- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੰਜ ਹੀ ਸੈਕਟਰ-62, ਫੇਜ਼-7 ਤੇ ਫੇਜ਼-8 ਟ੍ਰੈਫਿਕ ਲਾਈਟ ਪੁਆਇੰਟ ਤੋਂ ਫੇਜ਼-8 ਅਤੇ ਫੇਜ਼-9 ਲਾਲ ਬੱਤੀ ਚੌਕ, ਨਾਲ ਲਗਦੀਆਂ ਗਰੀਨ ਬੈਲਟਾਂ ਅਤੇ ਅੰਦਰੂਨੀ ਸੜਕਾਂ ਤੱਕ ਬਾਗਬਾਨੀ ਦੇ ਕੰਮਾਂ, ਵਿਕਾਸ ਅਤੇ ਰੱਖ-ਰਖਾਓ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਬਾਵਾ ਵ੍ਹਾਈਟ ਹਾਊਸ ਤੋਂ 300 ਫੁੱਟ ਚੌੜੀ ਮੁਹਾਲੀ ਏਅਰਪੋਰਟ ਸੜਕ ਤੱਕ 164 ਫੁੱਟ ਚੌੜੀ ਸੜਕ ਦਾ ਅਗਲੇ ਤਿੰਨ ਸਾਲਾ ਲਈ ਰੱਖ-ਰਖਾਓ ਸਮੇਤ ਸਾਰੀਆਂ ਗਰੀਨ ਬੈਲਟਾਂ ਦਾ ਕੰਮ ਕੀਤਾ ਜਾਵੇਗਾ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੀਆਂ ਸਾਰੀਆਂ ਗਰੀਨ ਬੈਲਟਾਂ ਅਤੇ ਪਾਰਕਾਂ ਦੀ ਜਲਦੀ ਨੁਹਾਰ ਬਦਲਣ ਵਾਲੀ ਹੈ। ਇਸ ਸਬੰਧੀ ਗਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਵੱਲੋਂ ਸ਼ਹਿਰ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲਗਾਉਣ ਦੀ ਯੋਜਨਾ ਉਲੀਕੀ ਗਈ ਹੈ। ਜਿਸ ਦੇ ਤਹਿਤ ਮੁਹਾਲੀ ਏਅਰਪੋਰਟ ਸੜਕ ਦੀ ਗਰੀਨ ਪੱਟੀ ਸਮੇਤ ਸਮੁੱਚੇ ਸ਼ਹਿਰ ਅੰਦਰ ਸਾਰੀਆਂ ਗਰੀਨ ਬੈਲਟਾਂ ਅਤੇ ਪਾਰਕਾਂ ਦੀ ਨੁਹਾਰ ਬਦਲੀ ਜਾਵੇਗੀ। ਇਹ ਕੰਮ ਬਰਸਾਤਾਂ ਖ਼ਤਮ ਹੋਣ ਤੋਂ ਤੁਰੰਤ ਬਾਅਦ ਸ਼ੁਰੂ ਕੀਤਾ ਜਾਵੇਗਾ। ਅਥਾਰਟੀ ਦਾ ਦਾਅਵਾ ਹੈ ਕਿ ਇਹ ਪ੍ਰੋਜੈਕਟ ਮੁਕੰਮਲ ਹੋਣ ਤੋਂ ਬਾਅਦ ਮੁਹਾਲੀ ਟਰਾਈਸਿਟੀ ਦਾ ਸਭ ਤੋਂ ਖ਼ੂਬਸੁਰਤ ਸ਼ਹਿਰ ਨਜ਼ਰ ਆਵੇਗਾ।
