ਨਸ਼ਾ ਮੁਕਤ ਪੰਜਾਬ ਯਾਤਰਾ 'ਤੇ ਚੀਮਾ ਦਾ ਪਲਟਵਾਰ, ਬੋਲੇ- ਪਹਿਲਾਂ ਮੁੰਦਰਾ ਪੋਰਟ ਸੰਭਾਲੋ, ਫਿਰ ਪੰਜਾਬ 'ਚ ਕੱਢੋ ਯਾਤਰਾ
ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ 'ਚ ਲਗਪਗ 55 ਕਿਲੋਮੀਟਰ ਦਾ ਸਰਹੱਦੀ ਖੇਤਰ ਕੇਂਦਰ ਦੇ ਅਧੀਨ ਆਉਂਦਾ ਹੈ ਤੇ ਸਰਹੱਦ ਪਾਰ ਤੋਂ ਨਸ਼ਿਆਂ ਦੀ ਤਸਕਰੀ ਰੋਕਣ 'ਚ ਕੇਂਦਰ ਦੀ ਵੀ ਅਹਿਮ ਭੂਮਿਕਾ ਹੈ। ਉਨ੍ਹਾਂ ਮੁੰਦਰਾ ਪੋਰਟ ਤੋਂ ਲਗਪਗ 3,000 ਕਿਲੋ ਡਰੱਗਜ਼ ਬਰਾਮਦ ਹੋਣ ਦਾ ਮੁੱਦਾ ਚੁੱਕਦਿਆਂ ਭਾਜਪਾ ਤੋਂ ਸਵਾਲ ਕੀਤਾ ਕਿ ਇਸ ਮਾਮਲੇ 'ਚ ਕੀ ਕਾਰਵਾਈ ਕੀਤੀ ਗਈ।
Publish Date: Wed, 16 Sep 2026 04:16 PM (IST)
Updated Date: Wed, 16 Sep 2026 04:18 PM (IST)
ਰੋਹਿਤ ਕੁਮਾਰ, ਚੰਡੀਗੜ੍ਹ : ਭਾਜਪਾ ਵੱਲੋਂ ਸ਼ੁਰੂ ਕੀਤੀ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਲੈ ਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਾਜਪਾ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ 'ਚ ਨਸ਼ਿਆਂ ਖ਼ਿਲਾਫ਼ ਯਾਤਰਾ ਕੱਢਣ ਤੋਂ ਪਹਿਲਾਂ ਭਾਜਪਾ ਨੂੰ ਉਨ੍ਹਾਂ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ, ਜੋ ਨਸ਼ਿਆਂ ਦੀ ਤਸਕਰੀ ਅਤੇ ਸਰਹੱਦ ਪਾਰ ਤੋਂ ਆਉਣ ਵਾਲੇ ਡਰੱਗਜ਼ ਨੂੰ ਲੈ ਕੇ ਲਗਾਤਾਰ ਉੱਠਦੇ ਰਹੇ ਹਨ।
ਚੀਮਾ ਨੇ ਖ਼ਾਸ ਤੌਰ 'ਤੇ ਗੁਜਰਾਤ ਦੇ ਮੁੰਦਰਾ ਪੋਰਟ ਤੋਂ ਡਰੱਗਜ਼ ਦੀ ਵੱਡੀ ਬਰਾਮਦਗੀ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਭਾਜਪਾ ਨੂੰ ਪਹਿਲਾਂ ਮੁੰਦਰਾ ਪੋਰਟ ਸੰਭਾਲਣੀ ਚਾਹੀਦੀ ਹੈ, ਇਸ ਤੋਂ ਬਾਅਦ ਪੰਜਾਬ 'ਚ ਯਾਤਰਾ ਕੱਢਣੀ ਚਾਹੀਦੀ ਹੈ।
