ਚੰਡੀਗੜ੍ਹ 'ਚ ਹੈੱਡ ਕਾਂਸਟੇਬਲ ਦੀ ਹੱਤਿਆ, ਸਿਰ 'ਚ ਮਾਰੀ ਗੋਲ਼ੀ; ਬਿਆਨ ਬਦਲਣ 'ਤੇ 18 ਸਾਲਾ ਪੁੱਤਰ ਗ੍ਰਿਫ਼ਤਾਰ
ਵਾਰਦਾਤ ਸ਼ੁੱਕਰਵਾਰ ਸਵੇਰੇ 9 ਵਜੇ ਹੋਈ। ਗੋਲ਼ੀ ਚੱਲਣ ਦੀ ਆਵਾਜ਼ ਸੁਣ ਕੇ ਗੁਆਂਢੀਆਂ ਨੇ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ। ਸੈਕਟਰ-17 ਥਾਣਾ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਨਿਤਿਨ ਜ਼ਖ਼ਮੀ ਹਾਲਤ 'ਚ ਬੈੱਡ 'ਤੇ ਪਏ ਮਿਲੇ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
Publish Date: Fri, 25 Sep 2026 03:23 PM (IST)
Updated Date: Fri, 25 Sep 2026 03:25 PM (IST)
ਡਿਜੀਟਲ ਡੈਸਕ, ਚੰਡੀਗੜ੍ਹ : ਸੈਕਟਰ-22 ਸਥਿਤ ਸਰਕਾਰੀ ਕੁਆਰਟਰ 'ਚ ਹੈੱਡ ਕਾਂਸਟੇਬਲ 42 ਸਾਲਾ ਨਿਤਿਨ ਦੇ ਸਿਰ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਵਾਰਦਾਤ ਦੇ ਸਮੇਂ ਘਰ 'ਚ ਨਿਤਿਨ ਦੀ ਪਤਨੀ ਮੋਨਿਕਾ, ਜੋ ਚੰਡੀਗੜ੍ਹ ਪੁਲਿਸ 'ਚ ਹੀ ਤਾਇਨਾਤ ਹਨ, ਅਤੇ ਉਨ੍ਹਾਂ ਦਾ 18 ਸਾਲਾ ਪੁੱਤਰ ਅਰਮਾਨ ਮੌਜੂਦ ਸਨ। ਵਾਰ-ਵਾਰ ਬਿਆਨ ਬਦਲਣ ਕਾਰਨ ਪੁਲਿਸ ਨੇ ਅਰਮਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਪਰ ਵਾਰਦਾਤ ਦੇ 6 ਘੰਟੇ ਬਾਅਦ ਵੀ ਇਹ ਸਵਾਲ ਬਣਿਆ ਹੋਇਆ ਹੈ ਕਿ ਆਖ਼ਰ ਨਿਤਿਨ ਨੂੰ ਗੋਲੀ ਕਿਸ ਨੇ ਮਾਰੀ। ਪੁਲਿਸ ਨੂੰ ਮੌਕੇ ਤੋਂ ਇੱਕ ਦੇਸੀ ਕੱਟਾ ਵੀ ਬਰਾਮਦ ਹੋਇਆ ਹੈ।
ਵਾਰਦਾਤ ਸ਼ੁੱਕਰਵਾਰ ਸਵੇਰੇ 9 ਵਜੇ ਹੋਈ। ਗੋਲ਼ੀ ਚੱਲਣ ਦੀ ਆਵਾਜ਼ ਸੁਣ ਕੇ ਗੁਆਂਢੀਆਂ ਨੇ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ। ਸੈਕਟਰ-17 ਥਾਣਾ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਨਿਤਿਨ ਜ਼ਖ਼ਮੀ ਹਾਲਤ 'ਚ ਬੈੱਡ 'ਤੇ ਪਏ ਮਿਲੇ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਸ਼ੁਰੂਆਤੀ ਪੁੱਛਗਿੱਛ 'ਚ ਅਰਮਾਨ ਨੇ ਪੁਲਿਸ ਨੂੰ ਦੱਸਿਆ ਕਿ ਕਿਸੇ ਵਿਅਕਤੀ ਨੇ ਉਸ ਦੇ ਪਿਤਾ ਨੂੰ ਗੋਲੀ ਮਾਰੀ ਅਤੇ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਜਦੋਂ ਉਸ ਤੋਂ ਘਟਨਾ ਬਾਰੇ ਦੁਬਾਰਾ ਪੁੱਛਗਿੱਛ ਕੀਤੀ ਤਾਂ ਉਸ ਦੇ ਬਿਆਨ 'ਚ ਵਿਰੋਧਾਭਾਸ ਸਾਹਮਣੇ ਆਏ। ਪੁਲਿਸ ਨੂੰ ਉਸ ਦੇ ਬਿਆਨ 'ਤੇ ਸ਼ੱਕ ਹੋਇਆ। ਇਸ ਦੇ ਨਾਲ ਹੀ ਕਤਲ ਦੌਰਾਨ ਉਸ ਨੇ ਰੌਲਾ ਵੀ ਨਹੀਂ ਪਾਇਆ। ਬਿਆਨਾਂ 'ਚ ਵਿਰੋਧਾਭਾਸ ਹੋਣ 'ਤੇ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖ਼ਰ ਪੁਲਿਸ ਮੁਲਾਜ਼ਮ ਨੂੰ ਗੋਲੀ ਕਿਸ ਨੇ ਮਾਰੀ। ਪੁਲਿਸ ਅਰਮਾਨ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਘਟਨਾ ਸਥਾਨ ਤੋਂ ਮਿਲੇ ਸਬੂਤਾਂ, ਦੇਸੀ ਕੱਟੇ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਨੂੰ ਮਿਲਾ ਕੇ ਘਟਨਾਕ੍ਰਮ ਦੀਆਂ ਕੜੀਆਂ ਜੋੜੀਆਂ ਜਾ ਰਹੀਆਂ ਹਨ। ਨਿਤਿਨ ਅਕਾਊਂਟ ਬ੍ਰਾਂਚ, ਪੁਲਿਸ ਹੈੱਡਕੁਆਰਟਰ ਸੈਕਟਰ-9 'ਚ ਤਾਇਨਾਤ ਸਨ।
ਇੱਕ ਗੁਆਂਢੀ ਨੇ ਦੱਸਿਆ ਕਿ ਨਿਤਿਨ ਦੇ ਘਰ 'ਚ ਕੁਝ ਦਿਨਾਂ ਤੋਂ ਵਿਵਾਦ ਚੱਲ ਰਿਹਾ ਸੀ। ਸ਼ੁੱਕਰਵਾਰ ਸਵੇਰੇ ਵੀ ਘਰ ਤੋਂ ਝਗੜੇ ਅਤੇ ਰੌਲੇ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ। ਇਸ ਤੋਂ ਕੁਝ ਦੇਰ ਬਾਅਦ ਗੋਲੀ ਚੱਲਣ ਦੀ ਆਵਾਜ਼ ਆਈ।
ਐੱਸਐੱਸਪੀ ਕੰਵਰਦੀਪ ਕੌਰ ਨੇ ਦੱਸਿਆ ਕਿ ਪੁਲਿਸ ਨੇ ਇਲਾਕੇ ਨੂੰ ਘੇਰ ਕੇ ਮੌਕੇ ਤੋਂ ਸਬੂਤ ਇਕੱਠੇ ਕੀਤੇ ਹਨ। ਇੱਕ ਦੇਸੀ ਕੱਟਾ ਮਿਲਿਆ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਫਿਲਹਾਲ ਪੁੱਤਰ ਤੋਂ ਪੁੱਛਗਿੱਛ ਅਤੇ ਘਟਨਾ ਸਥਾਨ ਤੋਂ ਮਿਲੇ ਸਬੂਤਾਂ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਅੱਗੇ ਵਧਾ ਰਹੀ ਹੈ।
ਪੁੱਤਰ ਨੇ ਥਾਰ ਨਾਲ ਦੋ ਅਧਿਆਪਕਾਂ ਨੂੰ ਕੁਚਲਿਆ ਸੀ
25 ਫਰਵਰੀ ਦੀ ਰਾਤ ਕਲਾਗ੍ਰਾਮ ਲਾਈਟ ਪੁਆਇੰਟ 'ਤੇ ਅਰਮਾਨ ਨੇ ਆਪਣੀ ਤੇਜ਼ ਰਫ਼ਤਾਰ ਥਾਰ ਨਾਲ ਬਾਈਕ ਸਵਾਰ ਦੋ ਅਧਿਆਪਕਾਂ ਨੂੰ ਕੁਚਲ ਦਿੱਤਾ ਸੀ। ਦੋਵਾਂ ਅਧਿਆਪਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਮ੍ਰਿਤਕਾਂ ਦੀ ਪਛਾਣ 46 ਸਾਲਾ ਗੁਲਸ਼ੇਰ ਅਲੀ ਅਤੇ 44 ਸਾਲਾ ਅਬਦੁਲ ਸੁਭਾਨ ਵਜੋਂ ਹੋਈ ਹੈ, ਜੋ ਮੂਲ ਰੂਪ 'ਚ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦੇ ਰਹਿਣ ਵਾਲੇ ਸਨ। ਵਾਰਦਾਤ ਤੋਂ ਬਾਅਦ ਅਰਮਾਨ ਮੌਕੇ ਤੋਂ ਫਰਾਰ ਹੋ ਗਿਆ ਸੀ। ਪੁਲਿਸ ਨੇ ਥਾਰ ਦੇ ਨੰਬਰ ਦੇ ਆਧਾਰ 'ਤੇ ਬਾਅਦ 'ਚ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਸੇ ਮਾਮਲੇ 'ਚ ਉਹ ਜੇਲ੍ਹ ਗਿਆ ਸੀ ਅਤੇ ਫਿਲਹਾਲ ਜ਼ਮਾਨਤ 'ਤੇ ਸੀ।