ਇੱਥੇ ਇਹ ਦੱਸਣਯੋਗ ਹੈ ਕਿ ਮੁਹਾਲੀ ਸ਼ਹਿਰ ਦੀਆਂ ਜ਼ਿਆਦਾਤਰ ਸੜਕਾਂ, ਗਰੀਨ ਬੈਲਟਾਂ ਅਤੇ ਪਾਰਕਾਂ ਦੀ ਹਾਲਤ ਬੇਹੱਦ ਖ਼ਸਤਾ ਹੋ ਚੁੱਕੀ ਹੈ। ਜਿਸ ਕਾਰਨ ਸ਼ਹਿਰ ਦੀ ਖ਼ੂਬਸੂਰਤੀ ਅਤੇ ਵਿਕਾਸ ਨੂੰ ਗ੍ਰਹਿਣ ਲੱਗਾ ਹੋਇਆ ਹੈ। ਗਰੀਨ ਬੈਲਟਾਂ ਦਾ ਨਾਮੋ ਨਿਸ਼ਾਨ ਮਿੱਟਦਾ ਜਾ ਰਿਹਾ ਹੈ ਅਤੇ ਪਾਰਕਾਂ ਵਿਚ ਮੀਂਹ ਦਾ ਪਾਣੀ ਖੜ੍ਹਾ ਹੈ। ਲੇਕਿਨ ਹੁਣ ਸਰਕਾਰ ਦੀ ਇਸ ਪਹਿਲਕਦਮੀ ਨਾਲ ਸ਼ਹਿਰ ਵਾਸੀਆਂ ਨੂੰ ਕੁੱਝ ਮਿਲਣ ਦੀ ਆਸ ਬੱਝਦੀ ਨਜ਼ਰ ਆ ਰਹੀ ਹੈ।
ਗਮਾਡਾ ਨੇ ਮੁਹਾਲੀ ਸ਼ਹਿਰ ਦੀ ਖ਼ੂਬਸੂਰਤੀ ਅਤੇ ਬਾਗਬਾਨੀ ਦੇ ਕੰਮਾਂ ਲਈ ਟੈਂਡਰ ਨੋਟਿਸ ਜਾਰੀ ਕੀਤਾ ਹੈ। ਸ਼ਹਿਰ ਦੀ ਸੁੰਦਰਤਾ ਅਤੇ ਬਾਗਬਾਨੀ ਦੇ ਵਿਕਾਸ ਲਈ ਇਹ ਟੈਂਡਰ ਨੋਟਿਸ ਡਿਵੀਜ਼ਨਲ ਇੰਜੀਨੀਅਰ (ਐੱਚ-1) ਗਮਾਡਾ ਵੱਲੋਂ ਜਾਰੀ ਕੀਤਾ ਗਿਆ ਹੈ। ਮੁਹਾਲੀ ਦੇ ਸੈਕਟਰ-76 ਤੇ ਸੈਕਟਰ-77 ਅਤੇ ਸੈਕਟਰ-88 ਤੇ ਸੈਕਟਰ-89 ਜੰਕਸ਼ਨ ਤੋਂ ਰੇਲਵੇ ਲਾਈਨ ਤੱਕ ਸੈਕਟਰ ਵੰਡਣ ਵਾਲੀਆਂ ਸੜਕਾਂ ਉੱਤੇ 3 ਸਾਲਾਂ ਦੇ ਰੱਖ-ਰਖਾਓ ਸਮੇਤ ਬਾਗਬਾਨੀ ਦਾ ਕੰਮ ਕੀਤਾ ਜਾਵੇਗਾ।
ਇੰਜ ਹੀ ਸੈਕਟਰ-62, ਫੇਜ਼-7 ਤੇ ਫੇਜ਼-8 ਟ੍ਰੈਫਿਕ ਲਾਈਟ ਪੁਆਇੰਟ ਤੋਂ ਫੇਜ਼-8 ਅਤੇ ਫੇਜ਼-9 ਲਾਲ ਬੱਤੀ ਚੌਕ, ਨਾਲ ਲਗਦੀਆਂ ਗਰੀਨ ਬੈਲਟਾਂ ਅਤੇ ਅੰਦਰੂਨੀ ਸੜਕਾਂ ਤੱਕ ਬਾਗਬਾਨੀ ਦੇ ਕੰਮਾਂ, ਵਿਕਾਸ ਅਤੇ ਰੱਖ-ਰਖਾਓ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਬਾਵਾ ਵ੍ਹਾਈਟ ਹਾਊਸ ਤੋਂ 300 ਫੁੱਟ ਚੌੜੀ ਮੁਹਾਲੀ ਏਅਰਪੋਰਟ ਸੜਕ ਤੱਕ 164 ਫੁੱਟ ਚੌੜੀ ਸੜਕ ਦਾ ਅਗਲੇ ਤਿੰਨ ਸਾਲਾ ਲਈ ਰੱਖ-ਰਖਾਓ ਸਮੇਤ ਸਾਰੀਆਂ ਗਰੀਨ ਬੈਲਟਾਂ ਦਾ ਕੰਮ ਕੀਤਾ ਜਾਵੇਗਾ।
ਆਈਟੀ ਸਿਟੀ ਮੁਹਾਲੀ ਦੀਆਂ ਸਾਰੀਆਂ ਅੰਦਰੂਨੀ ਸੜਕਾਂ ਦੀ ਵੀ ਅਗਲੇ ਤਿੰਨ ਸਾਲਾ ਦੇ ਰੱਖ-ਰਖਾਓ ਸਮੇਤ ਪੂਰੇ ਇਲਾਕੇ ਨੂੰ ਹਰਿਆ-ਭਰਿਆ ਬਣਾਉਣ ਲਈ ਪੌਦੇ ਲਗਾਉਣ ਦਾ ਕੰਮ ਕੀਤਾ ਜਾਵੇਗਾ। ਸੈਕਟਰ-67 ਦੇ ਐੱਨ-ਐੱਚ ਚੋਅ ਵਿਚ ਤਿੰਨ ਸਾਲਾਂ ਦੇ ਰੱਖ-ਰਖਾਓ ਸਮੇਤ ਬਾਗਬਾਨੀ ਦਾ ਕੰਮ ਸ਼ਾਮਲ ਹੈ। ਪੀਆਰ-7 ਸੜਕ ਉੱਤੇ ਜੰਕਸ਼ਨ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਸਮੇਤ ਸੈਕਟਰ-68/69/78/79 ਅਤੇ ਸੈਕਟਰ-67/68/79/80 ਦਾ ਰੱਖ-ਰਖਾਓ ਯਕੀਨੀ ਬਣਾਉਣ ਸਮੇਤ ਗਰੀਨ ਬੈਲਟਾਂ ਨੂੰ ਵਿਕਸਤ ਕੀਤਾ ਜਾਣਾ। ਇਸ ਸਬੰਧੀ ਗਮਾਡਾ ਨੇ ਆਨਲਾਈਨ ਬੋਲੀਆਂ (ਈ-ਟੈਂਡਰ) ਦੀ ਮੰਗ ਕੀਤੀ ਹੈ।
ਗਮਾਡਾ ਦੇ ਪਬਲਿਕ ਨੋਟਿਸ ਮੁਤਾਬਕ ਉਪਰੋਕਤ ਕੰਮ ਕਰਨ ਦੇ ਚਾਹਵਾਨ ਠੇਕੇਦਾਰਾਂ ਅਤੇ ਪ੍ਰਾਈਵੇਟ ਫਰਮਾਂ ਨੂੰ ਕ੍ਰਮਵਾਰ 19 ਅਗਸਤ ਅਤੇ 24 ਅਗਸਤ ਨੂੰ ਦੁਪਹਿਰ 12 ਵਜੇ ਤੱਕ ਆਨਲਾਈਨ ਵਿਚ ਹਿੱਸਾ ਲੈ ਸਕਦੇ ਹਨ। ਇਨ੍ਹਾਂ ਟੈਂਡਰਾਂ ਬਾਰੇ ਹੋਰ ਵਧੇਰੇ ਜਾਣਕਾਰੀ ਜਾਂ ਆਨਲਾਈਨ ਬੋਲੀ ਲਈ ਇੱਛੁਕ ਠੇਕੇਦਾਰ ਅਧਿਕਾਰਤ ਸਰਕਾਰੀ ਵੈੱਬਸਾਈਟ ਉੱਤੇ ਲੌਗਇਨ ਕਰ ਸਕਦੇ ਹਨ।