ਚੀਮਾ ਨੇ ਦੋਸ਼ ਲਾਇਆ ਕਿ 2007 ਤੋਂ 2017 ਤੱਕ ਦੇ ਅਕਾਲੀ-ਭਾਜਪਾ ਸ਼ਾਸਨ ਦੌਰਾਨ ਪੰਜਾਬ 'ਚ 'ਚਿੱਟਾ' ਘਰ-ਘਰ ਚਰਚਾ 'ਚ ਆ ਗਿਆ ਸੀ। ਉਨ੍ਹਾਂ ਸਰਕਾਰੀ ਗੱਡੀਆਂ ਰਾਹੀਂ ਨਸ਼ਿਆਂ ਦੀ ਸਪਲਾਈ ਦੇ ਲੱਗੇ ਦੋਸ਼ਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਦਾ ਦਾਅਵਾ ਹੈ ਕਿ ਅਕਾਲੀ-ਭਾਜਪਾ ਆਗੂਆਂ ਖ਼ਿਲਾਫ਼ ਜਾਂਚ ਸ਼ੁਰੂ ਕਰਨ ਵਾਲੇ ਜਲੰਧਰ ਦੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਅਧਿਕਾਰੀ ਦਾ ਬਾਅਦ 'ਚ ਤਬਾਦਲਾ ਕਰ ਦਿੱਤਾ ਗਿਆ ਸੀ।
ਬਾਰਡਰ ਤੇ ਮੁੰਦਰਾ ਪੋਰਟ 'ਤੇ ਭਾਜਪਾ ਤੋਂ ਸਵਾਲ
ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ 'ਚ ਲਗਪਗ 55 ਕਿਲੋਮੀਟਰ ਦਾ ਸਰਹੱਦੀ ਖੇਤਰ ਕੇਂਦਰ ਦੇ ਅਧੀਨ ਆਉਂਦਾ ਹੈ ਤੇ ਸਰਹੱਦ ਪਾਰ ਤੋਂ ਨਸ਼ਿਆਂ ਦੀ ਤਸਕਰੀ ਰੋਕਣ 'ਚ ਕੇਂਦਰ ਦੀ ਵੀ ਅਹਿਮ ਭੂਮਿਕਾ ਹੈ। ਉਨ੍ਹਾਂ ਮੁੰਦਰਾ ਪੋਰਟ ਤੋਂ ਲਗਪਗ 3,000 ਕਿਲੋ ਡਰੱਗਜ਼ ਬਰਾਮਦ ਹੋਣ ਦਾ ਮੁੱਦਾ ਚੁੱਕਦਿਆਂ ਭਾਜਪਾ ਤੋਂ ਸਵਾਲ ਕੀਤਾ ਕਿ ਇਸ ਮਾਮਲੇ 'ਚ ਕੀ ਕਾਰਵਾਈ ਕੀਤੀ ਗਈ।
ਚੀਮਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਨਸ਼ਿਆਂ ਖ਼ਿਲਾਫ਼ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਸ਼ੁਰੂ ਕੀਤੀ ਅਤੇ ਸੂਬਾ ਪੱਧਰ 'ਤੇ ਐਂਟੀ-ਡਰੋਨ ਸਿਸਟਮ ਲਗਾਇਆ। ਉਨ੍ਹਾਂ ਦੇ ਅਨੁਸਾਰ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ, ਜਿਸ ਨੇ ਆਪਣੇ ਪੱਧਰ 'ਤੇ ਅਜਿਹਾ ਸਿਸਟਮ ਸਥਾਪਤ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਤੋਂ ਬਾਅਦ ਪਾਕਿਸਤਾਨ ਤੋਂ ਡਰੱਗਜ਼ ਦੀ ਸਪਲਾਈ 'ਚ ਲਗਭਗ 80 ਫ਼ੀਸਦੀ ਕਮੀ ਆਈ ਹੈ। ਪੰਜਾਬ ਪੁਲਿਸ ਦੂਜੇ ਸੂਬਿਆਂ 'ਚ ਜਾ ਕੇ ਵੀ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰ ਰਹੀ ਹੈ।