ਫਰਜ਼ੀ ਡਿਗਰੀ ਸਹਾਰੇ ਮਿਲੀ ਸਰਕਾਰੀ ਨੌਕਰੀ, 14 ਸਾਲ ਦੀ ਸੇਵਾ ਵੀ ਨਾ ਬਚਾਅ ਸਕੀ; ਹਾਈ ਕੋਰਟ ਨੇ ਬਰਖ਼ਾਸਤਗੀ 'ਤੇ ਲਾਈ ਮੋਹਰ
ਮਨਜੀਤ ਕੌਰ ਬਨਾਮ ਪੰਜਾਬ ਰਾਜ ਤੇ ਹੋਰ ਮਾਮਲੇ ਵਿੱਚ ਅਧਿਆਪਕਾ ਨੇ ਨੌਕਰੀ ਬਚਾਉਣ ਲਈ ਲੰਬੀ ਸੇਵਾ ਅਤੇ ਬਾਅਦ ਵਿੱਚ ਹਾਸਲ ਕੀਤੀ ਬੀਐੱਡ ਦੀ ਡਿਗਰੀ ਦਾ ਹਵਾਲਾ ਦਿੱਤਾ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਈਟੀਟੀ ਡਿਪਲੋਮਾ ਜਿਸ ਸੰਸਥਾ ਤੋਂ ਹਾਸਲ ਕਰਨ ਦਾ ਦਾਅਵਾ ਕੀਤਾ ਗਿਆ ਸੀ, ਉਸ ਦੀ ਹੋਂਦ ਹੀ ਨਹੀਂ ਸੀ।
Publish Date: Sun, 18 Oct 2026 09:45 AM (IST)
Updated Date: Sun, 18 Oct 2026 10:30 AM (IST)
ਸਟੇਟ ਬਿਊਰੋ, ਪੰਜਾਬੀ ਜਾਗਰਣ, ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਫਰਜ਼ੀ ਵਿੱਦਿਅਕ ਯੋਗਤਾ ਦੇ ਆਧਾਰ ’ਤੇ ਸਰਕਾਰੀ ਨੌਕਰੀ ਹਾਸਲ ਕਰਨ ਵਾਲੀ ਈਟੀਟੀ ਅਧਿਆਪਕਾ ਦੀ ਅਪੀਲ ਖਾਰਜ ਕਰ ਦਿੱਤੀ ਹੈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਜਿਸ ਸੰਸਥਾ ਦੀ ਹੋਂਦ ਹੀ ਨਹੀਂ ਸੀ, ਉਸ ਦੀ ਡਿਗਰੀ ਦੇ ਆਧਾਰ ’ਤੇ ਮਿਲੀ ਨੌਕਰੀ ਨੂੰ 14 ਸਾਲ ਦੀ ਸੇਵਾ ਜਾਂ ਬਾਅਦ ਵਿੱਚ ਬੀਐੱਡ ਕਰਨ ਨਾਲ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।
ਮਨਜੀਤ ਕੌਰ ਬਨਾਮ ਪੰਜਾਬ ਰਾਜ ਤੇ ਹੋਰ ਮਾਮਲੇ ਵਿੱਚ ਅਧਿਆਪਕਾ ਨੇ ਨੌਕਰੀ ਬਚਾਉਣ ਲਈ ਲੰਬੀ ਸੇਵਾ ਅਤੇ ਬਾਅਦ ਵਿੱਚ ਹਾਸਲ ਕੀਤੀ ਬੀਐੱਡ ਦੀ ਡਿਗਰੀ ਦਾ ਹਵਾਲਾ ਦਿੱਤਾ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਈਟੀਟੀ ਡਿਪਲੋਮਾ ਜਿਸ ਸੰਸਥਾ ਤੋਂ ਹਾਸਲ ਕਰਨ ਦਾ ਦਾਅਵਾ ਕੀਤਾ ਗਿਆ ਸੀ, ਉਸ ਦੀ ਹੋਂਦ ਹੀ ਨਹੀਂ ਸੀ।
ਵਿਭਾਗ ਨੇ ਜਾਂਚ ਤੋਂ ਬਾਅਦ ਅਧਿਆਪਕਾ ਨੂੰ ਦੋਸ਼ ਪੱਤਰ ਜਾਰੀ ਕਰ ਕੇ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ। ਦੋਸ਼ ਸਾਬਤ ਹੋਣ ’ਤੇ ਉਸ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ। ਅਧਿਆਪਕਾ ਨੇ ਇਸ ਫ਼ੈਸਲੇ ਨੂੰ ਹਾਈ ਕੋਰਟ ਦੇ ਸਿੰਗਲ ਬੈਂਚ ਵਿੱਚ ਚੁਣੌਤੀ ਦਿੱਤੀ ਸੀ, ਪਰ ਪਟੀਸ਼ਨ ਖਾਰਜ ਹੋ ਗਈ। ਇਸ ਤੋਂ ਬਾਅਦ ਉਸ ਨੇ ਡਿਵੀਜ਼ਨ ਬੈਂਚ ਕੋਲ ਅਪੀਲ ਦਾਇਰ ਕੀਤੀ।
ਬੈਂਚ ਨੇ ਕਿਹਾ ਕਿ ਜਦੋਂ ਲੋੜੀਂਦੀ ਵਿੱਦਿਅਕ ਯੋਗਤਾ ਦੇਣ ਵਾਲੀ ਸੰਸਥਾ ਦਾ ਵਜੂਦ ਹੀ ਨਹੀਂ ਸੀ ਤਾਂ ਉਸ ਦੇ ਨਾਂ ’ਤੇ ਜਾਰੀ ਡਿਪਲੋਮੇ ਨੂੰ ਮਾਨਤਾ ਨਹੀਂ ਦਿੱਤੀ ਜਾ ਸਕਦੀ। ਇਸੇ ਡਿਪਲੋਮੇ ਦੇ ਆਧਾਰ ’ਤੇ ਅਧਿਆਪਕਾ ਨੇ ਭਰਤੀ ਲਈ ਯੋਗਤਾ ਹਾਸਲ ਕੀਤੀ ਸੀ। ਅਦਾਲਤ ਨੇ 14 ਸਾਲ ਦੀ ਸੇਵਾ ਅਤੇ ਬਾਅਦ ਵਿੱਚ ਬੀਐੱਡ ਕਰਨ ਦੀ ਦਲੀਲ ਰੱਦ ਕਰਦਿਆਂ ਨੌਕਰੀ ਤੋਂ ਹਟਾਉਣ ਦਾ ਫ਼ੈਸਲਾ ਬਰਕਰਾਰ ਰੱਖਿਆ।