- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਮੁਲਾਕਾਤ ਤੋਂ ਬਾਅਦ ਨਾਰਾਜ਼ ਚੱਲ ਰਹੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬਾਜਵਾ ਦੇ ਘਰ ਪੁੱਜੇ ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਹੈ। ਦੋਵਾਂ ਨੇਤਾਵਾਂ ਦਰਮਿਆਨ ਹੋਈ ਗੱਲਬਾਤ ਦੇ ਵੇਰਵੇ ਸਾਹਮਣੇ ਨਹੀਂ ਆਏ ਪਰ ਮੀਡੀਆ ਦੇ ਇਕ ਹਿੱਸੇ ’ਚ ਬਾਜਵਾ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਲਗਾਏ ਜਾਣ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਹਨ।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ : ਪੰਜਾਬ ਕਾਂਗਰਸ ਦੀ ਅੰਦਰੂਨੀ ਗੁਟਬਾਜ਼ੀ ਦੀ ਉਲਝੀ ਤੰਦ ਸਲਝਾਉਣ ਲਈ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾ ਅਰਜੁਨ ਖੜਗੇ ਤੇ ਜਨਰਲ ਸਕੱਤਰ ਕੇਸੀ ਵੈਣੁਗੋਪਾਲ ਅੱਗੇ ਆਏ ਹਨ। ਬੁੱਧਵਾਰ ਨੂੰ ਦੋਵਾਂ ਨੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਨਾਲ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਤੋਂ ਬਾਅਦ ਨਾਰਾਜ਼ ਚੱਲ ਰਹੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬਾਜਵਾ ਦੇ ਘਰ ਪੁੱਜੇ ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਹੈ। ਦੋਵਾਂ ਨੇਤਾਵਾਂ ਦਰਮਿਆਨ ਹੋਈ ਗੱਲਬਾਤ ਦੇ ਵੇਰਵੇ ਸਾਹਮਣੇ ਨਹੀਂ ਆਏ ਪਰ ਮੀਡੀਆ ਦੇ ਇਕ ਹਿੱਸੇ ’ਚ ਬਾਜਵਾ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਲਗਾਏ ਜਾਣ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਹਨ। ਜਦਕਿ ਭੁਪੇਸ਼ ਬਘੇਲ ਨੇ ਦਿੱਲੀ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੜ ਦੁਹਰਾਇਆ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਨਹੀਂ ਹਟਾਇਆ ਜਾਵੇਗਾ।
