ਗਰੀਨ ਬੈਲਟਾਂ ਤੇ ਚੌਕ-ਚੌਰਾਹਿਆਂ ਦਾ ਹੋਵੇਗਾ ਸੁੰਦਰੀਕਰਨ ਗਰੀਨ ਬੈਲਟਾਂ ਤੇ ਚੌਕ ਚੌਰਾਹਿਆਂ ਦਾ
Publish Date: Sat, 04 Jul 2026 08:07 PM (IST)
Updated Date: Sun, 05 Jul 2026 04:06 AM (IST)
ਸ਼ਹਿਰ ਦੀ ਬਦਲੇਗੀ ਦਿੱਖ, ਨਗਰ ਨਿਗਮ ਹੁਣ ਪ੍ਰਾਈਵੇਟ ਕੰਪਨੀਆਂ ਨੂੰ ਸੌਂਪੇਗਾ ਪਾਰਕਾਂ, ਗਰੀਨ ਬੈਲਟਾਂ ਤੇ ਮੈਂਗੋ ਪਾਰਕਾਂ ਦਾ ਕੰਮ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਮੁਹਾਲੀ ਨਗਰ ਨਿਗਮ ਵੱਲੋਂ ਸ਼ਹਿਰ ਦੀ ਸੁੰਦਰਤਾ, ਖ਼ੂਬਸੂਰਤ ਦਿੱਖ ਤੇ ਅੰਦਰੂਨੀ ਹਿੱਸੇ ਅਤੇ ਬਾਹਰੀ ਹਿੱਸੇ ਦੇ ਹਰਿਆਵਲ ਨੂੰ ਇਕ ਨਵਾਂ ਅਤੇ ਆਕਰਸ਼ਕ ਰੂਪ ਦੇਣ ਲਈ ਇਕ ਵਿਸ਼ੇਸ਼ ਯੋਜਨਾ ਤਿਆਰ ਕੀਤੀ ਗਈ ਹੈ। ਨਿਗਮ ਪ੍ਰਸ਼ਾਸਨ ਨੇ ਸ਼ਹਿਰ ਦੇ ਸਾਰੇ ਪ੍ਰਮੁੱਖ ਚੌਕ-ਚੌਰਾਹਿਆਂ ਦੇ ਸੁੰਦਰੀਕਰਨ ਅਤੇ ਹਰਿਆਵਲ ਖੇਤਰਾਂ ਦੀ ਬਿਹਤਰ ਸਾਂਭ-ਸੰਭਾਲ ਲਈ ਆਪਣੇ ਯਤਨਾਂ ਨੂੰ ਤੇਜ਼ ਕਰ ਦਿੱਤਾ ਹੈ। ਇਸ ਪੂਰੀ ਪ੍ਰਕਿਰਿਆ ’ਚ ਪਾਰਦਰਸ਼ਤਾ ਤੇ ਪ੍ਰਭਾਵਸ਼ਾਲੀ ਕੰਮ ਨੂੰ ਯਕੀਨੀ ਬਣਾਉਣ ਲਈ ਨਿਗਮ ਨੇ ਇਹ ਕੰਮ ਠੇਕਾ ਆਧਾਰ ਤੇ ਨਿੱਜੀ ਕੰਪਨੀਆਂ (ਪ੍ਰਾਈਵੇਟ ਫਰਮਾਂ) ਨੂੰ ਸੌਂਪਣ ਦਾ ਫ਼ੈਸਲਾ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਨਗਰ ਨਿਗਮ ਅਧੀਨ ਆਉਂਦੀਆਂ ਪਾਰਕਾਂ, ਗਰੀਨ ਬੈਲਟਾਂ, ਇੰਡਸਟਰੀ ਏਰੀਆ ਫੇਜ਼-3 ਅਤੇ ਇੰਡਸਟਰੀ ਏਰੀਆ ਫੇਜ਼-6 ਦੀਆਂ ਮੈਗੋ ਬੈਲਟਾਂ ਵਿਚ ਲੱਗੇ ਅੰਬਾਂ ਦੇ ਬੂਟਿਆਂ ਨੂੰ ਅਗਲੇ ਦੋ ਸਾਲਾਂ ਲਈ ਠੇਕੇ ’ਤੇ ਦਿੱਤਾ ਜਾਵੇਗਾ। ਇਹ ਕੰਮ ਖੁੱਲ੍ਹੀ ਬੋਲੀ ਰਾਹੀਂ ਠੇਕੇ ’ਤੇ ਦਿੱਤਾ ਹੈ। ਇਸ ਸਬੰਧੀ ਚਾਹਵਾਨ ਵਿਅਕਤੀ 6 ਜੁਲਾਈ ਨੂੰ ਸਵੇਰੇ 11 ਵਜੇ ਤੱਕ ਮੁਹਾਲੀ ਦੇ ਸੈਕਟਰ-68 ਸਥਿਤ ਨਗਰ ਨਿਗਮ ਦਫ਼ਤਰ ਵਿਚ ਪਹੁੰਚ ਕੇ ਖੁੱਲ੍ਹੀ ਬੋਲੀ ਦੇ ਸਕਦੇ ਹਨ। ਇਸ ਕੰਮ ਦੀ ਰਿਜ਼ਰਵ ਕੀਮਤ 18 ਲੱਖ ਰੁਪਏ ਤੈਅ ਕੀਤੀ ਗਈ ਹੈ। ਬੋਲੀ ਦੇਣ ਲਈ ਸਬੰਧਤ ਵਿਅਕਤੀ ਨੂੰ 25 ਹਜ਼ਾਰ ਰੁਪਏ ਬਿਆਨਾ ਰਾਸ਼ੀ ਦੇਣੀ ਪਵੇਗੀ। ਬਾਕਸ: ਸਨਅਤੀ ਏਰੀਆ ਫੇਜ਼-3 ਮੈਗੋ ਪਾਰਕ ਤੋਂ ਲੈ ਕੇ ਫੇਜ਼-6 ਤੱਕ ਵਾਲੀ ਗਰੀਨ ਬੈਲਟ ਸਫ਼ਾਈ ਦਾ ਮਾੜਾ ਹਾਲ ਹੈ। ਸਭ ਤੋਂ ਲੰਬੀ ਇਸ ਗਰੀਨ ਬੈਲਟ ਨੂੰ ਦੇਖ ਕੇ ਇੰਜ ਜਾਪਦਾ ਹੈ ਕਿ ਜਿਵੇਂ ਇਸ ਦੀ ਪਿਛਲੇ ਕਾਫ਼ੀ ਸਮੇਂ ਸਫ਼ਾਈ ਨਹੀਂ ਹੋਈ। ਪਾਰਕ ਵਿਚ ਹਰ ਪਾਸੇ ਸੁੱਕੇ ਪੱਤਿਆਂ ਦੀ ਭਰਮਾਰ ਹੈ। ਥਾਂ-ਥਾਂ ’ਤੇ ਪਲਾਸਟਿਕ ਦੇ ਲਿਫ਼ਾਫ਼ੇ ਖਿੱਲਰੇ ਪਏ ਹਨ। ਨਿਗਮ ਪ੍ਰਸ਼ਾਸਨ ਵੱਲੋਂ ਇਸ ਦੀ ਸਹੀ ਤਰੀਕੇ ਨਾਲ ਦੇਖਭਾਲ ਨਹੀਂ ਕੀਤੀ ਜਾ ਰਹੀ ਹੈ। ਜਿਸ ਕਾਰਨ ਵਾਤਾਵਰਣ ਪ੍ਰੇਮੀ ਅਤੇ ਸ਼ਹਿਰ ਵਾਸੀ ਕਾਫ਼ੀ ਨਿਰਾਸ਼ ਹਨ ਅਤੇ ਉਨ੍ਹਾਂ ਮੰਗ ਕੀਤੀ ਮੈਗੋ ਪਾਰਕ ਦੀ ਹਾਲਤ ਸੁਧਾਰੀ ਜਾਵੇ। ਸੁਖਦੀਪ ਸਿੰਘ ਨਿਆਂ ਸ਼ਹਿਰ, ਸੋਸ਼ਲ ਵਰਕਰ। ਬਾਕਸ : ਮੁਹਾਲੀ ਪ੍ਰਸ਼ਾਸਨ ਵੱਲੋਂ ਮੈਗੋ ਪਾਰਕ ਨੂੰ ਬਿਲਕੁਲ ਅਣਗੌਲਿਆ ਕੀਤਾ ਹੋਇਆ ਹੈ, ਇਸ ਕਾਰਨ ਜ਼ਿਆਦਾਤਰ ਲੋਕ ਹੁਣ ਪਾਰਕ ਵਿਚ ਜਾਣ ਤੋਂ ਕਤਰਾਉਂਦੇ ਹਨ। ਸਫ਼ਾਈ ਦਾ ਮਾੜਾ ਹਾਲ ਹੈ, ਸਟਰੀਟ ਲਾਈਟ ਅਤੇ ਫੁੱਟ ਲਾਈਟ ਦਾ ਵੀ ਢੁਕਵਾਂ ਪ੍ਰਬੰਧ ਨਹੀਂ ਹੈ। ਪਖ਼ਾਨੇ ਵੀ ਵਰਤੋਯੋਗ ਨਹੀਂ ਹਨ ਅਤੇ ਪੀਣ ਵਾਲੇ ਪਾਣੀ ਦੀ ਵੀ ਸਮੱਸਿਆ ਹੈ। ਮੁਹਾਲੀ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਮੈਗੋ ਮਾਰਕ ਨੂੰ ਸੈਰਗਾਹ ਵਜੋਂ ਵਿਕਸਤ ਕੀਤਾ ਜਾਵੇ ਅਤੇ ਪਾਰਕ ਵਿਚ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਵੱਧ ਤੋਂ ਵੱਧ ਸ਼ਹਿਰ ਵਾਸੀ ਇਸ ਦੀ ਵਰਤੋਂ ਕਰ ਸਕਣ। ਐਡਵੋਕੇਟ ਧੀਰਜ ਕੌਸ਼ਲ, ਮੁਹਾਲੀ। ਬਾਕਸ : ਮੁਹਾਲੀ ਨਗਰ ਨਿਗਮ ਵੱਲੋਂ ਨਾ ਸਿਰਫ਼ ਪਾਰਕਾਂ ਤੇ ਗਰੀਨ ਬੈਲਟਾਂ ਨੂੰ ਸੁੰਦਰ ਬਣਾਇਆ ਜਾਵੇਗਾ, ਬਲਕਿ ਇਨ੍ਹਾਂ ਦੀ ਰੋਜ਼ਾਨਾ ਦੀ ਦੇਖਭਾਲ ਅਤੇ ਮੇਨਟੇਨੈਂਸ ਲਈ ਵੀ ਪੂਰੀ ਤਰ੍ਹਾਂ ਜ਼ਿੰਮੇਵਾਰ ਤੈਅ ਕੀਤੀ ਜਾਵੇਗੀ। ਸ਼ਹਿਰ ਦੇ ਵੱਖ-ਵੱਖ ਫੇਜ਼ਾਂ ਅਤੇ ਸੈਕਟਰਾਂ ਵਿਚਲੇ ਪਾਰਕਾਂ ਅਤੇ ਗਰੀਨ ਬੈਲਟਾਂ ਦੀ ਮੌਜੂਦਾ ਸਥਿਤੀ ਨੂੰ ਸੁਧਾਰਨ ਲਈ ਵੀ ਨਿੱਜੀ ਕੰਪਨੀਆਂ ਦੀ ਮਦਦ ਲਈ ਜਾ ਰਹੀ ਹੈ। ਇਸ ਫ਼ੈਸਲੇ ਨਾਲ ਨਗਰ ਨਿਗਮ ਦੇ ਬਾਗਬਾਨੀ ਵਿਭਾਗ ਉੱਤੇ ਕੰਮ ਦਾ ਬੋਝ ਕਾਫ਼ੀ ਘਟੇਗਾ। ਪਾਰਕਾਂ ਵਿਚ ਰੋਜ਼ਾਨਾ ਸਫ਼ਾਈ, ਘਾਹ ਦੀ ਸਮੇਂ ਸਿਰ ਕਟਾਈ ਅਤੇ ਬੂਟਿਆਂ ਨੂੰ ਨਿਯਮਿਤ ਰੂਪ ਵਿਚ ਪਾਣੀ ਦੇਣ ਦਾ ਕੰਮ ਹੁਣ ਬਿਨਾਂ ਕਿਸੇ ਦੇਰੀ ਦੇ ਸੁਚਾਰੂ ਢੰਗ ਨਾਲ ਹੋ ਸਕੇਗਾ। ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਮੁਹਾਲੀ ਨੂੰ ਇਕ ਸਾਫ਼, ਹਰਿਆ-ਭਰਿਆ ਅਤੇ ਵਿਸ਼ਵ ਪੱਧਰੀ ਸੁੰਦਰ ਸ਼ਹਿਰ ਬਣਾਉਣਾ ਹੈ। ਆਉਣ ਵਾਲੇ ਦਿਨਾਂ ਵਿਚ ਇਸ ਕੰਮ ’ਚ ਤੇਜ਼ੀ ਆਵੇਗੀ ਅਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਮਿਲਣਗੀਆਂ। ਸਰਬਜੀਤ ਸਿੰਘ ਸਮਾਣਾ, ਮੇਅਰ ਨਗਰ ਨਿਗਮ ਮੁਹਾਲੀ।