਵ ਰਿਸ਼ੀ ਨੂੰ ਬੈਂਕ ਦੇ ਅਹੁਦੇ ਤੋਂ ਹਟਾਇਆ ਜਾ ਚੁੱਕਾ ਸੀ, ਇਸ ਦੇ ਬਾਵਜੂਦ ਦੋਵਾਂ ਵਿਚਕਾਰ ਲਗਾਤਾਰ ਸੰਪਰਕ ਬਣਿਆ ਰਿਹਾ।
ਬਚਾਅ ਧਿਰ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਉਨ੍ਹਾਂ ਦਾ ਕਹਿਣਾ ਹੈ ਕਿ ਅਗਰਵਾਲ ਨੇ ਕਦੇ ਕਿਸੇ ਤੋਂ ਰਿਸ਼ਵਤ ਨਹੀਂ ਮੰਗੀ ਤੇ ਨਾ ਹੀ ਕੋਈ ਗੈਰ-ਕਾਨੂੰਨੀ ਲਾਭ ਲਿਆ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ ਤਿੰਨ ਅਗਸਤ ਨੂੰ ਹੋਵੇਗੀ।