ਦੱਸਿਆ ਜਾਂਦਾ ਹੈ ਕਿ ਪੰਜਾਬ ਕਾਂਗਰਸ ਦੇ ਚੱਲ ਰਹੇ ਕਾਟੋ ਕਲੇਸ਼ ਨੂੰ ਲੈ ਕੇ ਪਾਰਟੀ ਹਾਈਕਮਾਨ ਕਾਫ਼ੀ ਚਿੰਤਤ ਹੈ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਵਿਦੇਸ਼ ਤੋਂ ਵਾਪਸ ਆਉਂਦਿਆਂ ਹੀ ਪਾਰਟੀ ਪ੍ਰਧਾਨ ਮਲਿਕਾ ਅਰੁਜਨ ਖੜਗੇ ਤੇ ਜਨਰਲ ਸਕੱਤਰ ਕੇਸੀ ਵੈਣੂਗੋਪਾਲ ਦਰਮਿਆਨ ਲੰਬੀ ਮੀਟਿੰਗ ਹੋਈ। ਦੱਸਿਆ ਜਾਂਦਾ ਹੈ ਕਿ ਪਾਰਟੀ ਦੇ ਤਿੰਨਾਂ ਸੀਨੀਅਰ ਨੇਤਾਵਾਂ ਨੇ ਪੰਜਾਬ ਕਾਂਗਰਸ ਦੀ ਗੁਟਬਾਜ਼ੀ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਪ੍ਰਭਾਵ ਨਾਲ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਨੂੰ ਦਿੱਲੀ ਤਲਬ ਕਰ ਲਿਆ ਤੇ ਪੰਜਾਬ ਕਾਂਗਰਸ ਬਾਰੇ ਫੀਡਬੈਕ ਪ੍ਰਾਪਤ ਕੀਤੀ।
ਕਾਂਗਰਸੀ ਹਲਕਿਆਂ ’ਚ ਚਰਚਾ ਹੈ ਕਿ ਅਗਲੇ ਦਿਨਾਂ ’ਚ ਖੜਗੇ ਤੇ ਵੈਣੂਗੋਪਾਲ ਪੰਜਾਬ ਕਾਂਗਰਸ ਦੇ ਦੂਜੇ ਆਗੂਆਂ ਨਾਲ ਵੀ ਮੀਟਿੰਗ ਕਰਨਗੇ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾਂ, ਪਰਗਟ ਸਿੰਘ ਸਮੇਤ ਹੋਰ ਆਗੂ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਰਾਹੁਲ ਗਾਂਧੀ ਨਾਲ ਮੁਲਾਕਾਤ ਕਰ ਕੇ ਸਾਰੀ ਸਥਿਤੀ ਤੋਂ ਜਾਣੂ ਕਰਵਾਉਣਗੇ। ਰਾਹੁਲ ਗਾਂਧੀ ਸੂਬੇ ਦੇ ਆਗੂਆਂ ਨੂੰ ਮਿਲਣ ਲਈ ਸਮਾਂ ਦੇਣਗੇ ਜਾਂ ਨਹੀ? ਇਸ ਬਾਰੇ ਕਈ ਤਰ੍ਹਾਂ ਦੀਆਂ ਅਟਕਲਾਂ ਚੱਲ ਰਹੀਆਂ ਹਨ।
ਸੂਤਰਾਂ ਮੁਤਾਬਕ ਕਾਂਗਰਸ ਹਾਈਕਮਾਨ 2021 ’ਚ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਵਾਲੀ ਗ਼ਲਤੀ ਤੋਂ ਗੁਰੇਜ਼ ਕਰ ਰਹੀ ਹੈ। ਇਹੀ ਕਾਰਨ ਬਘੇਲ ਵਾਰ-ਵਾਰ ਕਹਿ ਰਹੇ ਹਨ ਕਿ ਵੜਿੰਗ ਨੂੰ ਹਟਾਇਆ ਨਹੀਂ ਜਾਵੇਗਾ। ਜਦਕਿ ਚੰਨੀ ਧੜਾ ਪੰਜਾਬ ’ਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਲੀਡਰਸ਼ਿਪ ’ਚ ਬਦਲਾਅ ਦੀ ਮੰਗ ਕਰ ਰਿਹਾ ਹੈ। ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਘਰ ਹੋਈ ਮੀਟਿੰਗ ’ਚ ਨਾਰਾਜ਼ ਆਗੂ ਇੱਥੋ ਤੱਕ ਕਹਿ ਚੁੱਕੇ ਹਨ ਕਿ ਉਨ੍ਹਾਂ ਨੂੰ ਸਮਝੌਤਾਵਾਦੀ ਨੇਤਾ ਨਹੀਂ ਚਾਹੀਦਾ। ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਕਾਂਗਰਸ ਦੀ ਗੁਟਬਾਜੀ ਨੂੰ ਖ਼ਤਮ ਕਰਨ ’ਚ ਨਾਕਾਮ ਸਾਬਤ ਹੋਏ ਹਨ।
ਵਰਨਣਯੋਗ ਹੈ ਕਿ ਰਾਜਾ ਵੜਿੰਗ ਨੂੰ ਮੁੜ ਸੂਬਾ ਪ੍ਰਧਾਨ ਬਣਾਏ ਜਾਣ ਕਾਰਨ ਚੰਨੀ ਧੜ੍ਹਾ ਕਾਫ਼ੀ ਨਾਰਾਜ਼ ਹੈ ਤੇ ਉਹ ਵੜਿੰਗ ਨੂੰ ਹਟਾਉਣ ਦੀ ਮੰਗ ਕਰ ਰਿਹਾ ਹੈ। ਦੂਜੇ ਪਾਸੇ ਸੋਸ਼ਲ ਮੀਡੀਆਂ ’ਤੇ ਚੰਨੀ ਨੂੰ ਮੁੱਖ ਮੰਤਰੀ ਐਲਾਨਣ ਦੀ ਮੁਹਿੰਮ ਵੀ ਚੱਲ ਰਹੀ ਹੈ।